ਸਮੇਂ ਦੀਅਾਂ ਸਰਕਾਰਾਂ ਅੱਜ ਤੱਕ ਖੇਤੀ ਸਬੰਧੀ ਕੋਈ ਠੋਸ ਨੀਤੀ ਨਹੀਂ ਬਣਾ ਸਕੀਅਾਂ

Monday, Jun 11, 2018 - 07:38 AM (IST)

ਸਮੇਂ ਦੀਅਾਂ ਸਰਕਾਰਾਂ ਅੱਜ ਤੱਕ ਖੇਤੀ ਸਬੰਧੀ ਕੋਈ ਠੋਸ ਨੀਤੀ ਨਹੀਂ ਬਣਾ ਸਕੀਅਾਂ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਦੇਸ਼ ਨੂੰ ਅਾਜ਼ਾਦ ਹੋਇਆਂ ਭਾਵੇਂ 7 ਦਹਾਕੇ ਬੀਤੇ ਚੁੱਕੇ ਹਨ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦੇਸ਼ ’ਚ ਬਣੀਅਾਂ ਸਮੇਂ ਦੀਅਾਂ ਸਰਕਾਰਾਂ ਅੱਜ ਤੱਕ ਖੇਤੀ ਸਬੰਧੀ ਕੋਈ ਠੋਸ ਨੀਤੀ ਹੀ ਨਹੀਂ ਬਣਾ ਸਕੀਅਾਂ, ਜਿਸ ਕਰ ਕੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਸਹੀ ਭਾਅ ਨਹੀਂ ਮਿਲ ਸਕਿਆ ਤੇ ਉਹ ਆਪਣੀ ਫ਼ਸਲ ਵੇਚਣ ਸਮੇਂ ਮੰਡੀਆਂ ’ਚ ਰੁਲਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਇਸ ਨੂੰ ਕਿਸਾਨਾਂ ਦੀ ਤਰਸਾਦੀ ਹੀ ਸਮਝਿਆ ਜਾ ਸਕਦਾ ਹੈ ਕਿ ਨਾ ਕਿਸਾਨ ਆਪਣੀ ਫ਼ਸਲ ਨੂੰ ਮੰਡੀ ਵਿਚ ਮਰਜ਼ੀ ਨਾਲ ਵੇਚ ਸਕਦੇ ਹਨ ਅਤੇ ਨਾ ਹੀ ਖੇਤੀ ਧੰਦੇ ’ਚ ਵਰਤਣ ਵਾਲੀ ਚੀਜ਼ ਆਪਣੀ ਮਰਜ਼ੀ ਦੇ ਭਾਅ ਖਰੀਦ ਸਕਦੇ ਹਨ। ਇਸ ਗੰਭੀਰ ਮਾਮਲੇ ਸਬੰਧੀ ‘ਜਗ ਬਾਣੀ’ ਵੱਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਹਰ ਪਾਸੇ ਹੋ ਰਹੀ ਹੈ ਕਿਸਾਨਾਂ ਦੀ ਲੁੱਟ
ਜੇਕਰ ਵੇਖਿਆ ਜਾਵੇ ਤਾਂ ਸਭ ਪਾਸੇ ਲੁੱਟ ਕਿਸਾਨ ਵਰਗ ਦੀ ਹੀ ਹੋ ਰਹੀ ਹੈ ਕਿਉਂਕਿ ਕਿਸਾਨ  ਸਸਤੇ ਭਾਅ ਫ਼ਸਲਾਂ ਮੰਡੀ ’ਚ ਵੇਚਦਾ ਹੈ ਅਤੇ ਫਿਰ  ਉਹ  ਮਹਿੰਗੇ ਭਾਅ ਖਾਦਾਂ, ਕੀਟਨਾਸ਼ਕ ਦਵਾਈਆਂ, ਬੀਜ, ਡੀਜ਼ਲ, ਟਰੈਕਟਰ ਅਤੇ ਹੋਰ ਖੇਤੀ ਸੰਦ ਖਰੀਦਦਾ ਹੈ, ਜਿਸ ਕਰ ਕੇ ਖੇਤੀ ਧੰਦਾ ਘਾਟੇ ਵਾਲਾ ਸੌਦਾ ਬਣ ਗਿਆ ਹੈ।
ਸਰਕਾਰਾਂ ਨੇ ਸਾਫ਼ ਨੀਤ ਨਾਲ ਕਿਸਾਨਾਂ ਦੀ ਬਾਂਹ ਨਹੀਂ ਫਡ਼ੀ
ਲੱਖਾਂ-ਕਰੋਡ਼ਾਂ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਖੁਦ ਭੁਖਮਰੀ ਦਾ ਸ਼ਿਕਾਰ ਹੋ ਰਿਹਾ ਹੈ। ਲੰਮੇ ਸਮੇਂ ਤੋਂ ਸਰਕਾਰਾਂ ਨੇ ਕਿਸਾਨ ਵਰਗ ਨੂੰ ਝੂਠੇ ਲਾਰਿਆਂ ਵਿਚ ਹੀ ਰੱਖਿਆ ਹੈ, ਉਨ੍ਹਾਂ ਨਾਲ ਹਮੇਸ਼ਾ ਕੋਝਾ ਮਜ਼ਾਕ ਕੀਤਾ ਗਿਆ। ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਸਾਫ਼ ਨੀਤ ਨਾਲ ਕਿਸਾਨਾਂ ਦੀ ਬਾਂਹ ਨਹੀਂ ਫਡ਼ੀ ਅਤੇ ਕਿਸਾਨਾਂ ਦੇ ਅੰਦਰਲੇ ਦੁੱਖ-ਦਰਦ ਨੂੰ ਨਹੀਂ ਜਾਣਿਆ। ਸਭ ਨੇ ਵੋਟ ਰਾਜਨੀਤੀ ਕਰ ਕੇ ਕਿਸਾਨਾਂ ਨੂੰ ਵਰਤਿਆ।
90 ਫੀਸਦੀ ਤੋਂ ਵੱਧ ਕਿਸਾਨ ਨੇ ਕਰਜ਼ੇ ਦੀ ਮਾਰ ਹੇਠ
 ਪਿਛਲੇ ਕਰੀਬ 10 ਸਾਲਾਂ ਤੋਂ ਕਿਸਾਨਾਂ ਦੀ ਆਰਥਿਕ ਹਾਲਤ ਵਿਗਡ਼ਨ ਲੱਗੀ ਹੈ, ਜੋ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਅੰਕਡ਼ਿਆਂ ਅਨੁਸਾਰ 90 ਫੀਸਦੀ ਤੋਂ ਵੱਧ  ਕਿਸਾਨ ਇਸ ਵੇਲੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ, ਆਡ਼੍ਹਤੀਆਂ ਅਤੇ ਹੋਰ ਸ਼ਾਹੂਕਾਰਾਂ ਦੇ ਕਰਜ਼ਾਈ ਹਨ। ਇਨ੍ਹਾਂ ’ਚੋਂ ਬਹੁਤੇ ਕਿਸਾਨ ਕਰਜ਼ਾ ਮੋਡ਼ਨ ਤੋਂ ਅਸਮਰੱਥ ਹਨ। ਕਿਸਾਨਾਂ ਸਿਰ ਕਰਜ਼ਾ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਰ ਕੇ ਹੀ ਚਡ਼੍ਹਿਆ ਹੈ।
ਕਿਸਾਨ ਖੁਸ਼ਹਾਲ ਹੋਣਗੇ ਤਾਂ ਸੂਬਾ ਖੁਸ਼ਹਾਲ ਹੋਵੇਗਾ
 ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਆਗੂਆਂ ਨੂੰ ਇਸ ਗੰਭੀਰ ਮਸਲੇ ਸਬੰਧੀ ਆਪਣੇ ਢਿੱਡੋਂ ਅਤੇ ਸੱਚੇ ਮਨ ਨਾਲ ਇਕ ਪਲੇਟਫਾਰਮ ’ਤੇ ਖਡ਼੍ਹਨਾ ਚਾਹੀਦਾ ਹੈ ਤੇ ਅੌਖੀ ਘਡ਼ੀ ’ਚ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਕਿਸਾਨਾਂ ਸਿਰ ਕਰਜ਼ਾ ਚੜ੍ਹੇ ਹੀ ਨਾ ਤੇ ਉਹ ਖੁਦਕੁਸ਼ੀਆਂ ਕਰਨ ਬਾਰੇ ਸੋਚੇ ਹੀ ਨਾ। ਜੇਕਰ  ਕਿਸਾਨ ਖੁਸ਼ਹਾਲ ਹੋਵੇਗਾ ਤਾਂ ਸੂਬਾ ਵੀ ਖੁਸ਼ਹਾਲ ਹੋਵੇਗਾ ਅਤੇ ਸਭ ਪਾਸੇ ਤਰੱਕੀ ਤੇ ਖੁਸ਼ਹਾਲੀ ਵੀ ਆ ਜਾਵੇਗੀ। ਬੱਸ ਇਕੱਲਾ ਟੀ. ਵੀ. ਚੈਨਲਾਂ ਅੱਗੇ ਬਹਿਸ ਕਰ ਕੇ ਤੇ ਰੌਲਾ ਪਾ ਕੇ ਫੋਕੇ ਨੰਬਰ ਬਣਾਉਣ ਦੀ ਲੋਡ਼ ਨਹੀਂ ਕਿਉਂਕਿ ਜੇਕਰ ਕਿਸਾਨੀ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ।
ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਸੰਘਰਸ਼
 ਕਿਸਾਨਾਂ ਦਾ ਦੁੱਖ-ਦਰਦ ਸਮਝਣ ਵਾਲੀਆਂ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਕੋਲੋਂ ਸਾਰੇ ਕਿਸਾਨਾਂ ਦੇ ਕਰਜ਼ਿਆਂ ’ਤੇ ਲਕੀਰ ਫੇਰਨ ਦੀ ਮੰਗ ਸਬੰਧੀ ਅਤੇ ਹੋਰ ਕਿਸਾਨੀ ਮੰਗਾਂ ਬਾਰੇ ਪਿਛਲੇ ਲੰਬੇ ਸਮੇਂ ਤੋਂ  ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਪਰ ਅਜੇ ਤੱਕ ਸਾਰੇ ਕਿਸਾਨਾਂ ਦੇ  ਕਰਜ਼ੇ ਮੁਆਫ਼ ਕਰਨ ਵਾਲੀ ਗੱਲ ਕਿਸੇ ਸਿਰੇ ਨਹੀਂ ਲੱਗੀ। ਕਿਸਾਨ ਜਥੇਬੰਦੀਆਂ ਨੇ ਜਿੱਥੇ ਸੂਬੇ ਦੀ ਰਾਜਧਾਨੀ ਚੰਡੀਗਡ਼੍ਹ ’ਚ ਸੰਘਰਸ਼ ਕੀਤਾ ਹੈ, ਉੱਥੇ ਹੀ ਜ਼ਿਲਾ ਪੱਧਰ ’ਤੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਹਨ ਅਤੇ ਬਲਾਕ ਤੇ ਪਿੰਡ ਪੱਧਰ ’ਤੇ ਵੀ ਸਰਕਾਰ ਦੇ ਪੁਤਲੇ ਫੂਕੇ ਹਨ।
ਕੋਈ ਅਜਿਹਾ ਦਿਨ ਨਹੀਂ ਲੰਘਦਾ, ਜਿਸ ਦਿਨ ਕਿਸਾਨ ਨੇ ਖੁਦਕੁਸ਼ੀ ਨਾ ਕੀਤੀ ਹੋਵੇ
 ਇਸ ਵੇਲੇ ਅਨੇਕਾਂ  ਕਿਸਾਨ ਆਪਣਾ ਆਰਥਕ ਸੰਤੁਲਨ ਗਵਾ ਚੁੱਕੇ ਹਨ ਅਤੇ ਇਸ ਤੋਂ ਵੀ ਅੱਗੇ ਦੀ ਗੱਲ ਕਿ ਜਦੋਂ ਕਰਜ਼ੇ ਦੀ ਪੰਡ ਦਾ ਭਾਰ ਵੱਧ ਜਾਂਦਾ ਹੈ ਤਾਂ ਕਿਸਾਨ ਖੁਦਕੁਸ਼ੀਆਂ ਦੇ ਰਸਤੇ ਪੈ ਜਾਂਦਾ ਹੈ। ਕੋਈ ਅਜਿਹਾ ਦਿਨ ਨਹੀਂ ਲੰਘਦਾ, ਜਿਸ ਦਿਨ ਦੇਸ਼ ’ਚ ਕਿਸਾਨ ਨੇ ਆਪਣੇ ਗਲ ਵਿਚ ਰੱਸਾ ਪਾ ਕੇ ਫਾਹਾ ਨਾ ਲਿਆ ਹੋਵੇ ਜਾਂ ਸਲਫ਼ਾਸ ਦੀਅਾਂ ਗੋਲੀਅਾਂ ਖਾ ਕੇ ਆਪਣੀ ਜੀਵਨ ਲੀਲਾ ਖਤਮ ਨਾ ਕੀਤੀ ਹੋਵੇ।
  ਪਿਛਲੇ ਇਕ ਦਹਾਕੇ ਤੋਂ ਸੈਂਕਡ਼ੇ ਕਿਸਾਨ ਕਰ ਚੁੱਕੇ ਨੇ ਖੁਦਕੁਸ਼ੀਆਂ
 ਖੇਤੀ ਸਬੰਧੀ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਕਰ ਕੇ ਪਿਛਲੇ ਇਕ ਦਹਾਕੇ ਤੋਂ ਸੂਬੇ ਭਰ ’ਚ ਸੈਂਕਡ਼ੇ ਕਿਸਾਨਾਂ ਨੇ ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਖੁਦਕੁਸ਼ੀਆਂ ਕੀਤੀਆਂ ਹਨ ਅਤੇ 22 ਜ਼ਿਲਿਅਾਂ ’ਚੋਂ ਕੋਈ ਇਕ ਜ਼ਿਲਾ ਵੀ ਅਜਿਹਾ ਨਹੀਂ ਬਚਿਆ, ਜਿੱਥੇ ਕਿਸਾਨਾਂ ਨੇ ਖੁਦਕੁਸ਼ੀਆਂ ਨਾ ਕੀਤੀਅਾਂ ਹੋਣ।
ਬੱਚਿਆਂ ਦਾ ਭਵਿੱਖ ਹੋ ਜਾਂਦੈ ਤਬਾਹ
 ਮਰਨ ਵਾਲਾ ਤਾਂ ਮਰ ਜਾਂਦਾ ਹੈ ਪਰ ਉਸ ਦੇ ਬਾਕੀ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੁੰਦਾ ਹੈ, ਉਹ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। ਵਿਧਵਾ ਅੌਰਤਾਂ ਰੁਲ ਜਾਂਦੀਆਂ ਹਨ। ਮਾਂ-ਬਾਪ ਇਹ ਦਰਦ ਝੱਲ ਨਹੀਂ ਸਕਦੇ। ਪਡ਼੍ਹਨ ਵਾਲੇ ਬੱਚਿਆਂ ਦਾ ਭਵਿੱਖ ਤਬਾਹ ਹੋ ਜਾਂਦਾ ਹੈ। ਧੀਆਂ-ਪੁੱਤਾਂ ਦੇ ਵਿਆਹ ਕਰਨੇ  ਅੌਖੇ ਹੋ ਜਾਂਦੇ ਹਨ।
ਕਾਂਗਰਸ ਨੇ ਨਹੀਂ ਕੀਤਾ ਵਾਅਦਾ ਪੂਰਾ : ਕਿਸਾਨ ਆਗੂ
 ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਭਾਗਸਰ, ਬੀ. ਕੇ. ਯੂ. (ਏਕਤਾ ਉਗਰਾਹਾਂ ਗਰੁੱਪ) ਦੇ ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਬਲਾਕ ਪ੍ਰਧਾਨ ਕਾਮਰੇਡ ਜਗਦੇਵ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ ਗਰੁੱਪ) ਦੇ ਜ਼ਿਲਾ ਪ੍ਰਧਾਨ ਜਗਦੇਵ  ਸਿੰਘ ਕਾਨਿਆਂਵਾਲੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਸਿਰ ਚਡ਼੍ਹਿਆ ਸਾਰਾ ਕਰਜ਼ਾ ਮੁਆਫ਼ ਕਰਨ ਦਾ, ਜੋ ਵਾਅਦਾ ਆਪਣੇ ਚੋਣ ਮੈਨੀਫੈਸਟੋ ਵਿਚ ਕੀਤਾ ਸੀ, ਉਸ ਨੂੰ ਸਿਰੇ ਨਹੀਂ ਚੜ੍ਹਾਇਆ ਗਿਆ ਤੇ ਸਹਿਕਾਰੀ ਸਭਾਵਾਂ ਦਾ ਨਿੱਕਾ-ਮੋਟਾ ਕਰਜ਼ਾ ਹੀ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਰ ਕੇ ਕਿਸਾਨ ਵਰਗ ’ਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦਾ ਹਰ ਤਰ੍ਹਾਂ ਦਾ ਕਰਜ਼ਾ ਮੁਆਫ਼ ਕਰੇ।


Related News