ਮੋਗਾ ’ਚ ਵੱਡੀ ਵਾਰਦਾਤ, ਅਣਖ਼ ਦੀ ਖਾਤਰ ਪਿਓ ਨੇ ਧੀ ਦਾ ਗਲਾ ਘੁੱਟ ਕੇ ਕੀਤੀ ਕਤਲ

Friday, Jul 02, 2021 - 04:02 PM (IST)

ਮੋਗਾ ’ਚ ਵੱਡੀ ਵਾਰਦਾਤ, ਅਣਖ਼ ਦੀ ਖਾਤਰ ਪਿਓ ਨੇ ਧੀ ਦਾ ਗਲਾ ਘੁੱਟ ਕੇ ਕੀਤੀ ਕਤਲ

ਮੋਗਾ (ਅਜ਼ਾਦ) : ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਿਸ਼ਨੰਦੀ ਨਿਵਾਸੀ ਸਤਨਾਮ ਸਿੰਘ ਵੱਲੋਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਗੁਪਤਾ ਨਾਲ ਮਿਲ ਕੇ ਅਣਖ਼ ਦੀ ਖਾਤਰ ਆਪਣੀ ਧੀ ਦੀ ਉਸਦੇ ਸਹੁਰੇ ਘਰ ਆ ਕੇ ਗਲਾ ਘੁੱਟ ਕੇ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸਤਨਾਮ ਸਿੰਘ ਨੂੰ ਕਾਬੂ ਕਰਕੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਲਖਵੀਰ ਸਿੰਘ ਨਿਵਾਸੀ ਪਿੰਡ ਮੱਲਕੇ ਨੇ ਕਿਹਾ ਕਿ ਉਹ ਪੰਜਗਰਾਈਂ ਭੱਠੇ ’ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਉਸਦਾ ਵਿਆਹ ਮਨਜੋਤ ਕੌਰ ਨਾਲ ਹੋਇਆ ਸੀ ਅਤੇ ਉਸ ਦੇ ਇਕ ਦੋ ਸਾਲ ਦੀ ਬੱਚੀ ਹੈ।

ਉਸਨੇ ਕਿਹਾ ਕਿ ਬੀਤੀ 30 ਜੂਨ ਨੂੰ ਮੇਰੀ ਪਤਨੀ ਦਾ ਪਿਤਾ ਸਤਨਾਮ ਸਿੰਘ ਅਤੇ ਉਸਦਾ ਚਚੇਰਾ ਭਰਾ ਗੁਰਪ੍ਰੀਤ ਸਿੰਘ ਗੁਪਤਾ ਮਿਲਣ ਲਈ ਸਾਡੇ ਘਰ ਆਏ, ਜਦੋਂ ਮੈਂ ਕੰਮ ’ਤੇ ਗਿਆ ਸੀ ਤਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰਕੇ ਮੇਰੀ ਪਤਨੀ ਮਨਜੋਤ ਕੌਰ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਨੇ ਕਿਹਾ ਕਿ ਕਥਿਤ ਦੋਸ਼ੀ ਸਤਨਾਮ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਬੇਟੀ ਦਾ ਚਾਲ ਚੱਲਣ ਠੀਕ ਨਹੀਂ ਹੈ ਅਤੇ ਉਹ ਪਹਿਲਾਂ ਵੀ ਕਈ ਵਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਸੀ। ਉਧਰ ਥਾਣਾ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਸਤਨਾਮ ਸਿੰਘ ਨੂੰ ਗੁਪਤ ਸੂਚਨਾਂ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ ਹੈ, ਜਦਕਿ ਗੁਰਪ੍ਰੀਤ ਸਿੰਘ ਉਰਫ ਗੁਪਤਾ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Gurminder Singh

Content Editor

Related News