ਕਿਸਾਨਾਂ ਨੇ ਸੜਕਾਂ ''ਤੇ ਖ਼ਿਲਾਰੇ ਕਿੰਨੂ, ਡੀ.ਸੀ. ਦਫ਼ਤਰ ਮੂਹਰੇ 200 ਟਰਾਲੀਆਂ ਹੋਰ ਸੁੱਟਣ ਦੀ ਦਿੱਤੀ ਚਿਤਾਵਨੀ
Saturday, Feb 10, 2024 - 05:49 AM (IST)
ਫ਼ਾਜ਼ਿਲਕਾ: ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਚ ਕਿੰਨੂਆਂ ਦੇ ਬਾਗਬਾਨਾਂ ਨੇ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਿਚ ਕਿੰਨੂਆਂ ਦੀਆਂ ਟਰਾਲੀਆਂ ਭਰ ਕੇ ਡੀ.ਸੀ. ਦਫ਼ਤਰ ਵੱਲ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕਈ ਕਿਲੋਮੀਟਰ ਤੱਕ ਕੀਨੂੰ ਖਿਲਾਰ ਦਿੱਤੇ। ਹੋਰ ਤਾਂ ਹੋਰ ਮੰਗਾਂ ਨਾ ਮੰਨੇ ਜਾਣ 'ਤੇ ਮੰਗਲਵਾਰ ਨੂੰ 200 ਟਰਾਲੀ ਕਿੰਨੂ ਹੋਰ ਲਿਆ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਇਕ ਹੋਰ ਨੌਜਵਾਨ ਲਈ 'ਕਾਲ' ਬਣਿਆ 'ਚਿੱਟਾ'! ਟੀਕਾ ਲਗਾਉਂਦੇ ਸਾਰ ਹੋਈ ਮੌਤ
ਅਬੋਹਰ 'ਚ ਪੰਜਾਬ ਦੇ ਕੁੱਲ੍ਹ 47,000 ਹੈਕਟੇਅਰ 'ਚੋਂ 34,000 ਹੈਕਟੇਅਰ 'ਤੇ ਕਿੰਨੂ ਦੀ ਖੇਤੀ ਕਰ ਰਹੇ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਐਗਰੋ ਦੇ ਖਰੀਦ ਤਰੀਕਿਆਂ 'ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕਰਨ ਲਈ ਪ੍ਰਦਰਸ਼ਨ ਕੀਤਾ। ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਦੀ ਜ਼ਮੀਨ 10 ਏਕੜ ਤੋਂ ਘੱਟ ਹੈ, ਜਦਕਿ ਸਿਰਫ਼ ਚਾਰ ਕਿਸਾਨਾਂ ਕੋਲ 20 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਹੈ। ਬੀਕੇਯੂ ਰਾਜੇਵਾਲ-ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਕੁੱਲ੍ਹ 4,230 ਮੀਟ੍ਰਿਕ ਟਨ ਵਿਚੋਂ 2,080 ਮੀਟ੍ਰਿਕ ਟਨ ਸਿਰਫ ਪੰਜ ਵੱਡੇ ਕਿਸਾਨਾਂ ਤੋਂ ਖਰੀਦਿਆ ਜਾ ਰਿਹਾ ਹੈ, ਜਿਸ ਨਾਲ ਛੋਟੇ ਕਿਸਾਨਾਂ ਨੂੰ ਆਪਣਾ ਖਰਚਾ ਚੁੱਕਣਾ ਪੈ ਰਿਹਾ ਹੈ।
ਪੰਜਾਬ ਸਰਕਾਰ ਦਾ ਖੇਤੀਬਾੜੀ ਪ੍ਰੋਸੈਸਿੰਗ ਵਿੰਗ ਪੰਜਾਬ ਐਗਰੋ ਮੁਕਤਸਰ, ਬਠਿੰਡਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪੰਜ ਪ੍ਰਮੁੱਖ ਕਿਸਾਨਾਂ, ਖਾਸ ਤੌਰ 'ਤੇ ਕਿੰਨੂ ਦੀ ਖਰੀਦ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਜਾਪਦਾ ਹੈ। ਇਸ ਸਾਲ, 4230 ਮੀਟ੍ਰਿਕ ਕਿੰਨੂਆਂ ਵਿਚੋਂ ਤਕਰੀਬਨ 1100 ਮੀਟ੍ਰਿਕ ਟਨ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ 74 ਏਕੜ ਵਿਚ ਫੈਲੇ ਕਿੰਨੂ ਦੇ ਬਾਗਾਂ ਤੋਂ ਪ੍ਰਾਪਤ ਕੀਤੇ ਗਏ ਸਨ।
ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਅਦਾਰਾ ਕਿਸਾਨਾਂ ਲਈ ਬਣਿਆ ਹੈ ਪਰ ਅਫਸੋਸ ਇਹ ਆਮ ਕਿਸਾਨ ਦੀ ਗੱਲ ਸੁਣਨ ਦੀ ਬਜਾਏ ਵੱਡੇ ਕਿਸਾਨਾਂ ਦੀ ਹੀ ਸਾਰ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਇਲਾਕੇ ਵਿਚ 85 ਫੀਸਦੀ ਕਿੰਨੂ ਹਨ, ਪਰ ਪੰਜਾਬ ਐਗਰੋ ਵੱਲੋਂ ਉਸ ਨੂੰ ਛੱਡ ਕੇ ਲੰਬੀ ਇਲਾਕੇ ਵਿਚ ਸਭ ਤੋਂ ਵੱਧ ਰੇਟ ਦੇ ਬਾਦਲ ਪਰਿਵਾਰ ਦਾ ਕਿੰਨੂ 74 ਕਿਲੇ ਖਰੀਦਿਆ ਹੈ, ਜਦਕਿ ਸਾਡੇ ਕਿੰਨੂ ਦੀ ਕੁਆਲਟੀ ਉਸ ਇਲਾਕੇ ਦੇ ਕਿੰਨੂ ਨਾਲੋਂ ਚੰਗੀ ਹੈ। ਜਿੰਨਾਂ ਕਿੰਨੂ ਬਾਦਲ ਪਰਿਵਾਰ ਦਾ ਖਰੀਦਿਆ ਹੈ, ਓਨਾ ਸਾਰੇ ਇਲਾਕੇ ਦੇ ਕਿਸਾਨਾਂ ਦਾ ਨਹੀਂ ਖਰੀਦਿਆ। ਇਨ੍ਹਾਂ ਦੇ ਕਰੀਬੀ ਡੀ.ਐੱਸ. ਬੈਂਸ ਦਾ ਵੀ 2 ਹਜ਼ਾਰ ਕੁਇੰਟਲ ਕਿੰਨੂ ਪੰਜਾਬ ਐਗਰੋ ਵੱਲੋਂ ਅਤੇ ਬਾਦਲ ਪਰਿਵਾਰ ਦੇ ਬੱਬੀ ਬਾਦਲ ਦਾ ਕਿੰਨੂ ਵੀ ਪੰਜਾਬ ਐਗਰੋ ਵੱਲੋਂ ਖਰੀਦਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Breaking: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ: ਭਗੌੜਾ ਪ੍ਰਦੀਪ ਕਲੇਰ ਅਯੁੱਧਿਆ ਤੋਂ ਗ੍ਰਿਫ਼ਤਾਰ
ਪ੍ਰਦਰਸ਼ਨਕਾਰੀਆਂ ਨੇ ਖਰੀਦ ਦਰਾਂ ਵਿਚ ਵਿਤਕਰਾ ਕਰਨ ਦਾ ਵੀ ਦੋਸ਼ ਲਾਇਆ। ਪੰਜਾਬ ਐਗਰੋ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 2023-24 ਵਿੱਤੀ ਸਾਲ ਦੌਰਾਨ ਬਾਦਲ ਫਾਰਮਾਂ ਨੂੰ 12.4 ਰੁਪਏ ਪ੍ਰਤੀ ਕਿਲੋ ਦੀ ਪੇਸ਼ਕਸ਼ ਕੀਤੀ ਗਈ ਸੀ। ਸਮਰਿੰਦਰ ਸਿੰਘ ਢਿੱਲੋਂ ਅਤੇ ਜਗਰੂਪ ਸਿੰਘ ਵਰਗੇ ਹੋਰ ਕਿਸਾਨਾਂ ਨੂੰ ਉਨ੍ਹਾਂ ਦੀ ਕਿੰਨੂ ਦੀ ਫ਼ਸਲ ਲਈ ਕ੍ਰਮਵਾਰ 11.15 ਰੁਪਏ ਅਤੇ 11.75 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਭੁਗਤਾਨ ਕੀਤਾ ਗਿਆ। ਬਾਦਲ ਤੋਂ ਇਲਾਵਾ ਪੰਜਾਬ ਐਗਰੋ ਨੇ ਇੰਦਰਮੀਤ ਸਿੰਘ ਬੈਂਸ ਅਤੇ ਅਰਸ਼ਦੀਪ ਸਿੰਘ ਤੋਂ ਵੀ ਕ੍ਰਮਵਾਰ 12.25 ਰੁਪਏ ਅਤੇ 12.9 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿੰਨੂ ਦੀ ਖਰੀਦ ਕੀਤੀ ਹੈ।
ਇਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਕਰਨਾਵਲ ਨੇ ਕਿਹਾ ਕਿ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਮੰਗਲਵਾਰ ਨੂੰ 200 ਟਰਾਲੀ ਕੀਨੂੰ ਹੋਰ ਲਿਆ ਕੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਰਾਂਗੇ ਪ੍ਰਦਰਸ਼ਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8