ਫਤਿਹਗੜ੍ਹ ਸਾਹਿਬ ''ਚ ਵਕੀਲਾਂ ਦਾ ਵੱਡਾ ਫ਼ੈਸਲਾ, ਬੇਅਦਬੀ ਦੇ ਦੋਸ਼ੀ ਦਾ ਕੋਈ ਨਹੀਂ ਲੜੇਗਾ ਕੇਸ
Tuesday, Oct 13, 2020 - 12:29 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਦੇ 2 ਪਿੰਡਾਂ ਤਰਖਾਣ ਮਾਜਰਾ ਅਤੇ ਜੱਲਾ 'ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਪੂਰੀ ਸਿੱਖ ਕੌਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੇ 'ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਬਾਰ ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲਿਆ ਹੈ। ਜ਼ਿਲ੍ਹੇ ਦੇ ਵਕੀਲਾਂ ਨੇ ਏਕੇ ਨਾਲ ਮਤਾ ਪਾਸ ਕਰਦੇ ਹੋਏ ਐਲਾਨ ਕੀਤਾ ਹੈ ਕਿ ਕੋਈ ਵੀ ਵਕੀਲ ਬੇਅਦਬੀ ਦੇ ਦੋਸ਼ੀ ਦਾ ਕੇਸ ਨਹੀਂ ਲੜੇਗਾ ਅਤੇ ਨਾ ਹੀ ਕਿਸੇ ਬਾਹਰਲੇ ਵਕੀਲ ਨੂੰ ਇਹ ਕੇਸ ਆਪਣੇ ਹੱਥ 'ਚ ਲੈਣ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਬੀਤੇ ਦਿਨ ਪਿੰਡ ਤਰਖਾਣ ਮਾਜਰਾ ਅਤੇ ਜੱਲਾ 'ਚ ਇਕ ਹੀ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਜੀ. ਟੀ. ਰੋਡ 'ਤੇ ਜਾਮ ਲਾ ਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਪੁਲਸ ਨੇ ਮੌਕੇ ਤੋਂ ਫੜ੍ਹੇ ਦੋਸ਼ੀ ਸਹਿਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਯੂ. ਏ. ਪੀ. ਏ. ਸਣੇ ਹੋਰ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫ਼ਤ 'ਚ ਹੈ ਅਤੇ ਪੁਲਸ ਵੱਲੋਂ ਇਸ ਦੀ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।