ਫਤਿਹਗੜ੍ਹ ਸਾਹਿਬ ’ਚ ਹੋਵੇਗੀ ਸਖ਼ਤ ਟੱਕਰ, ਜਾਣੋ ਇਸ ਸੀਟ ਦਾ ਇਤਿਹਾਸ

Saturday, Feb 19, 2022 - 03:28 PM (IST)

ਫਤਿਹਗੜ੍ਹ ਸਾਹਿਬ (ਵੈੱਬ ਡੈਸਕ)-ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਫਤਿਹਗੜ੍ਹ ਸਾਹਿਬ 55 ਨੰਬਰ ਹਲਕਾ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਫਤਿਹਗੜ੍ਹ ਸਾਹਿਬ ਹਲਕੇ 'ਤੇ ਤਿੰਨ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਅਤੇ 2 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੈਰ ਜਮਾਏ। ਫਤਿਹਗੜ੍ਹ ਤੋਂ 1997 ’ਚ ਸ਼੍ਰੋਮਣੀ ਅਕਾਲੀ ਦਲ ਦੇ ਨਿਰਮਲ ਸਿੰਘ ਨੇ ਇਹ ਹਲਕਾ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਇਆ ਸੀ ਅਤੇ ਫਿਰ 2007 ’ਚ ਸ਼੍ਰੋਮਣੀ ਅਕਾਲੀ ਦਲ ਮੁੜ ਇਸ ਹਲਕੇ ’ਤੇ ਕਬਜ਼ਾ ਕਰਨ ’ਚ ਕਾਮਯਾਬ ਰਹੀ। 2002,2012 ਅਤੇ 2017 ’ਚ ਇੱਥੇ ਕਾਂਗਰਸ ਪਾਰਟੀ ਨੇ 3 ਵਾਰ ਇੱਥੋਂ ਦੇ ਲੋਕਾਂ ਦਾ ਦਿਲ ਜਿੱਤਣ ’ਚ ਕਾਮਯਾਬੀ ਹਾਸਲ ਕੀਤੀ। 2022 ’ਚ ਕਿਹੜੀ ਸਰਕਾਰ ਇੱਥੇ ਆਪਣੇ ਪੈਰ ਜਮਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

1997
1997 ’ਚ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ 43195 ਵੋਟਾਂ ਨਾਲ ਫਤਿਹਗੜ੍ਹ ਤੋਂ ਜੇਤੂ ਉਮੀਦਵਾਰ ਰਹੇ ਸਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ 37659 ਵੋਟਾਂ ਨਾਲ ਹਾਰ ਗਏ ਸਨ। ਨਿਰਮਲ ਸਿੰਘ ਨੇ 5536 (6.75%) ਵੋਟਾਂ ਦੇ ਫ਼ਰਕ ਨਾਲ ਸੁਖਜਿੰਦਰ ਸਿੰਘ ਨੂੰ ਚੋਣਾਂ ’ਚ ਹਰਾਇਆ ਸੀ।

2002
2002 ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ 46739 ਵੋਟਾਂ ਪ੍ਰਾਪਤ ਕਰ ਕੇ ਜੇਤੂ ਉਮੀਦਵਾਰ ਰਹੇ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ ਕਾਹਲੋਂ ਨੂੰ 39287 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਹ ਹਾਰ ਗਏ। ਸੁਖਜਿੰਦਰ ਸਿੰਘ ਨੇ 7452 (8.54%) ਵੋਟਾਂ ਦੇ ਫਰਕ ਨਾਲ ਨਿਰਮਲ ਕਾਹਲੋਂ ਨੂੰ ਹਰਾਇਆ ਸੀ।

2007
2007 ਵਿੱਚ ਪੰਜਾਬ ਦੀਆਂ ਵਿਧਾਨ ਚੋਣਾਂ ’ਚ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਿਰਮਲ ਸਿੰਘ ਕਾਹਲੋਂ 49909 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਦੇ ਖ਼ਿਲਾਫ਼ ਖੜ੍ਹੇ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ 44081 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਨਿਰਮਲ ਸਿੰਘ ਨੇ 5828 (5.99%) ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਨੂੰ ਹਰਾਇਆ ਸੀ।

2012
2012 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਕੁਲਜੀਤ ਨਾਗਰਾ ਨੂੰ 36573 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ 33035 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਕੁਲਜੀਤ ਨਾਗਰਾ ਨੇ ਚੰਦੂਮਾਜਰਾ ਨੂੰ 3538 (3.17%) ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। 

2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ(ਕਾਂਗਰਸ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ) ਜੇਤੂ ਉਮੀਦਵਾਰ ਰਹੇ। ਉਨ੍ਹਾਂ ਨੇ 58,205 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਦਕਿ  ਉਨ੍ਹਾਂ ਦੇ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਬੀਰ ਸਿੰਘ ਭੱਟੀ ਨੂੰ  34338 ਵੋਟਾਂ ਨਾਲ ਹਾਰ ਦੇਖਣੀ ਪਈ। ਕੁਲਜੀਤ ਨਾਗਰਾ ਨੇ 23867 (19.13%) ਵੋਟਾਂ ਦੇ ਫ਼ਰਕ ਨਾਲ ਦਲਬੀਰ ਭੱਟੀ ਨੂੰ ਫਤਿਹਗੜ੍ਹ ਸਾਹਿਬ ਤੋਂ ਹਰਾਇਆ ਸੀ। 2017 ’ਚ ਤੀਸਰੇ ਨੰਬਰ ’ਤੇ ਆਮ ਆਦਮੀ ਪਾਰਟੀ ਵਲੋਂ ਲਖਬੀਰ ਸਿੰਘ ਨੂੰ 29393 ਵੋਟਾਂ ਹੀ ਮਿਲੀਆਂ ਸਨ।

     PunjabKesari

ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਫਤਿਹੜਗੜ੍ਹ ਸਾਹਿਬ ’ਚ ਸ਼੍ਰੋਮਣੀ ਅਕਾਲੀ ਦਲ ਤੋਂ ਜਗਦੀਪ ਸਿੰਘ ਚੀਮਾ ਚੋਣ ਲੜਨਗੇ ਅਤੇ ਆਮ ਆਦਮੀ ਪਾਰਟੀ ‘ਆਪ’ ਤੋਂ ਲਖਬੀਰ ਸਿੰਘ, ਸੰਯੁਕਤ ਸਮਾਜ ਮੋਰਚਾ ਤੋਂ ਸਰਬਜੀਤ ਸਿੰਘ ਮੱਖਣ ਕਾਂਗਰਸ ਪਾਰਟੀ ਵਲੋਂ ਦੋ ਵਾਰ ਵਿਧਾਇਕ ਰਹੇ ਕੁਲਜੀਤ ਸਿੰਘ ਨਾਗਰਾ ਮੁੜ ਚੋਣ ਮੈਦਾਨ ਵਿੱਚ ਹਨ ਅਤੇ ਭਾਜਪਾ ਵਲੋਂ ਦੀਦਾਰ ਸਿੰਘ ਭੱਟੀ ਅਤੇ ਲੋਕ ਇਨਸਾਫ ਪਾਰਟੀ ਵਲੋਂ ਗੁਰਵਿੰਦਰ ਸਿੰਘ ਜੁਗਨੀ  ਚੋਣ ਮੈਦਾਨ ’ਚ  ਹਨ।

ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 161754 ਹੈ, ਜਿਨ੍ਹਾਂ 'ਚ 76958 ਪੁਰਸ਼, 84793 ਬੀਬੀਆਂ ਅਤੇ 3 ਥਰਡ ਜੈਂਡਰ ਹਨ।


Manoj

Content Editor

Related News