ਫਤਿਹਗੜ੍ਹ ਸਾਹਿਬ ''ਚ ਕੋਰੋਨਾ ਦਾ ਕਹਿਰ ਜਾਰੀ, 2 ਐੱਨ.ਆਰ. ਆਈਜ਼ ਸਣੇ 9 ਕੋਰੋਨਾ ਪਾਜ਼ੇਟਿਵ
Wednesday, Jul 01, 2020 - 06:07 PM (IST)
![ਫਤਿਹਗੜ੍ਹ ਸਾਹਿਬ ''ਚ ਕੋਰੋਨਾ ਦਾ ਕਹਿਰ ਜਾਰੀ, 2 ਐੱਨ.ਆਰ. ਆਈਜ਼ ਸਣੇ 9 ਕੋਰੋਨਾ ਪਾਜ਼ੇਟਿਵ](https://static.jagbani.com/multimedia/2020_6image_14_08_138753077corona8.jpg)
ਫਤਹਿਗੜ੍ਹ ਸਾਹਿਬ (ਜਗਦੇਵ, ਸੁਰੇਸ਼): ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚੋਂ 2 ਐੱਨ.ਆਰ.ਆਈਜ਼ ਸਮੇਤ 9 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਐੱਨ.ਕੇ. ਅਗਰਵਾਲ ਨੇ ਦੱਸਿਆ ਕਿ ਪਿੰਡ ਜਖਵਾਲੀ ਪਹਿਲਾਂ ਪਾਜ਼ੇਟਿਵ ਆਏ ਇਕ ਵਿਅਕਤੀ ਦੇ ਨੇੜਲੇ ਕੰਟੈਕਟਸ 'ਚੋਂ 2, ਪਿੰਡ ਪੋਲਾ 'ਚੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਇਕ ਵਿਅਕਤੀ ਦੇ ਕੰਟੈਕਟਸ 'ਚੋਂ 3, ਪਿੰਡ ਬਧੋਛੀ ਕਲਾਂ 'ਚੋਂ ਪਹਿਲਾਂ ਪਾਏ ਗਏ ਕੋਰੋਨਾ ਪਾਜ਼ੇਟਿਵ ਫੌਜੀ ਦੇ ਕੰਟੈਕਟਸ 'ਚੋਂ 1 ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਕੀਨੀਆ ਤੋਂ ਆਏ 2 ਐੱਨ.ਆਰ.ਆਈਜ਼ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚੋਂ ਇਕ ਅਮਲੋਹ ਅਤੇ ਦੂਜਾ ਚਨਾਰਥਲ ਕਲਾਂ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ 1 ਮੰਡੀ ਗੋਬਿੰਦਗੜ੍ਹ ਦੇ ਰਹਿਣਾ ਵਾਲਾ ਵਿਅਕਤੀ ਐਕਸੀਡੈਂਟ ਹੋਣ ਕਾਰਨ ਚੰਡੀਗੜ੍ਹ ਦਾਖਲ ਸੀ, ਦਾ ਟੈਸਟ ਕਰਨ 'ਤੇ ਉਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਕੁੱਲ 120 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ 9693 ਸ਼ੱਕੀ ਵਿਅਕਤੀਆਂ ਦੇ ਟੈਸਟ ਕੀਤੇ ਜਾ ਚੁਕੇ ਹਨ, ਜਿਨ੍ਹਾਂ 'ਚੋਂ 9333 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜ਼ਿਲੇ 'ਚ ਹੁਣ 25 ਕੇਸ ਐਕਟਿਵ ਹਨ। ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ 'ਚ ਹੁਣ ਤੱਕ ਕੁੱਲ ਪਾਏ ਜਾਣ ਵਾਲੇ 120 ਪਾਜ਼ੇਟਿਵ ਕੇਸਾਂ 'ਚੋਂ 96 ਮਰੀਜ਼ ਠੀਕ ਹੋ ਕੇ ਆਪੋ-ਆਪਣੇ ਘਰਾਂ ਨੂੰ ਚਲੇ ਗਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੇ ਨੇੜਲੇ ਕੰਟੈਕਟਸ ਦੇ ਟੈਸਟ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ
ਗਿਆਨ ਸਾਗਰ ਹਸਪਤਾਲ ਬਨੂੜ 'ਚ 3 ਜ਼ਿਲ੍ਹਿਆਂ ਦਾ ਸਾਂਝਾ ਕੇਂਦਰ ਬਣਾਇਆ: ਸਿਵਲ ਸਰਜਨ
ਸਿਵਲ ਸਰਜਨ ਡਾ. ਐੱਨ ਕੇ. ਅਗਰਵਾਲ ਨੇ ਦੱਸਿਆ ਕਿ ਗਿਆਨ ਸਾਗਰ ਹਸਪਤਾਲ ਬਨੂੜ 3 ਜ਼ਿਲਿਆਂ ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਰੋਪੜ ਦਾ ਇਕ ਸਾਂਝਾ ਕੇਂਦਰ ਬਣਾਇਆ ਗਿਆ ਹੈ। ਇਨ੍ਹਾਂ ਤਿੰਨਾਂ ਜ਼ਿਲਿਆਂ 'ਚੋਂ ਜੋ ਵੀ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਂਦੇ ਹਨ, ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ 'ਚ ਹੀ ਦਾਖਲ ਕਰਵਾ ਕੇ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ 'ਚ 450 ਬੈੱਡ ਲਾਏ ਗਏ ਹਨ।ਸਿਵਲ ਸਰਜਨ ਨੇ ਦੱਸਿਆ ਕਿ ਬਾਹਰੀ ਰਾਜਾਂ ਤੋਂ ਆਉਣ ਵਾਲਿਆਂ ਅਤੇ ਐੱਨ. ਆਰ. ਆਈਜ਼ ਨੂੰ ਇਕਾਂਤਵਾਸ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾ ਰਹੇ ਹਨ। ਡਾ. ਐੱਨ ਕੇ. ਅਗਰਵਾਲ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਹੀ ਕੋਰੋਨਾ ਮਹਾਮਾਰੀ 'ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨ੍ਹਾਂ ਮਤਲਬ ਘਰਾਂ 'ਚੋਂ ਬਾਹਰ ਨਾ ਨਿਕਲਿਆ ਜਾਵੇ, ਵਾਰ-ਵਾਰ ਹੱਥਾਂ ਨੂੰ ਸਾਫ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਮੂੰਹ 'ਤੇ ਮਾਸਕ ਪਾ ਕੇ ਹੀ ਬਾਜ਼ਾਰ ਜਾਂ ਇਧਰ-ਉਧਰ ਨਿਕਲਿਆ ਜਾਵੇ।