ਪਿਤਾ ਦਿਵਸ ''ਤੇ ਵਿਸ਼ੇਸ਼: ਪਿਤਾ ਹੈ ਤਾਂ ਬਾਜ਼ਾਰ ਦੇ ਸਾਰੇ ਖਿਲੌਣੇ ਆਪਣੇ ਨੇ
Sunday, Jun 21, 2020 - 02:40 PM (IST)
ਜੈਤੋ (ਅਸ਼ੋਕ ਜਿੰਦਲ)— ਭਾਵੇਂ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਢੰਗਾਂ ਨਾਲ ਪਿਤਾ ਦਿਵਸ ਮਨਾਇਆ ਜਾਂਦਾ ਹੈ ਪਰ ਇਸ ਦਾ ਮਕਸਦ ਇਕੋ ਹੀ ਹੁੰਦਾ ਹੈ, ਆਪਣੇ ਪਿਤਾ ਦਾ ਸਨਮਾਨ ਕਰਨਾ। “ਪਿਤਾ ਦਿਵਸ' ਵਾਲੇ ਦਿਨ ਬੱਚੇ ਆਪਣੇ ਪਿਤਾ ਦੇ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਦੇ ਹਨ। ਬੱਚਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿਤਾ ਦਾ ਆਦਰ ਸਤਿਕਾਰ ਕਰਦੇ ਹੋਏ, ਉਸ ਦੇ ਦੱਸੇ ਮਾਰਗ 'ਤੇ ਚਲਣ। ਹਰੇਕ ਪਿਤਾ ਆਪਣੇ ਬੱਚਿਆਂ ਲਈ ਏ. ਟੀ. ਐੱਮ. ਕਾਰਡ ਹੁੰਦਾ ਹੈ। ਬੱਚੇ ਆਪਣੇ ਮਾਤਾ-ਪਿਤਾ ਕਾਰਨ ਹੀ ਜ਼ਿੰਦਗੀ ਦੇ ਸਾਰੇ ਸੁਖ, ਸਹੂਲਤਾਂ ਪ੍ਰਾਪਤ ਕਰਦੇ ਹਨ। ਹਰ ਇਕ ਇਨਸਾਨ ਦੀ ਜ਼ਿੰਦਗੀ 'ਚ ਮਾਤਾ-ਪਿਤਾ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ, ਭਾਵੇਂ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਸਮੇਂ ਬਹੁਤ ਦੁੱਖ ਸਹਿਣ ਕਰਦੀ ਹੈ, ਪਰ ਪਿਤਾ ਦਾ ਵੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਅਤੇ ਰੱਖਿਆ ਕਰਨ ਲਈ ਅਹਿਮ ਰੋਲ ਹੁੰਦਾ ਹੈ।
ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ 'ਪਿਤਾ ਦਿਵਸ'
ਸੰਸਾਰ 'ਚ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ “ਪਿਤਾ ਦਿਵਸ'' ਬਣਾਇਆ ਜਾਂਦਾ ਹੈ। ਪਿਤਾ ਦੇ ਅਸ਼ੀਰਵਾਦ ਸਦਕਾ ਹੀ ਬੱਚੇ, ਉੱਚੀ-ਉੱਚੀ ਮੰਜ਼ਿਲਾਂ ਪਾਰ ਕਰਦੇ ਹਨ। ਅਸਲ 'ਚ ਬੱਚਿਆਂ ਦੀ ਜ਼ਿੰਦਗੀ, ਮਾਤਾ-ਪਿਤਾ ਦੋਹਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ। ਮਾਂ ਦੀ ਗੋਦ 'ਚ ਅਤੇ ਪਿਤਾ ਦੀਆਂ ਬਾਹਾਂ 'ਚ ਬੱਚਿਆਂ ਨੂੰ ਸੁਰੱਖਿਆ ਮਿਲਦੀ ਹੈ। ਪਰਿਵਾਰ 'ਚ ਪਿਤਾ ਦਾ ਸਥਾਨ ਸਭ ਤੋਂ ਉੱਚਾ ਹੁੰਦਾ ਹੈ। ਜਿਵੇਂ ਕਿ ਭਗਵਾਨ ਹਰ ਇਕ ਘਰ 'ਚ ਖੁਦ ਨਹੀਂ ਪਹੁੰਚ ਸਕਦੇ, ਇਸ ਲਈ ਉਨ੍ਹਾਂ ਨੇ ਆਪਣੇ ਰੂਪ 'ਚ ਮਾਤਾ ਨੂੰ ਭੇਜਿਆ ਹੈ। ਇਸੇ ਤਰ੍ਹਾਂ ਭਗਵਾਨ ਸਾਰਿਆ ਦੀ ਸੁਰੱਖਿਆ ਅਤੇ ਖਿਆਲ ਰੱਖਣ ਲਈ ਖੁਦ ਨਹੀਂ ਆ ਸਕਦੇ, ਇਸੇ ਕਾਰਨ ਉਸ ਨੇ ਇਸ ਦੁਨੀਆ 'ਚ ਪਿਤਾ ਨੂੰ ਭੇਜਿਆ ਹੈ। ਪਿਤਾ ਆਪਣੇ ਪੁੱਤਰ ਨੂੰ ਕਦੇ ਵੀ ਦੁਖੀ ਨਹੀਂ ਦੇਖ ਸਕਦਾ। ਉਂਗਲੀ ਫੜ੍ਹ ਕੇ ਤੁਰਨਾ ਵੀ ਪਿਤਾ ਨੇ ਹੀ ਸਿਖਾਇਆ ਹੈ। ਪਿਤਾ ਹਮੇਸ਼ਾ ਆਪਣੇ ਪੁੱਤਰ ਦੀ ਹਰ ਇਕ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਿਤਾ ਹਮੇਸ਼ਾ ਆਪਣੇ ਬੱਚਿਆਂ ਨੂੰ ਅੱਗੇ ਹੀ ਵਧਦਾ ਦੇਖਣਾ ਚਾਹੁੰਦਾ ਹੈ ਅਤੇ ਉਸ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੇਟਾ ਉਸ ਤੋਂ ਵੀ ਜ਼ਿਆਦਾ ਕਾਮਯਾਬ ਬਣੇ।
ਅਨੁਸ਼ਾਸਨ ਦਾ ਦੂਜਾ ਨਾਮ ਹੈ ਪਿਤਾ
ਅਨੁਸ਼ਾਸਨ ਦਾ ਦੂਜਾ ਨਾਮ ਪਿਤਾ ਹੈ। ਪਿਤਾ ਦੀ ਡਾਂਟ ਫਟਕਾਰ ਨਾਲ ਸੰਸਕਾਰੀ ਪੁੱਤਰ ਦਾ ਨਿਰਮਾਣ ਹੁੰਦਾ ਹੈ। ਹਰੇਕ ਪੁੱਤਰ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਮੇਰੀ ਪਛਾਣ ਮੇਰੇ ਪਿਤਾ ਦੇ ਨਾਲ ਹੈ। ਪਿਤਾ ਦੇ ਗੁੱਸੇ 'ਚ ਵੀ ਆਪਣਾਪਣ ਅਤੇ ਪਿਆਰ ਹੁੰਦਾ ਹੈ। ਦੁੱਖ ਦੀ ਹਰ ਘੜੀ 'ਚ ਸਭ ਤੋਂ ਪਹਿਲਾਂ ਪਿਤਾ ਹੀ ਖੜ੍ਹੇ ਹੁੰਦੇ ਹਨ। ਬੱਚਿਆਂ ਦੀ ਖੁਸ਼ੀ ਲਈ ਪਿਤਾ ਖੁਦ ਬੱਚੇ ਬਣ ਜਾਂਦੇ ਹਨ। ਪਿਤਾ ਬਿਨਾਂ, ਜ਼ਿੰਦਗੀ ਅਧੂਰੀ ਹੁੰਦੀ ਹੈ। ਪਿਤਾ, ਨਿਸਵਾਰਥ ਆਪਣੇ ਬੱਚਿਆਂ ਦੀ ਸੇਵਾ ਕਰਦਾ ਹੈ। ਸਵਰਗ ਪਾਉਣਾ ਹੈ ਤਾਂ, ਮਾਂ ਬਾਪ ਦੇ ਚਰਨਾਂ 'ਚ ਸੀਸ ਝੁਕਾਓ। ਬਾਜ਼ਾਰ 'ਚ ਸਭ ਕੁਝ ਖਰੀਦਿਆ ਜਾ ਸਕਦਾ ਹੈ ਪਰ ਪਾਪਾ ਦਾ ਪਿਆਰ ਨਹੀਂ ਮਿਲਦਾ। ਭਾਵੇ, ਪਿਤਾ ਦੀ ਡਾਂਟ ਕੌੜੀ ਹੁੰਦੀ ਹੈ ਪਰ ਇਹ ਦਵਾਈ ਵਾਂਗ ਫਾਇਦੇਮੰਦ ਹੁੰਦੀ ਹੈ। ਪਿਤਾ ਨਾਲ ਇਹ ਦੁਨੀਆ ਹੈ, ਬਿਨਾਂ ਪਿਤਾ ਸਭ ਕੁਝ ਬੇਕਾਰ ਹੈ।
ਅਸਲ 'ਚ ਮਾਤਾ ਪਿਤਾ ਦੀ ਮਹੱਤਤਾ ਦਾ ਬੱਚਿਆਂ ਨੂੰ ਉਸ ਸਮੇਂ ਪਤਾ ਚਲਦਾ ਹੈ, ਜਦ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਜੇਕਰ ਘਰ 'ਚ ਮਾਂ-ਬਾਪ ਬੈਠੇ ਹਨ, ਤਾਂ ਬੱਚਿਆਂ ਨੂੰ ਕਿਸੇ ਵੀ ਤੀਰਥਾਂ, ਮੰਦਿਰਾਂ, ਮਸਜਿਦਾਂ 'ਚ ਜਾਣ ਦੀ ਲੋੜ ਨਹੀਂ, ਬੱਸ ਉਹ ਆਪਣੇ ਘਰ 'ਚ ਬੈਠੇ ਹੋਏ ਮਾਤਾ-ਪਿਤਾ ਦੀ ਸੇਵਾ ਕਰਨ। ਬੁਢਾਪੇ 'ਚ ਬੱਚਿਆਂ ਨੂੰ ਵੀ ਮਾਤਾ-ਪਿਤਾ ਦਾ ਸਹਾਰਾ ਬਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਹਰ ਖੁਸ਼ੀ ਮੁਹਈਆ ਕਰਵਾਉਣ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਧਰਮਿੰਦਰ ਕੌਰ ਪ੍ਰਿੰਸੀਪਲ ਸਿਲਵਰ ਓਕਸ ਸਕੂਲ, ਜੈਤੋ ਦਾ ਕਹਿਣਾ ਹੈ ਕਿ ਕਿਸੇ ਵੀ ਬੱਚੇ ਲਈ ਉਸ ਦਾ ਪਿਤਾ ਉਸ ਦੀ ਜ਼ਿੰਦਗੀ ਦਾ ਪਹਿਲਾ ਹੀਰੋ ਹੁੰਦਾ ਹੈ, ਜਿਸ ਕਰਕੇ ਉਸ ਦਾ ਆਚਾਰ-ਵਿਹਾਰ ਬੱਚੇ ਦੀ ਸ਼ਖ਼ਸੀਅਤ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਉਹ ਸਹਿਜੇ ਹੀ ਆਪਣੇ ਪਿਤਾ ਦੇ ਜੀਵਨ ਤੋਂ ਸੇਧ ਲੈ ਕੇ ਚਲਦਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਗੱਲ ਕਰੀਏ ਤਾਂ ਸਾਡਾ ਅੱਜ ਦੇ ਦਿਨ ਨੂੰ 'ਪਿਤਾ ਦਿਵਸ' ਦੇ ਰੂਪ 'ਚ ਮਨਾਉਣਾ ਤਦ ਸਾਰਥਕ ਸਿੱਧ ਹੁੰਦਾ ਹੈ, ਜੇ ਹਰ ਇਕ ਬੇਟਾ ਆਪਣੇ ਪਿਤਾ ਦੇ ਪਦ-ਚਿੰਨ੍ਹਾਂ 'ਤੇ ਚਲਦਾ ਹੋਇਆ ਬੱਚਾ ਉਸ ਤੋਂ ਵੀ ਤੋਂ ਚਾਰ ਕਦਮ ਅੱਗੇ ਨਿਕਲ ਜਾਵੇ।
ਇਸੇ ਤਰ੍ਹਾਂ ਸਰਸਵਤੀ ਪਲੇਅਵੇਅ ਸਕੂਲ ਦੀ ਪ੍ਰਿੰਸੀਪਲ ਵਨੀਤਾ ਮਿੱਤਲ ਦਾ ਕਹਿਣਾ ਹੈ ਕਿ ਇਕ ਬੱਚੇ ਦੀ ਪਹਿਲੀ ਪਛਾਣ ਉਸ ਦਾ ਪਿਤਾ ਹੁੰਦਾ ਹੈ। ਮਾਂ ਬਾਪ ਜ਼ਿੰਦਗੀ ਦੇ ਦਰੱਖਤ ਦੀ ਜੜ੍ਹ ਹੈ, ਭੋਜਨ ਮਾਂ ਬਣਾਉਂਦੀ ਹੈ ਤਾਂ ਜ਼ਿੰਦਗੀ ਭਰ ਭੋਜਨ ਦੀ ਵਿਵਸਥਾ ਪਿਤਾ ਕਰਦਾ ਹੈ। ਜਿਹੜਾ ਗਰਮੀ, ਸਰਦੀ, ਹਨੇਰੀ, ਤੂਫਾਨ ਖੁਦ ਸਹਿਣ ਕਰਕੇ ਆਪਣੇ ਪਰਿਵਾਰ ਨੂੰ ਕੂਲਰ, ਏ. ਸੀ. ਦੀ ਹਵਾ ਦਿਵਾਉਂਦਾ ਹੈ। ਪਿਤਾ ਬੱਚਿਆਂ ਦੀ ਹਰ ਇੱਛਾ ਪੂਰੀ ਕਰਦਾ ਹੈ, ਜਿਸ ਦੇ ਕੋਲ ਪਿਤਾ ਹੈ ਉਹ ਧਨਵਾਨ ਹੈ। ਜੇਕਰ ਪਿਤਾ ਹੈ ਤਾਂ ਬਾਜ਼ਾਰ ਦੇ ਸਾਰੇ ਖਿਲੌਣੇ ਆਪਣੇ ਹਨ। ਉਸ ਨੇ ਨੌਜਵਾਨ ਪੀੜ੍ਹੀ ਨੂੰ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦਾ ਸਨਮਾਨ ਕਰਨ। ਪਿਤਾ ਕਦੇ ਵੀ ਆਪਣੇ ਬੱਚਿਆਂ ਦਾ ਹੱਥ ਨਹੀਂ ਛੱਡਦੇ। ਉਹ ਹਮੇਸ਼ਾ ਰੱਖਿਆ ਕਰਦੇ ਹਨ।