ਕੈਪਟਨ ਦੇ ਆਲ਼ੇ-ਦੁਆਲੇ ਮਾਝੇ ਦੇ ''ਸ਼ਕੁਨੀਆਂ'' ਦੀ ਟੀਮ, 4 ਸਾਲ ਉਨ੍ਹਾਂ ਚਲਾਈ ਸਰਕਾਰ : ਫਤਿਹਜੰਗ ਬਾਜਵਾ

Wednesday, Jun 30, 2021 - 10:46 PM (IST)

ਕੈਪਟਨ ਦੇ ਆਲ਼ੇ-ਦੁਆਲੇ ਮਾਝੇ ਦੇ ''ਸ਼ਕੁਨੀਆਂ'' ਦੀ ਟੀਮ, 4 ਸਾਲ ਉਨ੍ਹਾਂ ਚਲਾਈ ਸਰਕਾਰ : ਫਤਿਹਜੰਗ ਬਾਜਵਾ

ਜਲੰਧਰ (ਵੈੱਬ ਡੈਸਕ) :ਪੰਜਾਬ ਸਰਕਾਰ ਵੱਲੋਂ ਤਰਸ ਦੇ ਆਧਾਰ 'ਤੇ ਪੁੱਤ ਨੂੰ ਮਿਲੀ ਨੌਕਰੀ ਛੱਡਣ ਦੇ ਐਲਾਨ ਮਗਰੋਂ ਵਿਧਾਇਕ ਫਤਿਹਜੰਗ ਬਾਜਵਾ ਨੇ ਕਾਂਗਰਸੀ ਆਗੂਆਂ 'ਤੇ ਵੱਡੇ ਸੁਆਲ ਉਠਾਏ ਸਨ ਅਤੇ ਇਕ ਵਾਰ ਫਿਰ ਬਾਜਵਾ ਨੇ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਆਲੇ ਦੁਆਲੇ ਮਾਝੇ ਦੇ ਸ਼ਕੁਨੀਆਂ ਦੀ ਟੀਮ ਹੈ ਜਿਨ੍ਹਾਂ ਨੇ ਚਾਰ ਸਾਲ ਸਰਕਾਰ ਚਲਾਈ। ਬਾਜਵਾ ਨੇ ਕਿਹਾ ਕਿ ਇਨ੍ਹਾਂ ਸ਼ਕੁਨੀਆਂ ਨੇ 4 ਸਾਲ ਮਲਾਈ ਖਾਧੀ ਅਤੇ ਹੁਣ ਜਦੋਂ ਚੋਣਾਂ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਇਹ ਪਾਰਟੀ ਖ਼ਿਲਾਫ਼ ਹੀ ਆਵਾਜ਼ਾਂ ਉਠਾ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

'ਜਗਬਾਣੀ' ਦੇ ਬਹੁਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਫਤਿਹਜੰਗ ਬਾਜਵਾ ਨੇ ਸੁਨੀਲ ਜਾਖੜ, ਤ੍ਰਿਪਤ ਬਾਜਵਾ ਅਤੇ ਸੁਖ ਸਰਕਾਰੀਆ 'ਤੇ ਨਿਸ਼ਾਨਾ ਵਿੰਨ੍ਹਿਆ। ਜ਼ਿਕਰਯੋਗ ਹੈ ਕਿ ਪੁੱਤਰ ਅਰਜੁਨ ਬਾਜਵਾ ਨੂੰ ਤਰਸ ਦੇ ਆਧਾਰ 'ਤੇ ਪੰਜਾਬ ਸਰਕਾਰ ਵੱਲੋਂ ਮਿਲੀ ਨੌਕਰੀ ਦੇ ਮਾਮਲੇ 'ਚ ਆਪਣੀ ਹੀ ਪਾਰਟੀ ਅੰਦਰ ਹੋ ਰਹੇ ਵਿਰੋਧ ਮਗਰੋਂ ਫਤਿਹਜੰਗ ਨੇ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ ਸੀ ਅਤੇ ਨਾਲ ਹੀ ਕਾਂਗਰਸ ਦੇ ਹੋਰਾਂ ਆਗੂਆਂ ਨੂੰ ਚੁਣੌਤੀ ਵੀ ਦਿੱਤੀ ਸੀ ਕਿ ਉਹ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲੀ ਨੌਕਰੀ ਛੱਡਣ ਦਾ ਐਲਾਨ ਕਰਨ। ਅਰਜੁਨ ਬਾਜਵਾ ਨੂੰ ਨੌਕਰੀ ਮਿਲਣ ਦੇ ਮਾਮਲੇ 'ਚ ਸੁਨੀਲ ਜਾਖੜ ਨੇ ਸੁਆਲ ਉਠਾਏ ਸਨ ਜਿਸਦੇ ਜੁਆਬ ਵਿੱਚ ਫਤਿਹਜੰਗ ਨੇ ਜਾਖੜ ਦੇ ਭਤੀਜੇ ਨੂੰ ਮਿਲੀ ਨੌਕਰੀ 'ਤੇ ਬੋਲਦਿਆਂ ਚੁਣੌਤੀ ਦਿੱਤੀ ਸੀ ਕਿ ਕੀ ਹੁਣ ਉਹ ਨੌਕਰੀ ਛੱਡਣ ਬਾਰੇ ਵਿਚਾਰ ਕਰਨਗੇ। ਇਹ ਵਿਵਾਦ ਵਧਦਾ ਗਿਆ ਤੇ ਜਾਖੜ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ ਕਦੇ ਵੀ ਇਕ ਰੁਪਈਆ ਤਨਖ਼ਾਹ ਨਹੀਂ ਲਈ। ਇਸ ਗੱਲ ਨੂੰ ਡਿਕੋਡ ਕਰਦਿਆਂ ਫਤਿਹਜੰਗ ਨੇ ਕਿਹਾ ਕਿ ਜੋ ਮਹਿੰਗੀਆਂ ਕਾਰਾਂ 'ਚ ਤੇਲ ਪੈਂਦਾ ਹੈ ਤੇ ਵੱਡੇ ਹੋਟਲਾਂ 'ਚ ਰਹਿਣ ਬਸੇਰਾ ਹੁੰਦਾ ਹੈ ਉਹਦਾ ਹਿਸਾਬ ਕੌਣ ਕਰੇਗਾ? ਇਸਤੋਂ ਇਲਾਵਾ ਫਤਿਹਜੰਗ ਨੇ ਸੁੱਖ ਸਰਕਾਰੀਆ ਅਤੇ ਰਾਕੇਸ਼ ਪਾਂਡੇ 'ਤੇ ਵੀ ਹੱਲਾ ਬੋਲਿਆ ਅਤੇ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਨੂੰ ਕੋਈ ਨਹੀਂ ਕਹੇਗਾ ਕਿ ਉਹ ਨੌਕਰੀ ਲੈਣ ਦਾ ਫ਼ੈਸਲਾ ਪਲਟ ਦੇਣ। 

 

 

ਤ੍ਰਿਪਤ ਬਾਜਵਾ 'ਤੇ ਲਾਏ ਵੱਡੇ ਇਲਜ਼ਾਮ
ਫਤਿਹਜੰਗ ਬਾਜਵਾ ਨੇ ਇਕ ਸੁਆਲ ਦਾ ਜਵਾਬ ਦਿੰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਵੱਡੇ ਇਲਜ਼ਾਮ ਲਗਾਏ। ਬਾਜਵਾ ਨੇ ਕਿਹਾ ਕਿ ਤ੍ਰਿਪਤ ਰਜਿੰਦਰ ਨੇ ਕਾਂਗਰਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਤ੍ਰਿਪਤ ਬਾਜਵਾ ਨੇ ਕਾਂਗਰਸੀ ਆਗੂਆਂ ਦੇ ਰਾਹ ਵਿੱਚ ਕੰਡੇ ਵਿਛਾਏ ਹਨ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ। ਗੌਰਤਲਬ ਹੈ ਕਿ ਨੌਕਰੀ ਮਿਲਣ ਦੇ ਮਾਮਲੇ ਵਿੱਚ ਫਤਿਹਜੰਗ ਨੇ ਤ੍ਰਿਪਤ ਰਜਿੰਦਰ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਵੀ ਸਵਾਲ ਉਠਾਏ ਸਨ। 

ਇਹ ਵੀ ਪੜ੍ਹੋ : 'ਆਪ' 'ਚ ਸ਼ਾਮਿਲ ਹੋਏ ਕੁੰਵਰ ਵਿਜੇ ਪ੍ਰਤਾਪ, ਕੀ ਬਦਲਣਗੇ ਪੰਜਾਬ ਦੀ ਸਿਆਸਤ ਦੇ ਸਮੀਕਰਣ? ਪੜ੍ਹੋ ਖ਼ਾਸ ਰਿਪੋਰਟ

ਨੋਟ: ਫਤਿਹਜੰਗ ਬਾਜਵਾ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜੁਆਬ


author

Harnek Seechewal

Content Editor

Related News