ਹਜ਼ਾਰਾਂ ਟਰੈਕਟਰ-ਟਰਾਲੀਆਂ ਲੈ ਕੇ ਕਿਸਾਨ ਭਲਕੇ ਕਰਨਗੇ ਦਿੱਲੀ ਵੱਲ ਕੂਚ, ਹਰਿਆਣਾ ''ਚ ਹੋ ਰਹੀ ਰੋਕਣ ਦੀ ਤਿਆਰੀ
Monday, Feb 12, 2024 - 03:15 AM (IST)
ਪਟਿਆਲਾ/ਰਾਜਪੁਰਾ/ਸੋਨੀਪਤ/ਅੰਬਾਲਾ (ਰਾਜੇਸ਼ ਪੰਜੌਲਾ, ਨਿਰਦੋਸ਼, ਦੀਕਸ਼ਿਤ, ਰਾਕੇਸ਼)- ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸਮੇਤ 26 ਕਿਸਾਨ ਜਥੇਬੰਦੀਆਂ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਗੀਆਂ। ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ 10,000 ਟਰੈਕਟਰ-ਟਰਾਲੀਆਂ ’ਤੇ ਦਿੱਲੀ ਜਾਣ ਲਈ ਹਰਿਆਣਾ ’ਚ ਦਾਖਲ ਹੋਣਗੇ। ਇਸ ਲਈ ਸ਼ੰਭੂ ਬਾਰਡਰ, ਡੱਬਵਾਲੀ ਅਤੇ ਕਨੋਰੀ ਬਾਰਡਰ ਨੂੰ ਚੁਣਿਆ ਗਿਆ ਹੈ।
ਪੰਜਾਬ ਦੇ ਕਿਸਾਨਾਂ ਦੀ ਤਿਆਰੀ ਨੂੰ ਦੇਖਦੇ ਹੋਏ ਹਰਿਆਣਾ ਪੁਲਸ ਐਤਵਾਰ ਨੂੰ ਬਾਰਡਰ ਸੀਲ ਕਰ ਕੇ ਪੰਜਾਬ ਦੇ ਖੇਤਰ ’ਚ ਖੜ੍ਹੀ ਹੋ ਗਈ ਤਾਂ ਕਿ ਕਿਸਾਨਾਂ ਨੂੰ ਹਰਿਆਣਾ ਵਿਚ ਆਉਣ ਤੋਂ ਰੋਕਿਆ ਜਾ ਸਕੇ। ਦਿੱਲੀ ਪੁਲਸ ਨੇ ਸਿੰਘੂ ਬਾਰਡਰ ’ਤੇ ਫਲਾਈਓਵਰ ਦੇ ਹੇਠਾਂ ਅਤੇ ਉੱਪਰ ਵੱਡੇ ਕੰਟੇਨਰ, ਪੱਥਰ ਅਤੇ ਲੋਹੇ ਦੇ ਬੈਰੀਕੇਡ ਰਖਵਾ ਦਿੱਤੇ ਹਨ। ਕੰਡਿਆਲੀ ਤਾਰ ਲਾ ਕੇ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਨ ਐੱਨ.ਐੱਚ.-44 ’ਤੇ ਹਲਚਲ ਵਧ ਗਈ ਹੈ।
ਇਹ ਵੀ ਪੜ੍ਹੋ- ਅਨੋਖਾ ਵਿਆਹ: ਮਾਪਿਆਂ ਦੀ ਇੱਛਾ ਤੇ 17 ਸਾਲਾਂ ਦੇ ਪਿਆਰ ਲਈ ਹੈਲੀਕਾਪਟਰ 'ਚ ਲਾੜੀ ਵਿਆਹੁਣ ਗਿਆ ਲਾੜਾ
ਪੁਲਸ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰਨ ਲਈ ਉਨ੍ਹਾਂ ਦੇ ਘਰਾਂ ’ਤੇ ਛਾਪੇਮਾਰੀ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਰਸਤੇ ਦਿੱਲੀ ਜਾਣ ਤੋਂ ਰੋਕਣ ਲਈ ਅੰਬਾਲਾ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਘੱਗਰ ਦਰਿਆ ’ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ। ਇਸ ਦੇ ਅੰਦਰ ਖੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਟਰੈਕਟਰਾਂ ਨਾਲ ਇੱਥੋਂ ਦੀ ਵੀ ਨਾ ਲੰਘ ਸਕਣ। ਪੁਲਸ ’ਚ ਮਲਟੀ-ਬੈਰਲ ਲਾਂਚਰ ਗਨ ਨਾਲ ਲੈਸ ਨਵੀਆਂ ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕਿਸਾਨ ਅੰਦੋਲਨ ਲਈ 4 ਗੱਡੀਆਂ ਤਾਇਨਾਤ ਰਹਿਣਗੀਆਂ। ਇਕ ਗੱਡੀ ’ਤੇ ਲੱਗੀ ਗਨ ਨਾਲ ਲਗਭਗ ਅੱਧੀ ਦਰਜਨ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਸਕਦੇ ਹਨ। ਅੰਬਾਲਾ ਤੋਂ ਇਲਾਵਾ ਇਸ ’ਚ ਪੰਚਕੂਲਾ ਦੀਆਂ ਗੱਡੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਨਵੀਆਂ ਗੱਡੀਆਂ ’ਚ ਨਾ ਸਿਰਫ਼ ਵੈਪਨ ਹਨ, ਸਗੋਂ ਪਿੱਛੇ ਕੈਬਿਨ ਵੀ ਹਨ ਤਾਂ ਕਿ ਜ਼ਿਆਦਾ ਜਵਾਨਾਂ ਨੂੰ ਬਿਠਾ ਕੇ ਅੱਗੇ ਲਿਜਾਇਆ ਜਾ ਸਕੇ। ਕਿਸਾਨ ਪੰਜਾਬ ਤੋਂ ਚੰਡੀਗੜ੍ਹ ਹੁੰਦੇ ਹੋਏ ਪੰਚਕੂਲਾ ਦੇ ਰਸਤੇ ਦਿੱਲੀ ਜਾਣ ਲਈ ਸੋਨੀਪਤ, ਝੱਜਰ, ਕੈਥਲ ’ਚ ਵੀ ਦਾਖਲ ਹੋ ਸਕਦੇ ਹਨ। ਬਾਰਡਰ ’ਤੇ ਕਿਸਾਨਾਂ ਨੂੰ ਰੋਕਣ ਲਈ 150 ਨਾਕੇ ਲਾਏ ਗਏ ਹਨ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ ਨੂੰ ਲੈ ਕੇ ਵੱਡੀ ਖ਼ਬਰ, ਨਹੀਂ ਬਣੀ ਅਕਾਲੀ ਦਲ-ਭਾਜਪਾ ਦੇ 'ਗੱਠਜੋੜ' ਦੀ ਗੱਲ
ਅੰਬਾਲਾ ’ਚ ਸੀ.ਆਰ.ਪੀ.ਐੱਫ. ਦੀ ਵਿਸ਼ੇਸ਼ ਕੰਪਨੀ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੰਬਾਲਾ ਪੁਲਸ ਦੀਆਂ 4 ਵਿਸ਼ੇਸ਼ ਕੰਪਨੀਆਂ ਦੇ ਜਵਾਨਾਂ ਨੂੰ ਵੀ ਮੁਸਤੈਦ ਕਰਦੇ ਹੋਏ ਸ਼ੰਭੂ ਬਾਰਡਰ ਵੱਲ ਜਾਣ ਵਾਲੇ ਵਾਹਨਾਂ ਦੇ ਚੱਕੇ ਜਾਮ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਅੰਬਾਲਾ-ਹਿਸਾਰ ਹਾਈਵੇਅ-152 ’ਤੇ ਪਿੰਡ ਮਾਣਕਪੁਰ ਨੇੜੇ ਦੋਵਾਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਕਿਸਾਨ ਇਸ ਬੈਰੀਕੇਡਿੰਗ ਨੂੰ ਪਾਰ ਨਾ ਕਰ ਸਕਣ, ਇਸ ਲਈ ਇਸ ਦੇ ਉੱਤੇ ਕੰਡਿਆਲੀ ਤਾਰ ਵੀ ਲਾ ਦਿੱਤੀ ਗਈ ਹੈ।
ਰਾਜਪੁਰਾ ਦੇ ਗਗਨ ਚੌਕ ਤੋਂ ਟ੍ਰੈਫਿਕ ਡਾਇਵਰਟ
ਜੇ ਪੰਜਾਬ ਦੇ ਲੋਕ ਰਾਜਪੁਰਾ ਹਾਈਵੇਅ ਤੋਂ ਅੰਬਾਲਾ ਵੱਲ ਜਾਣਗੇ ਤਾਂ ਅੱਗੇ ਟ੍ਰੈਫਿਕ ਜਾਮ ’ਚ ਫਸ ਜਾਣਗੇ, ਇਸ ਲਈ ਪੰਜਾਬ ਪੁਲਸ ਨੇ ਰਾਜਪੁਰਾ ਦੇ ਗਗਨ ਚੌਕ ਤੋਂ ਹੀ ਬੈਰੀਕੇਡ ਲਾ ਕੇ ਇੱਥੋਂ ਹੀ ਟ੍ਰੈਫਿਕ ਡਾਇਵਰਟ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਚੰਡੀਗੜ੍ਹ ਦੇ ਰਸਤੇ ਨੂੰ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਪੰਜਾਬ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਹਾਲਾਤ ਵਿਗੜਦੇ ਹਨ ਤਾਂ ਆਉਣ ਵਾਲੇ ਦਿਨਾਂ ’ਚ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ-152, ਅੰਬਾਲਾ-ਹਿਸਾਰ ਨੈਸ਼ਨਲ ਹਾਈਵੇਅ-65, ਪਾਣੀਪਤ-ਜਲੰਧਰ ਬੰਦ ਕੀਤਾ ਜਾ ਸਕਦਾ ਹੈ। ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਸੜਕੀ ਮਾਰਗ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਹੈ।
ਸ਼ੰਭੂ ਬਾਰਡਰ ’ਤੇ ਪੱਤਰਕਾਰਾਂ ਦੀ ਐਂਟਰੀ ਵੀ ਬੈਨ
ਐਤਵਾਰ ਨੂੰ ਸ਼ੰਭੂ ਬਾਰਡਰ ਤੱਕ ਪਹੁੰਚਣਾ ਆਮ ਆਦਮੀ ਤਾਂ ਦੂਰ ਦੀ ਗੱਲ ਹੈ, ਪੱਤਰਕਾਰਾਂ ਦੀ ਐਂਟਰੀ ’ਤੇ ਵੀ ਬੈਨ ਲਾ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਪੱਤਰਕਾਰ ਬੈਰੀਕੇਡਿੰਗ ਤੋਂ ਕਰੀਬ 250 ਮੀਟਰ ਪਿੱਛੇ ਰੁਕ ਕੇ ਆਪਣੀ ਕਵਰੇਜ ਕਰਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e