ਪਰਾਲੀ ਨੂੰ ਅੱਗ ਤੋਂ ਬਚਾਉਣ ਵਾਲਾ ਪਲਾਂਟ ਪਿਛਲੇ 10 ਸਾਲਾਂ ਤੋਂ ਪਿਆ ਬੰਦ (ਵੀਡੀਓ)

Thursday, Oct 25, 2018 - 01:01 PM (IST)

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) - ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਇਸ ਮੁੱਦੇ ਨੂੰ ਲੈ ਕੇ ਸਰਕਾਰ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਪਰ ਸਰਕਾਰ ਆਪਣੇ ਬਣਾਏ ਕੁਝ ਅਜਿਹੇ ਪ੍ਰੋਜੈਕਟਾਂ ਨੂੰ ਨਜ਼ਰ ਅੰਦਾਜ ਕਰ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਿਆ ਜਾ ਸਕਦਾ ਹੈ। ਇਹ ਹੈ ਫਤਿਹਗੜ੍ਹ ਸਾਹਿਬ ਦੇ ਪਿੰਡ ਜਲਖੇੜੀ ਦਾ ਪਹਿਲਾ ਬਾਇਓ ਮਾਸ ਪਲਾਂਟ, ਜਿੱਥੇ ਕਦੇ ਪਰਾਲੀ ਤੇ ਤੂੜੀ ਨਾਲ ਬਿਜਲੀ ਤਿਆਰ ਕੀਤੀ ਜਾਂਦੀ ਸੀ। 1100 ਮੈਗਾ ਵਾਟ ਦੀ ਸਮਰੱਥਾ ਰੱਖਣ ਵਾਲਾ ਇਹ ਪਲਾਂਟ 45 ਏਕੜ 'ਚ ਫੈਲਿਆ ਹੋਇਆ ਹੈ, ਜੋ ਪਿਛਲੇ 10 ਸਾਲਾਂ ਤੋਂ ਬੰਦ ਹੋਣ ਕਾਰਨ ਜੰਗਲ ਤੇ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਪਲਾਂਟ ਚਲਦਾ ਸੀ ਤਾਂ ਉਨ੍ਹਾਂ ਨੇ ਕਦੇ ਪਰਾਲੀ ਨੂੰ ਅੱਗ ਨਹੀਂ ਸੀ ਲਾਈ ਤੇ ਉਨ੍ਹਾਂ ਨੂੰ ਪਰਾਲੀ ਦੇ ਪੈਸੇ ਵੀ ਮਿਲਦੇ ਸਨ। ਸਾਬਕਾ ਮੰਤਰੀ ਹਰਬੰਸ ਲਾਲ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਇਸ ਲਈ ਸਰਕਾਰ ਨੂੰ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਸ ਪਲਾਂਟ ਵੱਲ ਮੁੜ ਧਿਆਨ ਦੇਣਾ ਚਾਹੀਦਾ ਹੈ। ਸਾਬਕਾ ਮੰਤਰੀ ਦਾ ਕਹਿਣਾ ਹੈ ਕਿ ਇਹ ਪਲਾਂਟ ਸੰਨ 1990 'ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਲਗਾਇਆ ਗਿਆ ਸੀ ਪਰ ਅਕਾਲੀ ਸਰਕਾਰ ਆਉਣ ਤੋਂ ਬਾਅਦ ਇਹ ਪਲਾਂਟ ਬੰਦ ਹੋ ਗਿਆ। ਇਸ ਦੇ ਬੰਦ ਹੋਣ ਕਾਰਨ ਕਈ ਨੌਜਵਾਨਾਂ ਦਾ ਰੁਜਗਾਰ ਉਨ੍ਹਾਂ ਦਾ ਹੱਥੋ ਖੁਸ ਗਿਆ। ਲੋੜ ਹੈ ਸਰਕਾਰ ਨੂੰ ਅਜਿਹੇ ਪਲਾਂਟਾ ਵੱਲ ਧਿਆਨ ਦੇਣ ਦੀ, ਜਿਸ ਨਾਲ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਤੇ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ ।


Related News