ਸੰਗਰੂਰ 'ਚ ਕਿਸਾਨਾਂ ਦਾ ਵੱਡਾ ਐਕਸ਼ਨ, CM ਮਾਨ ਦੀ ਕੋਠੀ ਦਾ ਕਰਨਗੇ ਮੁਕੰਮਲ ਘਿਰਾਓ
Thursday, Oct 20, 2022 - 11:48 AM (IST)

ਸੰਗਰੂਰ : ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਮੁੱਖ ਮੰਤਰੀ ਦੀ ਰਿਹਾਇਸ਼ ਪਟਿਆਲਾ ਰੋਡ ਗਰੀਨ ਲੈਂਡ ਕਾਲੋਨੀ ਦੇ ਅੱਗੇ ਅੱਜ 12ਵੇਂ ਦਿਨ ’ਚ ਦਾਖ਼ਲ ਹੋ ਚੁੱਕਿਆ ਹੈ। ਅੱਜ ਜੋਗਿੰਦਰ ਸਿੰਘ ਉਗਰਾਹਾਂ ਦੇ ਸੱਦੇ 'ਤੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਦਾ ਚਾਰੇ ਪਾਸਿਓਂ ਘਿਰਾਓ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਹੁਣ ਤੱਕ ਲੱਖਾਂ ਦੀ ਗਿਣਤੀ 'ਚ ਪੰਜਾਬ ਭਰ ਦੇ ਕਿਸਾਨਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਹੈ। ਵਾਲੰਟੀਅਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਮੰਨੀਆਂ ਮੰਗਾਂ ਲਾਗੂ ਕਰਨ ਲਈ ਇਹ ਘਿਰਾਓ ਕੀਤਾ ਜਾਵੇਗਾ ਪਰ ਇਸ ਦੌਰਾਨ ਕਿਸੇ ਵੀ ਆਮ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਦੀਪਕ ਟੀਨੂੰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ
ਦੱਸ ਦੇਈਏ ਬੀਤੇ ਦਿਨੀਂ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ (ਅੱਜ) 20 ਅਕਤੂਬਰ ਤੋਂ ਮੁੱਖ ਮੰਤਰੀ ਮਾਨ ਦੀ ਕੋਠੀ ਦਾ ਮੁਕੰਮਲ ਘਿਰਾਓ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ।ਉਨ੍ਹਾਂ ਕਿਹਾ ਜੋ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜਿਆ ਗਿਆ ਹੈ ਉਸ 'ਤੇ ਮਾਨ ਸਰਕਾਰ ਵੱਲੋਂ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ। ਇਸ ਧਰਨੇ 'ਚ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਹਾਜ਼ਰੀ ਲਗਵਾ ਰਹੇ ਹਨ। ਸੰਗਰੂਰ ਜ਼ਿਲ੍ਹੇ ਦੇ ਆਗੂ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਜਦੋਂ ਪਰਸੋਂ ਬਖੋਰਾ ਕਲਾਂ ਦੇ ਕਿਸਾਨ ਗੁਰਚਰਨ ਸਿੰਘ ਦੀ ਸੱਪ ਦੇ ਡੰਗਣ ਨਾਲ ਮੋਰਚੇ ’ਚ ਮੌਤ ਹੋਈ ਹੈ ਉਸਦੀ ਜ਼ਿੰਮੇਵਾਰ ਮਾਨ ਸਰਕਾਰ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਉਸਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਖਤਮ ਕੀਤਾ ਜਾਵੇ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।