ਨਾਜਾਇਜ਼ ਕਟਾਈ ਰੋਕਣ ਗਏ ਜੰਗਲਾਤ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ, 2 ਜ਼ਖ਼ਮੀ
Wednesday, Jan 11, 2023 - 01:26 AM (IST)
ਹੁਸ਼ਿਆਰਪੁਰ (ਜੈਨ) : ਵਣ ਰੇਂਜ ਮਹਿੰਗਰੋਵਾਲ ਅਧੀਨ ਪੈਂਦੇ ਪਿੰਡ ਅਰਨਿਆਲਾ ਸ਼ਾਹਪੁਰ ’ਚ ਉਸ ਸਮੇਂ ਬੇਹੱਦ ਤਣਾਅਪੂਰਨ ਬਣ ਗਈ, ਜਦੋਂ ਉਕਤ ਪਿੰਡ ’ਚ ਨਾਜਾਇਜ਼ ਕਟਾਈ ਹੋਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਵਣ ਗਾਰਡ ਦੀਪਕ ਸੈਣੀ ਅਤੇ ਵਿਭਾਗ ਦੇ ਦਿਹਾੜੀਦਾਰ ਵਰਕਰ ਸੁਰਜੀਤ ਸਿੰਘ ’ਤੇ ਨਾਜਾਇਜ਼ ਕਟਾਈ ਕਰ ਰਹੇ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖ਼ਮੀ ਦੀਪਕ ਸੈਣੀ ਅਤੇ ਸੁਰਜੀਤ ਸਿੰਘ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਗਾਲ੍ਹਾਂ ਕੱਢਣ ਤੋਂ ਰੋਕਣਾ ਪਿਆ ਮਹਿੰਗਾ, ਸਿਰ 'ਤੇ ਡਾਂਗ ਮਾਰ ਗੁਆਂਢਣ ਦਾ ਕੀਤਾ ਕਤਲ
ਡੀ. ਐੱਫ. ਓ. ਅਮਨੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਿੰਡ ਵਿੱਚ ਪੰਜਾਬ ਲੈਂਡ ਪ੍ਰੀਜ਼ਰਵੇਸ਼ਨ ਐਕਟ ਦੀ ਧਾਰਾ-4 ਤਹਿਤ ਦਰੱਖ਼ਤਾਂ ਦੀ ਕਟਾਈ ਕਰਨ ’ਤੇ ਪਾਬੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਪੰਕਜ ਜੈਨ ਅਤੇ ਉਸ ਦਾ ਪੁੱਤਰ ਧਰੁਵ ਜੈਨ ਲੇਬਰ ਨਾਲ ਆਪਣੀ ਜ਼ਮੀਨ ’ਤੇ ਨਾਜਾਇਜ਼ ਕਟਾਈ ਕਰਵਾ ਰਹੇ ਸਨ। ਉਪਰੋਕਤ ਸੂਚਨਾ ਮਿਲਣ ਤੋਂ ਬਾਅਦ ਜਦੋਂ ਵਿਭਾਗ ਦੀ ਟੀਮ ਉੱਥੇ ਪਹੁੰਚੀ ਤਾਂ ਦਰੱਖਤ ਕੱਟਣ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਇਸ ਟੀਮ ’ਤੇ ਹਮਲਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕੈਸ਼ ਵੈਨ ਦੇ ਗਾਰਡ ਨੂੰ ਗੋਲ਼ੀ ਮਾਰ ਕੇ ਲੱਖਾਂ ਰੁਪਏ ਲੁੱਟ ਕੇ ਲੈ ਗਏ ਬਦਮਾਸ਼
ਡੀ. ਐੱਫ. ਓ. ਨੇ ਦੱਸਿਆ ਕਿ ਜ਼ਖਮੀ ਮੁਲਾਜ਼ਮਾਂ ਨੇ ਇਸਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖਿਲਾਫ ਥਾਣਾ ਹਰਿਆਣਾ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਦੌਰਾਨ ਜਦੋਂ ਮੁਲਜ਼ਮ ਧਿਰ ਵੱਲੋਂ ਵੀ ਹਮਲੇ ਦੇ ਲਾਏ ਦੋਸ਼ਾਂ ਸਬੰਧੀ ਡੀ.ਐੱਫ.ਓ. ਤੋਂ ਪੁੱਛਿਅਾ ਤਾਂ ਉਨ੍ਹਾਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਪਰੋਕਤ ਘਟਨਾ ਤੋਂ ਬਾਅਦ ਇਹ ਸਾਜ਼ਿਸ਼ ਰਚੀ ਗਈ ਹੈ। ਜੰਗਲਾਤ ਕਰਮਚਾਰੀਆਂ ਵੱਲੋਂ ਕਿਸੇ ’ਤੇ ਹਮਲਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਕੀ ਕਹਿੰਦੇ ਹਨ ਮੁਲਜ਼ਮ
ਇਸੇ ਦੌਰਾਨ ਸਿਵਲ ਹਸਪਤਾਲ ਪੁੱਜੇ ਪੰਕਜ ਜੈਨ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਵਿਚੋਂ ਆਪਣੇ ਹੀ ਦਰੱਖਤ ਕੱਟ ਰਹੇ ਸਨ। ਵਿਭਾਗ ਵੱਲੋਂ ਉਨ੍ਹਾਂ ਨੂੰ ਬਿਨਾਂ ਵਜ੍ਹਾ ਰੋਕਿਆ ਜਾ ਰਿਹਾ ਸੀ, ਜਿਸ ਕਾਰਨ ਝਗੜਾ ਹੋ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਵਿਭਾਗ ਦੇ ਦਿਹਾੜੀਦਾਰ ਸੁਰਜੀਤ ਸਿੰਘ ਨੇ ਉਸ ਦੇ ਲੜਕੇ ਧਰੁਵ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਜਿਸ ਦੇ ਇਲਾਜ ਲਈ ਉਹ ਇੱਥੇ ਆਏ ਹਨ।