5 ਸਾਲ ਚਿੱਟੇ 'ਚ ਡੁੱਬਿਆ ਰਿਹਾ ਨੈਸ਼ਨਲ ਖਿਡਾਰੀ ਹੁਣ ਬਣਿਆ 'ਗੁਰੂ ਦਾ ਸਿੱਖ' (ਵੀਡੀਓ)

Monday, Jan 13, 2020 - 03:33 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਨਸ਼ਾ ਇਕ ਅਜਿਹਾ ਕੋਹੜ ਹੈ, ਜਿਸ ਨੇ ਨਾ ਤਾਂ ਕਿਸੇ ਵੱਡੇ ਖਿਡਾਰੀਆਂ ਨੂੰ ਛੱਡਿਆ ਅਤੇ ਨਾ ਹੀ ਕਿਸੇ ਨੌਜਵਾਨ ਨੂੰ। ਅਜੌਕੇ ਸਮੇਂ 'ਚ ਹਰ ਸ਼ਖਸ ਨਸ਼ੇ ਦੀ ਲਪੇਟ 'ਚ ਆਇਆ ਹੋਇਆ ਹੈ। ਉਕਤ ਲੋਕਾਂ 'ਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੇ ਨਸ਼ੇ ਦੇ ਦਲਦਲ 'ਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਲਿਆ। ਅਜਿਹਾ ਇਕ ਮਾਮਲਾ ਅਬੋਹਰ ਹਲਕੇ ਦਾ ਸਾਹਮਣੇ ਆਇਆ ਹੈ, ਜਿਥੇ ਇਕ ਨੈਸ਼ਨਲ ਵਾਲੀਬਾਲ ਖਿਡਾਰੀ ਨੇ ਆਪਣੀ ਜ਼ਿੰਦਗੀ ਦੇ 5 ਸਾਲ ਨਸ਼ੇ 'ਚ ਗੁਜ਼ਾਰ ਦਿੱਤੇ ਅਤੇ ਹੁਣ ਉਹ ਇਸ ਕੋਹੜ ਤੋਂ ਬਾਹਰ ਨਿਕਲ ਚੁੱਕਾ ਹੈ। ਪਿੰਡ ਭਾਗੂ ਦੇ ਰਹਿਣ ਵਾਲੇ ਸਮੁੰਦਰ ਸਿੰਘ ਨਾਮਕ ਨੌਜਵਾਨ ਨੇ ਨਸ਼ੇ ਦੇ ਕੋਹੜ ਨੂੰ ਛੱਡ ਅੰਮ੍ਰਿਤਧਾਰੀ ਸਿੱਖ ਬਣ ਕੇ ਮਿਸਾਲ ਕਾਇਮ ਕਰ ਦਿੱਤੀ ਹੈ। ਉਕਤ ਨੌਜਵਾਨ ਹੁਣ ਨੈਸ਼ਨਲ ਵਾਲੀਬਾਲ ਦਾ ਖਿਡਾਰੀ ਹੈ।

PunjabKesari

ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਸਮੁੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਵਾਲੀਬਾਲ ਖੇਡਣ ਦਾ ਸ਼ੌਂਕ ਸੀ। ਕੌਮੀ ਪੱਧਰ ਦੇ ਕਈ ਮੁਕਾਬਲੇ ਖੇਡ ਕੇ ਉਸ ਨੇ ਕਈ ਸੋਨੇ ਦੇ ਤਮਗੇ ਜਿੱਤੇ। ਇਕ ਸਮਾਂ ਅਜਿਹਾ ਆਇਆ, ਜਦੋਂ ਸਮੁੰਦਰ ਸਿੰਘ ਨੂੰ ਨੌਕਰੀ ਨਹੀਂ ਮਿਲੀ, ਜਿਸ ਕਾਰਨ ਉਹ ਨਸ਼ਾ ਕਰਨ ਲੱਗ ਪਿਆ। ਨਸ਼ੇ ਦੀ ਇਸ ਆਦਤ ਨੇ ਉਸ ਦੀ ਜ਼ਮੀਨ ਤੱਕ ਵਿਕਾ ਦਿੱਤੀ ਅਤੇ ਪਰਿਵਾਰ ਵਾਲਿਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹੀ ਨਹੀਂ ਨਸ਼ੇ ਦੀ ਪੂਰਤੀ ਨਾ ਹੋਣ 'ਤੇ ਉਸ ਨੇ ਆਪਣੇ ਘਰ ਤੱਕ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸਮੁੰਦਰ ਨੂੰ ਨਸ਼ੇ ਦੇ ਕੋਹੜ 'ਚੋਂ ਬਾਹਰ ਕੱਢਣ ਲਈ ਉਸ ਦੀ ਪਤਨੀ ਤੇ ਉਸਦੇ ਦੋਸਤ ਨੇ ਉਸਦੀ ਬਹੁਤ ਮਦਦ ਕੀਤੀ, ਜਿਸ ਸਦਕਾ ਉਹ ਅੱਜ ਮੁੜ ਤੋਂ ਆਪਣੇ ਪਰਿਵਾਰ 'ਚ ਚੰਗਾ ਵਿਚਰ ਰਿਹਾ ਹੈ। ਦੱਸ ਦੇਈਏ ਕਿ ਸਮੁੰਦਰ ਸਿੰਘ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣ ਕੇ ਉਭਰ ਰਿਹਾ ਹੈ, ਜੋ ਨਸ਼ੇ ਨੂੰ ਛੱਡਣਾ ਤਾਂ ਚਾਹੁੰਦੇ ਨੇ ਪਰ ਛੱਡ ਨਹੀਂ ਪਾ ਰਹੇ।  


author

rajwinder kaur

Content Editor

Related News