ਮਾਤਾ-ਪਿਤਾ ਨੂੰ ਆਪਸ ’ਚ ਲੜਦਿਆਂ ਨੂੰ ਰੋਕਣ ’ਤੇ ਪਿਉ ਨੇ ਪੁੱਤ ਦੇ ਮਾਰੀ ਗੋਲੀ

12/17/2021 12:21:49 PM

ਸੰਗਰੂਰ (ਸਿੰਗਲਾ) : ਸੰਗਰੂਰ ਸ਼ਹਿਰ ’ਚ ਆਪਣੇ ਮਾਤਾ-ਪਿਤਾ ਨੂੰ ਆਪਸ ’ਚ ਲੜਦਿਆਂ ਨੂੰ ਰੋਕਣ ’ਤੇ ਪਿਉ ਨੇ ਪੁੱਤਰ ਦੇ ਗੋਲੀ ਮਾਰ ਦਿੱਤੀ। ਥਾਣਾ ਸਿਟੀ ਸੰਗਰੂਰ ਵਿਖੇ ਏ.ਐੱਸ.ਆਈ. ਮਨਜੀਤ ਸਿੰਘ ਵੱਲੋਂ ਦਰਜ ਕੀਤੇ ਮੁਕੱਦਮਾ ਨੰਬਰ 226 ਅਨੁਸਾਰ ਕੁਨਾਰਕ ਵਰਮਾ ਪੁੱਤਰ ਰਸੀਅਕ ਵਰਮਾ ਵਾਸੀ ਮਾਤਾ ਰਾਣੀ ਵਾਲੀ ਗਲੀ ਧੂਰੀ ਗੇਟ ਸੰਗਰੂਰ ਨੇ ਦੱਸਿਆ ਕਿ ਲੰਘੀ ਰਾਤ ਉਸਦੇ ਦਾਦਾ ਬਸੰਤ ਪਾਲ ਵਰਮਾ ਅਤੇ ਦਾਦੀ ਚੰਦਾ ਰਾਣੀ ਕਿਸੇ ਗੱਲ ਨੂੰ ਲੈ ਕੇ ਰਾਤ ਸਮੇਂ ਆਪਸ ’ਚ ਲੜ ਰਹੇ ਸਨ। ਜਦੋਂ ਰਸੀਅਕ ਵਰਮਾ ਆਪਣੀ ਮਾਤਾ ਨੂੰ ਬਚਾਉਣ ਲਈ ਅੱਗੇ ਹੋਏ ਤਾਂ ਬਸੰਤ ਪਾਲ ਵਰਮਾ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸ ’ਤੇ ਗੋਲੀ ਚਲਾ ਦਿੱਤੀ ਅਤੇ ਉਹ ਗੋਲੀ ਰਸੀਅਕ ਵਰਮਾ ਦੇ ਪੇਟ ਵਿਚ ਲੱਗੀ ਜਿਸ ਕਾਰਨ ਉਹ ਹੇਠਾਂ ਡਿੱਗ ਪਏ।

ਇਸ ਦੌਰਾਨ ਉਕਤ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਉਮੀਦ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਥਾਣਾ ਸਿਟੀ ਸੰਗਰੂਰ ਦੇ ਏ.ਐੱਸ.ਆਈ. ਮਨਜੀਤ ਸਿੰਘ ਵੱਲੋਂ ਕੁਨਾਰਕ ਵਰਮਾ ਦੇ ਬਿਆਨ ’ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News