ਪੀ. ਐੱਮ. ਮੋਦੀ ਦੀ ਸੁਰੱਖਿਆ ਦੇ ਮੁੱਦੇ ’ਤੇ ਫਤਿਹਜੰਗ ਬਾਜਵਾ ਨੇ ਘੇਰੀ ਕਾਂਗਰਸ, ਕੀਤੇ ਤਿੱਖੇ ਸ਼ਬਦੀ ਹਮਲੇ
Thursday, Jan 06, 2022 - 12:32 PM (IST)
ਜਲੰਧਰ (ਵਿਸ਼ੇਸ਼) : ਭਾਜਪਾ ਆਗੂ ਫਤਿਹਜੰਗ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਹੋਏ ਘਟਨਾਕ੍ਰਮ ਦੀ ਸਖ਼ਤ ਨਿਖੇਧੀ ਕੀਤੀ ਹੈ। ਬਾਜਵਾ ਨੇ ਪੀ. ਐਮ. ਮੋਦੀ ਦੀ ਸੁਰੱਖਿਆ ’ਚ ਕੁਤਾਹੀ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਮਹਿਮਾਨ ਨਿਵਾਜ਼ੀ ’ਤੇ ਨਹੀਂ ਆਈ, ਨਹੀਂ ਤਾਂ ਪੀ. ਐੱਮ. ਮੋਦੀ ਵੀ 42 ਹਜ਼ਾਰ ਕਰੋੜ ਦੇ ਪ੍ਰਾਜੈਕਟ ਅਤੇ ਹੋਰ ਐਲਾਨ ਕਰਨ ਲਈ ਪੰਜਾਬ ਆਏ ਸਨ। ਉਨ੍ਹਾਂ ਕਿਹਾ ਕਿ ਪੀ. ਐੱਮ. ਮੋਦੀ ਨਾਲ ਜੋ ਪੰਜਾਬ ਸਰਕਾਰ ਨੇ ਕੀਤਾ ਹੈ, ਉਸ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸੈਨੀਵਾਲਾ ਸਰਹੱਦ ਤੋਂ ਥੋੜ੍ਹੀ ਦੂਰੀ ’ਤੇ ਹੈ, ਜਿੱਥੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਕਰੀਬ 20 ਮਿੰਟ ਤੱਕ ਖੜ੍ਹਾ ਰਿਹਾ। ਜੇਕਰ ਇਸ ਦੌਰਾਨ ਕੋਈ ਵੱਡੀ ਘਟਨਾ ਵਾਪਰ ਜਾਂਦੀ ਤਾਂ ਪੰਜਾਬ ਦੇ ਲੋਕਾਂ ਨੂੰ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਸੀ ਹੋਣਾ। ਉਨ੍ਹਾਂ ਕਿਹਾ ਕਿ ਪੀ.ਐਮ. ਮੋਦੀ ਦੀ ਸੁਰੱਖਿਆ ’ਚ ਕੁਤਾਹੀ ਪੰਜਾਬ ਸਰਕਾਰ ਦੀ ਵੱਡੀ ਭੁੱਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੀ. ਐੱਮ. ਮੋਦੀ ਦਾ ਘਿਰਾਓ ਕਰਨ ਵਾਲੇ ਕੋਈ ਕਿਸਾਨ ਨਹੀਂ, ਸਗੋਂ ਸਾਰੇ ਕਾਂਗਰਸ ਦੇ ਸਮਰਥਨ ਵਾਲੇ ਲੋਕ ਸਨ। ਇਸ ਸਾਰੀ ਘਟਨਾ ਨੂੰ ਲੈ ਕੇ ਬਾਜਵਾ ਨੇ ਰੰਧਾਵਾ ਅਤੇ ਚੰਨੀ ’ਤੇ ਵੀ ਤਿੱਖੇ ਹਮਲੇ ਕੀਤੇ। ਇਸ ਘਟਨਾ ਦੇ ਮੱਦੇਨਜ਼ਰ ਬਾਜਵਾ ਨੇ ਵੀ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਸੁਰਜੇਵਾਲਾ ਦੇ ਬਿਆਨ ’ਤੇ ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਬਿਲਕੁਲ ਬੇਬੁਨਿਆਦ ਹੈ। ਰੈਲੀ ਵਾਲੀ ਥਾਂ ’ਤੇ ਭੀੜ ਇਕੱਠੀ ਨਾ ਕਰਨ ਦੇ ਸਵਾਲ ’ਤੇ ਬਾਜਵਾ ਨੇ ਕਿਹਾ ਕਿ ਸਾਡੇ ਵਰਕਰਾਂ ਨੂੰ ਰਸਤੇ ’ਚ ਹੀ ਰੋਕ ਲਿਆ ਗਿਆ ਸੀ, ਜਿਸ ਕਾਰਨ ਉਹ ਰੈਲੀ ਵਾਲੀ ਥਾਂ ’ਤੇ ਭੀੜ ਇਕੱਠੀ ਨਹੀਂ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ ਦੀ ਸੁਰੱਖਿਆ ਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਭਾਜਪਾ ਨਾਲ ਗਠਜੋੜ ਜ਼ਰੂਰੀ : ਕੈਪਟਨ
ਉਨ੍ਹਾਂ ਨੇ ਸੀ. ਐੱਮ. ਚੰਨੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਤਿੰਨ ਮਹੀਨਿਆਂ ਦੀ ਸਰਕਾਰ ਦੌਰਾਨ ਪੰਜਾਬ ਕਾਂਗਰਸ ਨੂੰ ਸਰਕਸ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਦੇ ਚੰਨੀ ਭੰਗੜਾ ਪਾਉਣ ਲੱਗ ਪੈਂਦਾ ਹੈ ਅਤੇ ਕਦੇ ਫੁੱਟਬਾਲ ਖੇਡਣ ਲੱਗ ਜਾਂਦਾ ਹੈ। ਸਾਰਾ ਮਜ਼ਾਕ ਬਣਾਕੇ ਰੱਖ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਭਾਰੀ ਖੁੰਝ ਹੋਈ। ਅੰਦੋਲਨਕਾਰੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ’ਚ ਪ੍ਰਸਤਾਵਿਤ ਰੈਲੀ ਦੇ ਪ੍ਰੋਗਰਾਮ ਨੂੰ ਰੱਦ ਕਰ ਕੇ ਦਿੱਲੀ ਪਰਤ ਗਏ ਸਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਇਹ ਸੰਨ੍ਹ ਉਦੋਂ ਲੱਗੀ ਜਦੋਂ ਉਹ ਮੌਸਮ ਖ਼ਰਾਬ ਹੋਣ ਕਾਰਣ ਹੈਲੀਕਾਪਟਰ ਦੀ ਬਜਾਏ ਸੜਕ ਮਾਰਗ ਰਾਹੀਂ ਫਿਰੋਜ਼ਪੁਰ ਲਈ ਰਵਾਨਾ ਹੋਏ। ਫਿਰੋਜ਼ਪੁਰ ਜ਼ਿਲ੍ਹੇ ਦੇ ਮੁੱਦਕੀ ਕੋਲ ਜਦੋਂ ਉਹ ਪੁੱਜੇ ਤਾਂ ਅੰਦੋਲਨਕਾਰੀ ਟਰੈਕਟਰ-ਟਰਾਲੀਆਂ ਦੇ ਨਾਲ ਸੜਕ ’ਤੇ ਉੱਤਰ ਆਏ। ਇਹ ਜਗ੍ਹਾ ਭਾਰਤ-ਪਾਕਿਸਤਾਨ ਬਾਰਡਰ ਤੋਂ ਸਿਰਫ਼ 30 ਕਿਲੋਮੀਟਰ ਦੂਰੀ ’ਤੇ ਹੈ। ਇਸ ਲਈ ਹਾਈ ਸੈਂਸਟਿਵ ਏਰੀਏ ’ਚ ਪ੍ਰਧਾਨ ਮੰਤਰੀ ਦਾ ਕਾਫਿਲਾ ਰੁਕਣ ਨਾਲ ਕੇਂਦਰੀ ਏਜੰਸੀਆਂ ਤੱਕ ’ਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ : ਪੰਜਾਬ ’ਚ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ : ਅਸ਼ਵਨੀ ਸ਼ਰਮਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ