ਰਾਜਸਥਾਨ ''ਚ ਫਸੇ 29 ਲੋਕਾਂ ਨੂੰ ਫਾਜ਼ਿਲਕਾ ਬਾਰਡਰ ਪਾਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ
Wednesday, Apr 01, 2020 - 12:43 AM (IST)
![ਰਾਜਸਥਾਨ ''ਚ ਫਸੇ 29 ਲੋਕਾਂ ਨੂੰ ਫਾਜ਼ਿਲਕਾ ਬਾਰਡਰ ਪਾਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ](https://static.jagbani.com/multimedia/2020_4image_00_43_331813878dddsss.jpg)
ਅੰਮ੍ਰਿਤਸਰ,(ਦਲਜੀਤ ਸ਼ਰਮਾ)- ਰਾਜਸਥਾਨ 'ਚ ਫਸੇ ਪੰਜਾਬ ਦੇ 29 ਲੋਕਾਂ ਨੂੰ ਰਾਤ 2:30 ਵਜੇ ਫਾਜ਼ਿਲਕਾ ਬਾਰਡਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ । ਸਿਹਤ ਵਿਭਾਗ ਵੱਲੋਂ ਇਨ੍ਹਾਂ ਲੋਕਾਂ ਦੀ ਨਾਰਾਇਣਗੜ੍ਹ ਸਥਿਤ ਯੂ. ਪੀ. ਐਚ. ਸੀ. 'ਚ ਬਣਾਏ ਗਏ ਕੁਆਰਿੰਟਾਈਨ ਸੈਂਟਰ ਵਿਚ ਸਕਰੀਨਿੰਗ ਕਰਨ ਦੇ ਉਪਰੰਤ ਉਨ੍ਹਾਂ ਨੂੰ ਘਰਾਂ 'ਚ ਹੀ 14 ਦਿਨਾਂ ਲਈ ਕੁਆਰਿੰਟਾਈਨ ਕਰਨ ਦੇ ਨਿਰਦੇਸ਼ ਦਿੱਤੇ ਗਏ । ਵਿਭਾਗ ਨੇ ਉਕਤ ਲੋਕਾਂ ਨੂੰ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਨੇ ਕੁਆਰਿੰਟਾਈਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਅੰਮ੍ਰਿਤਸਰ ਨਾਲ ਸਬੰਧਤ ਪਿੰਡ ਵਿਚ ਰਹਿਣ ਵਾਲੇ ਇਨ੍ਹਾਂ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦਾ ਫਿਲਹਾਲ ਕੋਈ ਵੀ ਲੱਛਣ ਨਹੀਂ ਪਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ 29 ਲੋਕ ਰਾਜਸਥਾਨ ਵਿਚ ਕੰਮ ਕਰਨ ਗਏ ਸਨ ਪਰ ਕਰਫਿਊ ਲੱਗਾ ਹੋਣ ਦੇ ਕਾਰਨ ਇਹ ਲੋਕ ਰਾਜਸਥਾਨ ਫਾਜ਼ਿਲਕਾ ਬਾਰਡਰ 'ਤੇ ਫਸ ਗਏ ਸਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਰਾਤ 2:30 ਵਜੇ ਇਨ੍ਹਾਂ ਨੂੰ ਨਾਰਾਇਣਗੜ੍ਹ ਤੋਂ ਯੂ. ਪੀ. ਐਸ. ਸੀ. ਵਿਚ ਬਣੇ ਕੁਆਰਿੰਟਾਈਨ ਸੈਂਟਰ ਵਿਚ ਲਿਆਂਦਾ ਗਿਆ । ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਵੱਲੋਂ ਰਾਤ ਨੂੰ ਪਹੁੰਚ ਕੇ ਸਾਰੇ ਮੁਸਾਫਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੇ ਸਕਰੀਨਿੰਗ ਕਰਵਾਈ ਗਈ । ਜਾਂਚ ਵਿਚ ਕਿਸੇ ਵੀ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਸੰਬੰਧ ਵਿਚ ਲੱਛਣ ਨਾ ਪਾਇਆ ਗਿਆ ਹੈ । ਸਿਵਲ ਸਰਜਨ ਨੇ ਕਿਹਾ ਕਿ ਉਕਤ ਲੋਕਾਂ ਨੂੰ ਰਾਤ 2:30 ਵਜੇ ਨਾਰਾਇਣਗੜ੍ਹ ਦੇ ਯੂ. ਪੀ. ਐਸ. ਸੀ ਸੈਂਟਰ ਵਿਚ ਰੱਖਿਆ ਗਿਆ ਸੀ । ਇਨ੍ਹਾਂ ਦੀ ਮੈਡੀਕਲ ਜਾਂਚ ਹੋਈ ਅਤੇ ਸਟੈਂਪ ਆਦਿ ਲਗਾਕੇ ਇਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ । ਇਨ੍ਹਾਂ ਨੂੰ ਸਾਫ਼ ਕਿਹਾ ਗਿਆ ਹੈ ਕਿ ਜੇਕਰ ਘਰਾਂ ਤੋਂ ਬਾਹਰ ਨਿਕਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ, ਲੋਕਾਂ ਨੂੰ ਘਰਾਂ ਵਿਚ ਰਹਿ ਕੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ।