ਫਤਿਹਗੜ੍ਹ ਸਾਹਿਬ 'ਚ ਨਹਿਰ ਨੂੰ ਪਿਆ ਪਾੜ, ਸਹਿਜਾਦਪੁਰ ਪਿੰਡ 'ਤੇ ਖਤਰਾ (ਵੀਡੀਓ)

Sunday, Oct 13, 2019 - 01:47 PM (IST)

ਫਤਿਹਗੜ੍ਹ ਸਾਹਿਬ (ਵਿਪਨ,ਜਗਦੇਵ)—ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਹਿਜਾਦਪੁਰ ਨਹਿਰ ਦੇ ਪੁੱਲ 'ਤੇ ਸਰਹਿੰਦ ਭਾਖੜਾ ਨਹਿਰ 'ਚ ਪਾੜ ਪੈ ਜਾਣ ਕਾਰਨ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਲੋਕਾਂ 'ਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਨਹਿਰ 'ਚ ਪਏ ਇਸ ਪਾੜ ਨੂੰ ਸਵੇਰ ਤੋਂ ਹੀ ਪਿੰਡਾਂ ਦੇ ਲੋਕ ਤੇ ਨੌਜਵਾਨ ਖੁਦ ਹੀ ਪੂਰਨ ਲੱਗੇ, ਜਦੋਂਕਿ ਕੋਈ ਵੀ ਨਹਿਰੀ ਵਿਭਾਗ ਦਾ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਨਹਿਰ 'ਚ ਪਏ ਪਾੜ ਦੀ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਨੂੰ ਕਈ ਵਾਰ ਦਿੱਤੀ ਜਾ ਚੁੱਕੀ ਹੈ ਪਰ ਕੋਈ ਕਾਰਵਾਈ ਦੇਖਣ ਨੂੰ ਨਹੀਂ ਮਿਲੀ ਅਤੇ ਨਾ ਹੀ ਨਹਿਰ 'ਚ ਸਮੇਂ-ਸਮੇਂ 'ਤੇ ਸਫਾਈ ਕੀਤੀ ਜਾਂਦੀ ਹੈ, ਜਿਸ ਨਾਲ ਨਹਿਰ 'ਚ ਪਾੜ ਆਦਿ ਨਾ ਪੈ ਸਕਣ।

ਪਿੰਡ ਨਿਵਾਸੀਆਂ ਨੇ ਦੱਸਿਆ ਕਿ ਸਵੇਰੇ ਤੜਕੇ ਇਲਾਕੇ ਦੇ ਪੰਜ-ਸੱਤ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ 'ਚ ਮੁਨਿਆਦੀ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ।ਮੌਕੇ 'ਤੇ ਪਹੁੰਚੇ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਗੁਰਜਿੰਦਰ ਸਿੰਘ ਚਾਹਲ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਹ ਜਲਦ ਤੋਂ ਜਲਦ ਆ ਕੇ ਇਸ  ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦੇਣਗੇ।


author

Shyna

Content Editor

Related News