ਮਹਿਲਾ ਮਰੀਜ਼ ਨਾਲ ਸਿਵਲ ਹਸਪਤਾਲ ਦੇ ਮੁਲਾਜ਼ਮ ਨੇ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ

08/19/2019 10:31:51 AM

ਫਤਿਹਗੜ੍ਹ ਸਾਹਿਬ (ਜੱਜੀ) : ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਇਕ ਪ੍ਰਵਾਸੀ ਔਰਤ ਦੇ ਬਿਆਨਾਂ 'ਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਇਕ ਮੁਲਾਜ਼ਮ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਦੇ ਪਤੀ ਰਾਜ ਕੁਮਾਰ ( ਅਸਲੀ ਨਾਂ ਨਹੀਂ) ਹਾਲ ਵਾਸੀ ਸਰਹਿੰਦ ਨੇ ਦੱਸਿਆ ਕਿ ਉਹ ਸ਼ਾਮਪੁਰਵਾ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ ਅਤੇ ਮਜ਼ਦੂਰੀ ਕਰਦਾ ਹੈ। ਉਹ ਪਿਛਲੇ 5 ਸਾਲ ਤੋਂ ਪੰਜਾਬ 'ਚ ਰਹਿ ਰਿਹਾ ਹੈ। ਬੀਤੀ ਰਾਤ ਕਰੀਬ 8 ਵਜੇ ਉਹ ਆਪਣੀ ਪਤਨੀ, ਸਾਲੇ ਤੇ ਭਰਜਾਈ ਨਾਲ ਚੁੰਗੀ ਨੰਬਰ-4 ਕੋਲ ਸੜਕ 'ਤੇ ਜਾ ਰਿਹਾ ਸੀ ਕਿ ਉਸ ਦੀ ਪਤਨੀ ਨੂੰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਤੇ ਉਹ ਸੜਕ 'ਤੇ ਡਿੱਗ ਗਈ। ਉਹ ਆਪਣੀ ਪਤਨੀ ਨੂੰ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚ ਗਏ, ਜਿਥੇ ਕਰਨ ਨਾਂ ਦੇ ਮੁਲਾਜ਼ਮ ਨੇ ਉਸ ਦੀ ਪਤਨੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ।

ਪੀੜਤਾ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦੇ ਹੋਏ ਅਵਤਾਰ ਸਿੰਘ ਸਕੱਤਰ ਬਹੁਜਨ ਸਮਾਜ ਪਾਰਟੀ, ਦੇਸ ਰਾਜ ਬਰਕਤਪੁਰ, ਕੁਲਦੀਪ ਸਿੰਘ ਬਾਲਪੁਰ, ਬਹਾਦਰ ਸਿੰਘ ਸਰਹਿੰਦ, ਨਰੇਸ਼ ਕੁਮਾਰ, ਗੁਰਪ੍ਰੀਤ ਸਿੰਘ ਆਦਿ ਨੇ ਆਪਣੇ ਹੋਰ ਸਾਥੀਆਂ ਸਮੇਤ ਸਿਵਲ ਹਸਪਤਾਲ ਦੇ ਬਾਹਰ ਨਾਅਰੇਬਾਜ਼ੀ ਕੀਤੀ। ਬਲਜੀਤ ਸਿੰਘ ਭੁੱਟਾ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਿਵਲ ਹਸਪਤਾਲ ਦੇ ਮੁਲਾਜ਼ਮ ਵੱਲੋਂ ਔਰਤ ਨਾਲ ਹਸਪਤਾਲ ਦੀ ਐਮਰਜੈਂਸੀ ਵਿਚ ਅਜਿਹੀ ਘਿਨੌਣੀ ਕਰਤੂਤ ਕੀਤੀ ਗਈ। ਉਨ੍ਹਾਂ ਕਥਿਤ ਮੁਲਜ਼ਮ ਨੂੰ ਛੇਤੀ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ।

ਕੀ ਕਹਿੰਦੇ ਹਨ ਐੱਸ. ਐੱਚ. ਓ. ਸਾਹਿਬ
ਇਸ ਸਬੰਧੀ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਜੀ. ਐੱਸ. ਸਿਕੰਦ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਸਰਹਿੰਦ ਨਿਵਾਸੀ ਇਕ ਔਰਤ ਦੇ ਬਿਆਨਾਂ 'ਤੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੁਲਾਜ਼ਮ ਕਰਨ ਦੇ ਖਿਲਾਫ ਐੱਫ. ਆਰ. ਆਈ ਨੰ. 133 ਅਧੀਨ ਮਿਤੀ 18 ਅਗਸਤ, 2019 ਥਾਣਾ ਫਤਿਹਗੜ੍ਹ ਸਾਹਿਬ 'ਚ ਆਈ. ਪੀ. ਸੀ. ਦੀ ਧਾਰਾ 376, 354, 511 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਗੁਰਦੀਪ ਕੌਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਹਾਲੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਉਸ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।


cherry

Content Editor

Related News