ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਫੌਜੀ ਮੱਲਕੇ ਦਾ ਸੋਨ ਤਮਗੇ ਨਾਲ ਸਨਮਾਨ
Sunday, Jul 24, 2022 - 08:07 PM (IST)

ਤਲਵੰਡੀ ਸਾਬੋ (ਮਨੀਸ਼ ਗਰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ‘ਚ ਡਟ ਕੇ ਅਵਾਜ਼ ਬੁਲੰਦ ਕਰਨ ਵਾਲੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗੁਰਸੇਵਕ ਸਿੰਘ ਫੌਜੀ ਮੱਲਕੇ ਨੂੰ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ-ਏ-ਖਾਲਸਾ ਵੱਲੋਂ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖਾਲਸਾ ਤੇ ਭਾਈ ਹਰਜੀਤ ਸਿੰਘ ਢਪਾਲੀ ਮੌਜੂਦ ਰਹੇ।
ਮਾਝੀ ਨੇ ਕਿਹਾ ਕਿ 4 ਨਵੰਬਰ 2015 ਨੂੰ ਪਿੰਡ ਮੱਲਕੇ 'ਚ ਸਵੇਰ ਸਮੇਂ ਪਾਵਨ ਪੋਥੀਆਂ ਦੀ ਬੇਅਦਬੀ ਕੀਤੀ ਗਈ। ਉਸ ਸਮੇਂ ਗੁਰਸੇਵਕ ਸਿੰਘ ਨੇ ਮੁੱਖ ਗਵਾਹ ਬਣ ਕੇ ਦੋਸ਼ੀਆਂ ਨੂੰ ਸਜ਼ਾ ਤੱਕ ਦਿਵਾਈ, ਜਿਸ ਕਰਕੇ ਅੱਜ ਦਮਦਮਾ ਸਾਹਿਬ ਵਿਖੇ ਉਨ੍ਹਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ, ਜਦੋਂ ਕਿ ਗੁਰਸੇਵਕ ਸਿੰਘ ਫੌਜੀ ਮੱਲਕੇ ਨੇ ਸਨਮਾਨ ਲਈ ਸੰਗਤਾਂ ਅਤੇ ਦਰਬਾਰ-ਏ-ਖਾਲਸਾ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ। ਦੱਸਣਾ ਬਣਦਾ ਹੈ ਕਿ ਮੋਗਾ ਦੀ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿੱਚ ਕੁਝ ਸਮਾਂ ਪਹਿਲਾਂ ਹੀ ਸਜ਼ਾ ਸੁਣਾਈ ਸੀ।