ਕੈਪਟਨ ਵਲੋਂ ਡੀ. ਸੀ. ਫਾਜ਼ਿਲਕਾ ਦਾ ਡ੍ਰੈਸ ਕੋਡ ਵਾਲਾ ਹੁਕਮ ਰੱਦ

07/28/2019 12:11:44 AM

ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਰ ਰਾਤ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵਲੋਂ ਮੁਲਾਜ਼ਮਾਂ ਲਈ 'ਡ੍ਰੈਸ ਕੋਡ' ਲਾਗੂ ਕਰਨ ਦੇ ਹੁਕਮ ਰੱਦ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ, ਆਈ. ਏ. ਐਸ. ਨੇ ਮੁਲਾਜ਼ਮ ਯੂਨੀਅਨ ਦੀ ਅਪੀਲ 'ਤੇ ਲਿਖਤੀ ਹੁਕਮ ਜਾਰੀ ਕੀਤੇ ਸਨ। ਜਿਨ੍ਹਾਂ ਨੇ ਦਫ਼ਤਰੀ ਸਟਾਫ ਲਈ ਰਸਮੀ ਪਹਿਰਾਵਾ ਨਿਰਧਾਰਤ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਗੈਰ-ਰਸਮੀ ਪਹਿਰਾਵਾ ਬੇਲੋੜਾ ਪ੍ਰਤੀਤ ਹੁੰਦਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਜੇਕਰ ਲੋੜ ਹੈ ਤਾਂ ਮੁਲਾਜ਼ਮ ਯੂਨੀਅਨ ਦੀ ਮੰਗ ਅਗਲੇਰੀ ਕਾਰਵਾਈ ਲਈ ਸੂਬਾ ਸਰਕਾਰ ਨੂੰ ਭੇਜੀ ਜਾਵੇ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫ਼ਤਰ 'ਚ ਇਸ ਢੰਗ ਨਾਲ ਡ੍ਰੈਸ ਕੋਡ ਲਾਗੂ ਕਰਨਾ ਸੰਭਵ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਦਫ਼ਤਰ 'ਚ ਸ਼ਿਸ਼ਟਾਚਾਰ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਹੋਰ ਰਾਹ ਲੱਭੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਲਈ ਕੋਈ ਵੀ ਡ੍ਰੈਸ ਕੋਡ ਨਹੀਂ ਹੈ, ਜਿਸ ਕਰਕੇ ਇਕ ਜ਼ਿਲ੍ਹੇ ਦੇ ਮੁਲਾਜ਼ਮਾਂ ਪਾਸੋਂ ਕੋਈ ਵੀ ਡ੍ਰੈਸ ਕੋਡ ਅਪਣਾਉਣ ਦੀ ਆਸ ਕਰਨਾ ਮੁਨਾਸਬ ਨਹੀਂ। ਡਿਪਟੀ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ 29 ਜੁਲਾਈ ਤੋਂ ਪੁਰਸ਼ ਮੁਲਾਜ਼ਮ ਟੀ. ਸ਼ਰਟ ਨਹੀਂ ਪਹਿਨਣਗੇ ਅਤੇ ਮਹਿਲਾ ਮੁਲਾਜ਼ਮਾਂ ਨੂੰ ਦੁਪੱਟਾ ਲੈਣਾ ਹੋਵੇਗਾ।


Related News