ਫਾਜ਼ਿਲਕਾ ’ਚ ਲੱਗੀ ਕਿੰਨੂ ਦੇ ਫਲ ਦੀ ਬਹਾਰ

02/03/2020 1:05:06 PM

ਫਾਜ਼ਿਲਕਾ (ਨਾਗਪਾਲ) - ਇਲਾਕੇ ’ਚ ਇਨ੍ਹੀਂ ਦਿਨੀਂ ਕਿੰਨੂ ਦੇ ਫਲ ਦੀ ਬਹਾਰ ਹੈ। ਫਲਾਂ ਲਈ ਜ਼ਿਆਦਾਤਰ ਰੇਹੜੀਆਂ ’ਤੇ ਕਿੰਨੂ ਵਿੱਕ ਰਿਹਾ ਹੈ ਅਤੇ ਲੋਕ ਇਸ ਦੀ ਖੂਬ ਵਰਤੋਂ ਕਰ ਰਹੇ ਹਨ ਅਤੇ ਰਸ ਪੀ ਰਹੇ ਹਨ। ਕਿੰਨੂ ਫਲ ਨਵੰਬਰ ਮਹੀਨੇ ਦੇ ਅੱਧ ’ਚ ਬਾਜ਼ਾਰ ’ਚ ਆ ਜਾਂਦਾ ਹੈ, ਜੋ ਮਾਰਚ ਮਹੀਨੇ ਦੇ ਅੱਧ ਤੱਕ ਚਲਦਾ ਹੈ। ਅਕਸਰ ਜਨਵਰੀ ਅਤੇ ਫਰਵਰੀ ਮਹੀਨੇ ’ਚ ਆਉਣ ਵਾਲੇ ਕਿੰਨੂ ’ਚ ਮਿਠਾਸ ਅਤੇ ਰਸ ਭਰਿਆ ਹੁੰਦਾ ਹੈ।

ਕਿੰਨੂ ਦਾ ਇਤਿਹਾਸ, ਪੰਜਾਬ ਅਤੇ ਇਸ ਇਲਾਕੇ ’ਚ ਇਸ ਦੀ ਆਮਦ
ਕਿੰਨੂ, ਸੰਤਰੇ ਦੀ ਕਿੰਗ ਅਤੇ ਵਿਲੋਲੀਫ ਕਿਸਮਾਂ ਦੀ ਹਾਈਬ੍ਰਿਡ ਹੈ, ਜੋ 1935 ’ਚ ਕੈਲੀਫੋਰਨੀਆ ਅਮਰੀਕਾ ’ਚ ਵਿਕਸਤ ਹੋਇਆ ਸੀ। ਇਸ ਦਾ ਨਾਂ ਕਿੰਨੂ ਸੰਤਰੇ ਦੀ ਕਿੰਗ ਵੈਰਾਇਟੀ ਦੇ ਪਹਿਲੇ 3 ਅੱਖਰਾਂ ਕੇ. ਆਈ. ਐੱਨ ਅਤੇ ਵਿਲੋਲੀਫ ਅਤੇ ਅੱਖਰ ਓ. ਡਬਲਊ. ਨੂੰ ਜੋੜ ਕੇ ਬਣਿਆ ਹੈ। ਪੰਜਾਬ ’ਚ ਸਭ ਤੋਂ ਪਹਿਲਾਂ ਇਸ ਦਾ ਬੂਟਾ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਲੈ ਕੇ ਆਏ ਸਨ। 4 ਦਹਾਕੇ ਪਹਿਲਾਂ ਫਾਜ਼ਿਲਕਾ ਅਬੋਹਰ ਇਲਾਕੇ ’ਚ ਕਿੰਨੂ ਦੇ ਬਾਗ ਲਾਉਣ ਦੀ ਸ਼ੁਰੂਆਤ ਅਬੋਹਰ ਇਲਾਕੇ ਤੋਂ ਆਪਣਾ ਸਿਆਸੀ ਕੈਰੀਅਰ ਸ਼ੁਰੂ ਕਰਨ ਵਾਲੇ ਭਾਰਤ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਲੋਕ ਸਭਾ ਦੇ ਸਪੀਕਰ ਰਹੇ ਕ੍ਰਿਸ਼ੀ ਪੰਡਤ ਦੀ ਉਪਾਧੀ ਨਾਲ ਸਨਮਾਨਤ ਸਵਰਗਵਾਸੀ ਚੌ. ਬਲਰਾਮ ਜਾਖੜ ਨੇ ਕੀਤੀ।

PunjabKesari

ਅਬੋਹਰ ’ਚ ਸਥਿਤ ਪੰਜਾਬ ਖੇਤੀ ਯੂਨੀਵਰਸਿਟੀ ਦੇ ਰਿਜਨਲ ਫਰੂਟ ਰਿਸਰਚ ਸੈਂਟਰ ਅਤੇ ਬਾਗਵਾਨੀ ਵਿਭਾਗ ਨੇ ਇਸ ਇਲਾਕੇ ’ਚ ਇਸ ਫਲ ਨੂੰ ਵਧਾਉਣ ’ਚ ਆਪਣਾ ਯੋਗਦਾਨ ਪਾਇਆ। ਫਾਜ਼ਿਲਕਾ ਇਲਾਕੇ ’ਚ ਪਹਿਲੀ ਵਾਰ 1976 ’ਚ ਉਪਮੰਡਲ ਦੇ ਪਿੰਡ ਘੜਿਆਣੀ ’ਚ ਅਗਾਂਹਵਧੂ ਕਿਸਾਨ ਅਤੇ ਪੰਜਾਬ ’ਚ ਕਿੰਨੂ ਕਿੰਗ ਦੇ ਨਾਂ ਨਾਲ ਮਸ਼ਹੂਰ ਪ੍ਰੇਮ ਬੱਬਰ ਵਲੋਂ ਬਾਗ ਲਵਾਇਆ ਗਿਆ। 1981 ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿੰਨੂ ਦਾ ਵਿਸਤਾਰ ਕਰਨ ਲਈ ਕਿੰਨੂ ਫੀਲਡ ਦਿਹਾੜਾ ਮਨਾਏ, ਜਿਸ ਮਗਰੋਂ ਖੇਤੀ ਯੂਨੀਵਰਸਿਟੀ, ਬਾਗਵਾਨੀ ਵਿਭਾਗ ਅਤੇ ਨੈਸ਼ਨਲ ਬਾਗਵਾਨੀ ਮਿਸ਼ਨ ਦੀਆਂ ਕੋਸ਼ਿਸ਼ਾਂ ਨਾਲ ਇਸ ਇਲਾਕੇ ’ਚ ਬਾਗਾਂ ਦਾ ਵਿਸਤਾਰ ਹੋਇਆ। ਇਸ ਸਮੇਂ ਫਾਜ਼ਿਲਕਾ ਜ਼ਿਲੇ ’ਚ ਕਰੀਬ 32,953 ਹੈਕਟੇਅਰ ਜ਼ਮੀਨ ’ਚ ਕਰੀਬ 4500 ਕਿੰਨੂ ਦੇ ਬਾਗ ਹਨ, ਜਿਨ੍ਹਾਂ ’ਚ ਵਧੀਆ ਕੁਆਲਿਟੀ ਦੇ ਕਿੰਨੂ ਦੀ ਪੈਦਾਵਾਰ ਹੁੰਦੀ ਹੈ।

ਕਦੋਂ ਅਤੇ ਕਿਸ ਤਰ੍ਹਾਂ ਨਾਲ ਹੁੰਦੀ ਹੈ ਕਿੰਨੂ ਦੀ ਪੈਦਾਵਾਰ
ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਅਕਸਰ ਜੁਲਾਈ ਅਤੇ ਅਗਸਤ ਮਹੀਨਿਆਂ ਦਾ ਹੁੰਦਾ ਹੈ। ਇਸ ਦੀ ਸਿੰਚਾਈ ਨਹਿਰੀ ਪਾਣੀ ਤੋਂ ਹੁੰਦੀ ਹੈ, ਕਿਉਂਕਿ ਇਸ ਇਲਾਕੇ ’ਚ ਜ਼ਿਆਦਾਤਰ ਜ਼ਮੀਨ ਹੇਠਲਾ ਪਾਣੀ ਖਾਰਾ ਹੈ, ਜੋ ਕਿੰਨੂਆਂ ਦੇ ਬੂਟਿਆਂ ਲਈ ਸਹੀ ਨਹੀਂ। ਕਿੰਨੂ ਦਾ ਬੂਟਾ ਲਾਉਣ ਤੋਂ ਕਰੀਬ 3 ਸਾਲ ਬਾਅਦ ਫਲ ਦੇਣਾ ਸ਼ੁਰੂ ਕਰਦਾ ਹੈ। ਸ਼ੁਰੂ ਦੇ ਦੌਰ ’ਚ ਬੂਟਿਆਂ ’ਤੇ ਫਲ ਘੱਟ ਲੱਗਣ ਕਾਰਣ ਆਮਦਨ ਘੱਟ ਹੁੰਦੀ ਹੈ, ਜੋ ਕਿ ਕੁਝ ਸਾਲਾਂ ਬਾਅਦ ਵੱਧ ਜਾਂਦੀ ਹੈ। ਕਿੰਨੂ ਦੇ ਬੂਟੇ ਦੀ ੳੁਮਰ 30 ਤੋਂ 35 ਸਾਲ ਹੁੰਦੀ ਹੈ। ਫਲ ਦੇਣ ਵਾਲੇ ਬੂਟਿਆਂ ’ਤੇ ਮਾਰਚ-ਅਪ੍ਰੈਲ ਮਹੀਨਿਆਂ ’ਚ ਫੁੱਲ ਲੱਗਣ ਮਗਰੋਂ ਫਲ ਲਗਣਾ ਸ਼ੁਰੂ ਹੋ ਜਾਂਦਾ ਹੈ। ਫਲ ਨੂੰ ਪਕਾਉਣ ਲਈ ਸਾਲ ’ਚ ਕਰੀਬ 1 ਦਰਜਨ ਵਾਰੀ ਸਪ੍ਰੇਅ ਕਰਨੀ ਪੈਂਦੀ ਹੈ ਅਤੇ 2 ਵਾਰ ਖਾਦ ਪਾਉਣੀ ਪੈਂਦੀ ਹੈ। ਇਕ ਏਕਡ਼ ਕਿੰਨੂ ਦੇ ਬਾਗ ’ਤੇ ਕਰੀਬ 25 ਤੋਂ 30,000 ਰੁਪਏ ਖਰਚ ਕਰਨੇ ਪੈਂਦੇ ਹਨ, ਜਦਕਿ ਚੰਗੇ ਬਾਗ ’ਤੇ ਖਰਚ ਦੇ ਮੁਕਾਬਲੇ ਦੋ ਤੋਂ ਢਾਈ ਗੁਣਾ ਤੱਕ ਆਮਦਨ ਹੋ ਜਾਂਦੀ ਹੈ। ਕਿੰਨੂ ਨੂੰ ਲੱਗਣ ਵਾਲੀਆਂ ਬੀਮਾਰੀਆਂ ’ਚੋਂ ਜੜ੍ਹ ’ਚ ਫੰਗਸ ਲੱਗਣ ਦੀ ਬੀਮਾਰੀ ਜਿਸ ਨੂੰ ਫਾਈਟੋਫੋਰਾ ਕਿਹਾ ਜਾਂਦਾ ਹੈ ਅਤੇ ਸਿਟਰਸ ਸੀਲਾ ਕੀੜਾ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਖੇਤੀ ਯੂਨੀਵਰਸਿਟੀ ਨੇ ਸੋਧ ਕਰ ਇਸ ਦੇ ਕਾਬੂ ਲਈ ਕੁਝ ਦਵਾਈਆਂ ਸੁਝਾਈਆਂ ਹਨ, ਜੋ ਵਿਭਾਗ ਵਲੋਂ ਅਤੇ ਬਾਜ਼ਾਰ ’ਚ ਮੁਹੱਈਆ ਹੁੰਦੀਆਂ ਹਨ। ਕਿੰਨੂ ਕਿੰਗ ਪ੍ਰੇਮ ਬੱਬਰ ਦਾ ਕਹਿਣਾ ਹੈ ਕਿ ਕਿੰਨੂ ਫਲ ਨੂੰ ਘੱਟ ਤੋਂ ਘੱਟ ਬੀਮਾਰੀਆਂ ਲੱਗਣ, ਇਸ ਲਈ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਨਰਸਰੀਆਂ ’ਤੇ ਕਿੰਨੂ ਦੇ ਵਾਇਰਸ ਫ੍ਰੀ ਬੂਟੇ ਮੁਹੱਈਆ ਕਰਵਾਏ ਜਾਣ।

PunjabKesari

ਕਿੰਨੂ ਦੀ ਮਾਰਕੀਟਿੰਗ
ਇਸ ਇਲਾਕੇ ਦਾ ਕਿੰਨੂ ਭਾਰਤ ਦੇ ਵੱਖ-ਵੱਖ ਸੂਬਿਆਂ ਆਂਧਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਗੁਜਰਾਤ ’ਚ ਜਾਂਦਾ ਹੈ। ਅਕਸਰ ਵਧੀਆ ਕਿੰਨੂ ਦਾ ਜੀਵਨ 4-5 ਦਿਨਾਂ ਦਾ ਹੁੰਦਾ ਹੈ ਅਤੇ ਜੇਕਰ ਇਸ ਦੀ ਵੈਕਸਿੰਗ ਕਰ ਦਿੱਤੀ ਜਾਵੇ ਤਾਂ ਇਹ 2 ਹਫਤਿਆਂ ਤੋਂ ਵੱਧ ਸਮੇਂ ਤੱਕ ਚਲ ਜਾਂਦਾ ਹੈ। ਫਾਜ਼ਿਲਕਾ ਜ਼ਿਲੇ ’ਚ ਕਰੀਬ 40 ਵੈਕਸਿੰਗ ਪਲਾਂਟ ਲੱਗੇ ਹਨ, ਜਿਥੇ ਪਹਿਲਾਂ ਕਿੰਨੂ ਸਾਫ ਹੁੰਦਾ ਹੈ, ਫਿਰ ਸੁਖਾਇਆ ਜਾਂਦਾ ਹੈ ਅਤੇ ਉਸ ਮਗਰੋਂ ਉਸ ’ਤੇ ਵੈਕਸ ਲਾਈ ਜਾਂਦੀ ਹੈ, ਜਿਸ ਤੋਂ ਬਾਅਦ ਕਿੰਨੂ ਦੀ ਕੁਆਲਿਟੀ ਮੁਤਾਬਕ ਉਸ ਦੀ ਗ੍ਰੇਡਿੰਗ ਹੁੰਦੀ ਹੈ। ਇਹ ਸਾਰਾ ਪ੍ਰੋਸੈਸ ਆਟੋਮੈਟਿਕ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਠੇਕੇਦਾਰਾਂ ਵਲੋਂ ਕਿੰਨੂ ਦੀ ਸਫਾਈ ਅਤੇ ਗ੍ਰੇਡਿੰਗ ਲਈ ਮਸ਼ੀਨਾਂ ਲੱਗੀਆਂ ਹੋਈਆਂ ਹਨ, ਜਿਸ ਦੀ ਮਾਰਕੀਟਿੰਗ ਸੂਬੇ ’ਚ ਹੁੰਦੀ ਹੈ।

ਗ੍ਰੇਡਿੰਗ ਮਗਰੋਂ ਡਿੱਬਿਆਂ ਅਤੇ ਪੇਟੀਆਂ ’ਚ ਇਸ ਦੀ ਪੈਕਿੰਗ ਹੁੰਦੀ ਹੈ, ਜਿਥੋਂ ਇਸ ਨੂੰ ਟਰਾਂਸਪੋਰਟ ਦੇ ਸਾਧਨ ਰਾਹੀਂ ਵੱਖ-ਵੱਖ ਸੂਬਿਆਂ ਦੀਆਂ ਹੋਲ ਸੇਲ ਮੰਡੀਆਂ ’ਚ ਭੇਜਿਆ ਜਾਂਦਾ ਹੈ। ਇਸ ਇਲਾਕੇ ’ਚ ਵੈਕਸਿੰਗ ਪਲਾਂਟ ਲੱਗਣ ਨਾਲ ਜਿਥੇ ਵਪਾਰੀਆਂ ਦੀ ਕਮਾਈ ’ਚ ਵਾਧਾ ਹੋਇਆ ਹੈ, ਉਥੇ ਇਸ ਇਲਾਕੇ ’ਚ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਫਾਜ਼ਿਲਕਾ ਅਤੇ ਅਬੋਹਰ ਦੇ ਕਿੰਨੂ ਵਪਾਰੀ ਰੋਜ਼ਾਨਾ 100 ਤੋਂ ਵਧ ਟਰੱਕ ਵੱਖ-ਵੱਖ ਸੂਬਿਆਂ ਦੀਆਂ ਹੋਲ ਸੇਲ ਮੰਡੀਆਂ ’ਚ ਭੇਜ ਰਹੇ ਹਨ। ਕੋਲਕਾਤਾ ਤੋਂ ਇਸ ਇਲਾਕੇ ਦਾ ਭੇਜਿਆ ਕਿੰਨੂ ਬੰਗਲਾਦੇਸ਼ ਜਾਂਦਾ ਹੈ। ਇਸ ਤੋਂ ਇਲਾਵਾ ਦੁਬਈ ਅਤੇ ਰੂਸ ’ਚ ਵੀ ਭੇਜਿਆ ਜਾਂਦਾ ਹੈ।

ਮੌਸਮ ਅਤੇ ਦੇਸ਼ ਦੇ ਵੱਖ-ਵੱਖ ਭਾਗਾਂ ’ਚ ਹਾਲਤ ਖਰਾਬ ਹੋਣ ਕਾਰਨ ਆਸ ਮੁਤਾਬਕ ਨਹੀਂ ਹੋਇਆ ਆਰਥਕ ਫਾਇਦਾ
ਹਾਲਾਂਕਿ ਇਸ ਵਰ੍ਹੇ ਕਿੰਨੂ ਦੀ ਫਸਲ ਘੱਟ ਸੀ, ਜਿਸ ਕਾਰਨ ਨਵੰਬਰ ਅਤੇ ਦਸੰਬਰ ਮਹੀਨਿਆਂ ਲਈ ਬਾਗਾਂ ਦੇ ਠੇਕੇ 12 ਤੋਂ 21 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੋਏ ਸੀ। ਕਿੰਨੂ ਦੀ ਫਸਲ ਘੱਟ ਹੋਣ ਅਤੇ ਨਾਗਪੁਰ ਦੇ ਸੰਤਰੇ ਦੇ ਲੇਟ ਹੋਣ ਕਾਰਣ ਕਿੰਨੂ ਉਤਪਾਦਕਾਂ ਨੂੰ ਭਾਅ ਵਧ ਮਿਲਣ ਦੀ ਆਸ ਸੀ ਪਰ ਜਨਵਰੀ ਮਹੀਨੇ ’ਚ ਮੌਸਮ ਖਰਾਬ ਹੋਣ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸੀ. ਏ. ਏ. ਕਾਰਣ ਹਾਲਤ ਠੀਕ ਨਹੀਂ ਸੀ, ਜਿਸ ਕਾਰਣ ਜਿੰਨੀ ਆਸ ਸੀ, ਉਨਾ ਭਾਅ ਨਹੀਂ ਮਿਲ ਸਕਿਆ।

ਕਿੰਨੂ ਫਲ ਮਾਲੀ ਰੂਪ ਨਾਲ ਫਾਇਦੇਮੰਦ
ਇਸ ਫਲ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਲਈ ਖੇਤੀ ਯੂਨੀਵਰਸਿਟੀ, ਬਾਗਵਾਨੀ ਵਿਭਾਗ ਅਤੇ ਨੈਸ਼ਨਲ ਬਾਗਵਾਨੀ ਮਿਸ਼ਨ ਤਹਿਤ ਬਾਗਵਾਨਾਂ ਨੂੰ ਲੋੜੀਦੀਆਂ ਚੀਜ਼ਾਂ ’ਤੇ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਕਿੰਨੂ ਕਿੰਗ ਪ੍ਰੇਮ ਬੱਬਰ ਨੇ ਦੱਸਿਆ ਕਿ ਇਸ ਇਲਾਕੇ ਦਾ ਕਿੰਨੂ ਪੰਜਾਬ ’ਚ ਹਰ ਸਾਲ ਲਗਣ ਵਾਲੇ ਫਲਾਂ ਦੀ ਪ੍ਰਦਰਸ਼ਨੀ ’ਚ ਅਕਸਰ ਪਹਿਲਾ ਸਥਾਨ ਪ੍ਰਾਪਤ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਜ਼ਿਲਾ ਫਾਜ਼ਿਲਕਾ , ਅਬੋਹਰ ਅਤੇ ਹੁਸ਼ਿਆਰਪੁਰ ਵਿਖੇ ਕਰੋੜਾਂ ਰੁਪਏ ਦੇ ਮੁੱਲ ਨਾਲ ਸਥਾਪਿਤ ਮਲਟੀਫਰੂਟ ਅਤੇ ਵੈਜੀਟੇਬਲ ਪ੍ਰੋਸੈਸਿੰਗ ਪਲਾਂਟਾਂ ਨੂੰ ਸ਼ੁਰੂ ਕੀਤਾ ਜਾਵੇ ਅਤੇ ਕਿੰਨੂ ਉਤਪਾਦਕਾਂ ਨੂੰ ਸੀ ਅਤੇ ਡੀ ਗ੍ਰੇਡ ਕਿੰਨੂ ਖਰੀਦੇ ਜਾਣ ਤਾਂ ਕਿ ਕਿੰਨੂ ਉਤਪਾਦਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਕੁਝ ਦਿਨ ਪਹਿਲਾਂ ਅਬੋਹਰ ਇਲਾਕੇ ਦੇ ਸੀਤੋ ਗੁੰਨੋ ’ਚ ਲਾਇਆ ਗਿਆ ਆਧੁਨਿਕ ਪਲਾਂਟ ਕਿੰਨੂ ਉਤਪਾਦਕਾਂ ਲਈ ਸਹਾਈ ਹੋਵੇਗਾ। ਬੱਬਰ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਇਸ ਕੁਆਲਿਟੀ ਇੰਪਰੂਵ ਕਰਨ ਲਈ ਤਕਨੀਕ ਉੱਨਤ ਕਰਨ ਤਾਂ ਕਿ ਇਹ ਫਲ ਅਕਤੂਬਰ ਅਤੇ ਨਵੰਬਰ ਮਹੀਨੇ ’ਚ ਮਾਰਕੀਟ ’ਚ ਆ ਜਾਵੇ, ਕਿਉਂਕਿ ਇਸ ਇਲਾਕੇ ’ਚ ਕਿੰਨੂ ਦੀ ਮਾਤਰਾ ਦੀ ਕਮੀਂ ਨਹੀਂ, ਬਲਕਿ ਕੁਆਲਿਟੀ ਹੋਰ ਵਧੀਆ ਕਰਨ ਦੀ ਹੈ, ਜਿਸ ਲਈ ਕੋਸ਼ਿਸ਼ਾਂ ਅਤੇ ਰਿਸਰਚ ਕੀਤੀ ਜਾਣੀ ਚਾਹੀਦੀ ਹੈ।


rajwinder kaur

Content Editor

Related News