ਰੈਸਟੋਰੈਂਟ ਤੇ ਫਾਸਟ ਫੂਡ ਕਾਊਂਟਰ ਤੈਅ ਮਿਆਰਾਂ ਅਨੁਸਾਰ ਖਾਣ ਵਾਲੇ ਤੇਲ ਦੀ ਵਰਤੋਂ ਕਰਨ

Monday, Jul 16, 2018 - 06:57 AM (IST)

ਰੈਸਟੋਰੈਂਟ ਤੇ ਫਾਸਟ ਫੂਡ ਕਾਊਂਟਰ ਤੈਅ ਮਿਆਰਾਂ ਅਨੁਸਾਰ ਖਾਣ ਵਾਲੇ ਤੇਲ ਦੀ ਵਰਤੋਂ ਕਰਨ

ਚੰਡੀਗੜ੍ਹ (ਸ਼ਰਮਾ) - ਸੂਬੇ ਵਿਚ ਪੌਸ਼ਟਿਕ ਭੋਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਹਿੱਤ ਪੰਜਾਬ ਸਰਕਾਰ ਵੱਲੋਂ ਰੈਸਟੋਰੈਂਟਾਂ, ਫਾਸਟ ਫੂਡ ਕਾਊਂਟਰਾਂ, ਹੋਟਲਾਂ ਅਤੇ ਢਾਬਾ ਮਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਫੂਡ ਸੇਫਟੀ ਅਤੇ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਤੈਅ ਮਿਆਰਾਂ ਅਨੁਸਾਰ ਹੀ ਖਾਣ ਵਾਲੇ ਤੇਲ ਦੀ ਵਰਤੋਂ ਕਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤੇਲ ਨੂੰ ਵਾਰ-ਵਾਰ ਤਲਣ ਅਤੇ ਗਰਮ ਕਰਨ ਨਾਲ ਇਸ ਦੀ ਪੌਸ਼ਟਿਕਤਾ ਅਤੇ ਵਿਸ਼ੇਸ਼ਤਾਵਾਂ ਵਿਚ ਕਾਫ਼ੀ ਗਿਰਾਵਟ ਆ ਜਾਂਦੀ ਹੈ, ਜਿਸ ਵੱਲੋਂ ਨਿਰਮਤ ਭੋਜਨ ਦਾ ਮਿਆਰ ਖਾਣ ਯੋਗ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਸ ਲਈ ਇਹ ਜ਼ਰੂਰੀ ਹੈ ਕਿ ਖਾਣਾ ਬਣਾਉਣ ਲਈ ਘਟੀਆ ਤੇਲ ਦੀ ਵਰਤੋਂ ਨੂੰ ਰੋਕਣ ਲਈ ਤੇਲ ਦੀ ਗੁਣਵੱਤਾ ਦਾ ਨਿਰੀਖਣ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇੱਥੇ ਖਾਣ ਵਾਲੇ ਤੇਲਾਂ ਦੀ ਮੁੜ ਵਰਤੋਂ, ਮੁੜ ਗਰਮ ਕਰਨ ਸਬੰਧੀ ਨਿਯਮ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪਾਲਣਾ ਯਕੀਨੀ ਤੌਰ 'ਤੇ ਕੀਤੀ ਜਾਣੀ ਚਾਹਦੀ ਹੈ ।
ਬੁਲਾਰੇ ਨੇ ਅੱਗੇ ਕਿਹਾ ਕਿ ਐੱਫ. ਐੱਸ. ਐੱਸ. ਏ. ਆਈ. ਵੱਲੋਂ ਜਾਰੀ ਹਦਾਇਤਾਂ ਅਨੁਸਾਰ ਖਾਣ ਵਾਲੇ ਤੇਲ ਦੀ ਟੋਟਲ ਪੋਲਰ ਕੰਪਾਊਂਡ (ਟੀ.ਪੀ.ਸੀ.) ਲਈ ਹੱਦ ਵੱਧ ਤੋਂ ਵੱਧ 25 ਫੀਸਦੀ ਹੋਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਖਾਣ ਵਾਲਾ ਤੇਲ ਵਰਤੋਂ ਯੋਗ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਸਬੰਧਤ ਭਾਈਵਾਲਾਂ ਕੋਲੋਂ ਪ੍ਰਾਪਤ ਟਿੱਪਣੀਆਂ ਨੂੰ ਵਿਚਾਰਨ ਤੋਂ ਬਾਅਦ ਇਨ੍ਹਾਂ ਮਿਆਰਾਂ ਨੂੰ ਨਿਸ਼ਚਿਤ ਕੀਤਾ ਗਿਆ ਹੈ ਅਤੇ ਇਹ 1 ਜੁਲਾਈ, 2018 ਤੋਂ ਲਾਗੂ ਕੀਤੇ ਜਾ ਚੁੱਕੇ ਹਨ।


Related News