ਪਿਓ ਨੇ ਮਾਸੂਮ ਬੱਚੀ ਦਾ ਕਤਲ ਕਰ ਕੇ ਛੱਪੜ ''ਚ ਸੁਟੀ ਲਾਸ਼

Friday, Aug 09, 2019 - 07:39 PM (IST)

ਪਿਓ ਨੇ ਮਾਸੂਮ ਬੱਚੀ ਦਾ ਕਤਲ ਕਰ ਕੇ ਛੱਪੜ ''ਚ ਸੁਟੀ ਲਾਸ਼

ਬਠਿੰਡਾ (ਸੁਖਵਿੰਦਰ)— ਪਿੰਡ ਦੀਪਾ ਬੰਗੀ 'ਚ ਬੀਤੀ ਰਾਤ ਇਕ ਮਤਰੇਏ ਪਿਓ ਨੇ ਆਪਣੀ ਮਾਸੂਮ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸਦੀ ਲਾਸ਼ ਨੂੰ ਛੱਪੜ 'ਚ ਸੁੱਟ ਦਿੱਤਾ। ਪੁਲਸ ਤੋਂ ਬਚਣ ਲਈ ਉਸ ਨੇ ਬੱਚੀ ਨੂੰ ਅਗਵਾ ਹੋਣ ਦੀ ਅਫ਼ਵਾਹ ਫੈਲਾ ਦਿੱਤੀ। ਪੁਲਸ ਨੇ ਥੋੜੇ ਸਮੇਂ 'ਚ ਹੀ ਮਾਮਲੇ ਦੀ ਜਾਂਚ ਕਰ ਕੇ ਸਾਰੀ ਅਸਲੀਅਤ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਛੱਪੜ 'ਚੋਂ ਬੱਚੀ ਦੀ ਲਾਸ਼ ਵੀ ਬਰਾਮਦ ਕਰ ਲਈ। ਪਤਾ ਲੱਗਿਆ ਹੈ ਕਿ ਮੁਲਜ਼ਮ ਦਾ ਆਪਣੀ ਪਤਨੀ ਨਾਲ ਝਗੜਾ ਰਹਿੰਦਾ ਸੀ, ਜਿਸ ਤੋਂ ਬਦਲਾ ਲੈਣ ਲਈ ਉਸ ਨੇ ਮਾਸੂਮ ਬੱਚੀ ਦਾ ਕਤਲ ਕਰ ਦਿੱਤਾ। 
ਜਾਣਕਾਰੀ ਦਿੰਦਿਆ ਐਸ.ਐਸ.ਪੀ.ਨਾਨਕ ਸਿੰਘ ਨੇ ਦੱਸਿਆ ਕਿ ਸ਼ੁਕੱਰਵਾਰ ਸਵੇਰੇ ਸੰਦੀਪ ਸਿੰਘ ਵਾਸੀ ਦੀਪਾ ਬੰਗੀ ਵਲੋਂ ਥਾਣਾ ਰਾਮਾ ਮੰਡੀ ਵਿਖੇ ਬੱਚੀ ਨੀਸ਼ੂ (5) ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲਸ ਵਲੋਂ ਜਦੋਂ ਪੜਤਾਲ ਕੀਤੀ ਤਾਂ ਬੱਚੀ ਦੀ ਲਾਸ਼ ਸੰਦੀਪ ਸਿੰਘ ਦੇ ਨੇੜੇ ਸਥਿਤ ਇਕ ਛੱਪੜ 'ਚੋਂ ਬਰਾਮਦ ਕੀਤੀ ਗਈ। ਸ਼ੱਕ ਹੋਣ 'ਤੇ ਜਦੋਂ ਪੁਲਸ ਵਲੋਂ ਸੰਦੀਪ ਸਿੰਘ 'ਤੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਸ ਨੇ ਪੰਚ ਗੁਪਾਲ ਸਿੰਘ ਦੇ ਬਿਆਨਾ 'ਤੇ ਮੁਲਜ਼ਮ ਸੰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਕੀ ਸੀ ਮਾਮਲਾ
ਪੁਲਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਸੰਦੀਪ ਸਿੰਘ ਬਦਨਾਮ ਕਿਸਮ ਦਾ ਵਿਅਕਤੀ ਸੀ ਜਿਸ ਦਾ ਵਿਆਹ ਨਹੀਂ ਹੋ ਰਿਹਾ ਸੀ। 2 ਸਾਲ ਪਹਿਲਾਂ ਉਸ ਨੇ ਜਸਪ੍ਰੀਤ ਕੌਰ ਵਾਸੀ ਹਰਨਾਮ ਸਿੰਘ ਵਾਲਾ ਨਾਲ ਵਿਆਹ ਕਰਵਾ ਲਿਆ, ਜਿਸ ਦਾ ਇਹ ਦੂਸਰਾ ਵਿਆਹ ਸੀ।ਪਹਿਲੇ ਵਿਆਹ ਤੋਂ ਉਸਦੇ 2 ਬੱਚੇ ਇਕ ਲੜਕਾ (6) ਇਕ ਲੜਕੀ ਉਕਤ ਨੀਸ਼ੂ (5) ਸਾਲ ਵੀ ਉਸਦੇ ਨਾਲ ਹੀ ਰਹਿਣ ਲੱਗ ਗਏ ਪਰ ਦੋਵਾਂ ਦੇ ਆਪਸੀ ਸਬੰਧ ਠੀਕ ਨਹੀਂ ਸਨ ਤੇ ਮੁਲਜ਼ਮ ਬੱਚਿਆਂ ਤੇ ਪਤਨੀ ਦੀ ਕੁੱਟਮਾਰ ਕਰਦਾ ਰਹਿੰਦਾ ਲੀ। ਮੁਲਜ਼ਮ ਅਕਸਰ ਬੱਚੀ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਰਹਿੰਦਾ ਸੀ। 8 ਅਗਸਤ ਦੀ ਰਾਤ ਨੂੰ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ ਤਾਂ ਮੁਲਜ਼ਮ ਨੇ ਆਪਣੀ ਸੌਤੇਲੀ ਧੀ ਦਾ ਗਲਾ ਘੁੱਟਕੇ ਕਤਲ ਕਰ ਦਿੱਤਾ ਤੇ ਉਸਦੀ ਲਾਸ਼ ਨੂੰ ਨੇੜੇ ਹੀ ਛੱਪੜ 'ਚ ਸੁੱਟ ਦਿੱਤਾ। ਸਵੇਰੇ ਜਦੋਂ ਉਸਦੀ ਪਤਨੀ ਜਸਪ੍ਰੀਤ ਕੌਰ ਨੇ ਆਪਣੀ ਲੜਕੀ ਬਾਰੇ ਪੁੱਛਿਆਂ ਤਾਂ ਸੰਦੀਪ ਸਿੰਘ ਨੇ ਬੱਚੀ ਕਿਸੇ ਵਿਅਕਤੀ ਵਲੋਂ ਅਗਵਾ ਕਰਕੇ ਲਿਜਾਣ ਦਾ ਰੌਲਾ ਪਾ ਦਿੱਤਾ। ਇਸ ਤੋਂ ਬਾਅਦ ਪੁਲਸ ਵਲੋਂ ਮ੍ਰਿਤਕ ਲੜਕੀ ਦੀ ਲਾਸ਼ ਨੂੰ ਛੱਪੜ 'ਚੋਂ ਬਰਾਮਦ ਕੀਤਾ ਗਿਆ। ਪੁਲਸ ਵਲੋਂ ਸਖਤੀ ਨਾਲ ਸੰਦੀਪ ਸਿੰਘ ਤੋਂ ਪੁੱਛਗਿੱਛ ਕੀਤੀ ਤਾਂ ਕਤਲ ਦਾ ਖੁਲਸਾ ਹੋਇਆ।
 


author

KamalJeet Singh

Content Editor

Related News