'ਟਰੈਕਟਰ ਪਰੇਡ' 'ਚ ਸ਼ਾਮਲ ਹੋਣ ਲਈ 'ਕਿਸਾਨ' ਦਾ ਜਨੂੰਨ, 2 ਲੱਖ ਖਰਚ ਕੇ ਟਰਾਲੀ ਦੀ ਬਣਾ ਦਿੱਤੀ ਬੱਸ (ਤਸਵੀਰਾਂ)
Saturday, Jan 23, 2021 - 03:10 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੇਂਦਰ ਸਰਕਾਰ ਦੇ ਖੇਤੀਬਾੜੀ ਕਾਲੇ ਕਾਨੂੰਨਾਂ ਖ਼ਿਲਾਫ਼ 26 ਜਨਵਰੀ ਨੂੰ ਦਿੱਲੀ ਵਿਖੇ ਕੱਢੀ ਜਾ ਰਹੀ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਲਈ ਕਿਸਾਨ ਵਹੀਰਾਂ ਘੱਤ ਕੇ ਸਿੰਘੂ ਬਾਰਡਰ ਵੱਲ ਰਵਾਨਾ ਹੋ ਰਹੇ ਹਨ। ਕਿਸਾਨਾਂ ਦਾ ਆਪਣੇ ਹੱਕਾਂ ਪ੍ਰਤੀ ਜਨੂੰਨ ਇਸ ਕਦਰ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਕਿਸਾਨ ਨੇ 2 ਲੱਖ ਰੁਪਏ ਖਰਚ ਕਰ ਕੇ ਆਪਣੇ ਟਰੈਕਟਰ ਦੀ ਬੱਸ ਹੀ ਬਣਾ ਦਿੱਤੀ ਤਾਂ ਜੋ ਵੱਧ ਤੋਂ ਵੱਧ ਲੋਕ ਟਰੈਕਟਰ ਪਰੇਡ 'ਚ ਪਹੁੰਚ ਸਕਣ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, 'ਸੁਨਹਿਰੀ ਮੌਕੇ' ਦੀ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ
ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ 200 ਟਰੈਕਟਰਾਂ ਦਾ ਕਾਫ਼ਲਾ ਜਿਉਂ ਹੀ ਅੱਜ ਮਾਛੀਵਾੜਾ ਸ਼ਹਿਰ ’ਚੋਂ ਲੰਘਿਆ ਤਾਂ ਉਸ 'ਚ ਇੱਕ ਟਰੈਕਟਰ ਦੇ ਪਿੱਛੇ ਟਰਾਲੀ ਦੀ ਬਣਾਈ ਬੱਸ ਅਤੇ ਉਸ ਉੱਪਰ ਕਿਸਾਨੀ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਚਿੱਤਰ ਸਭ ਨੂੰ ਆਕਰਸ਼ਿਤ ਕਰ ਰਹੇ ਸਨ। ਪਿੰਡ ਵਜੀਦਪੁਰ ਦੇ ਕਿਸਾਲ ਕਰਮਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਉਸ ਨੇ ਵਿਸ਼ੇਸ਼ ਤੌਰ ’ਤੇ ਟਰਾਲੀ ਦੀ ਇੱਕ ਬੱਸ ਤਿਆਰ ਕੀਤੀ ਹੈ, ਜਿਸ ਉੱਪਰ ਉਸ ਦਾ 2 ਲੱਖ ਰੁਪਏ ਤੋਂ ਵੱਧ ਖਰਚਾ ਆਇਆ।
ਇਹ ਵੀ ਪੜ੍ਹੋ : ਜਗਰਾਓਂ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੀ 'ਕੋਰੋਨਾ' ਕਾਰਨ ਮੌਤ, ਪਤੀ ਤੇ ਧੀ ਵੀ ਪਾਜ਼ੇਟਿਵ
ਕਿਸਾਨ ਕਰਮਜੀਤ ਸਿੰਘ ਅਨੁਸਾਰ ਉਸ ਨੇ ਇੱਕ ਪੁਰਾਣੀ ਬੱਸ ਦਾ ਕੈਬਿਨ ਖਰੀਦਿਆ ਅਤੇ ਉਸ ਦੀ ਮੁਰੰਮਤ ਕਰ ਕੇ ਟਰਾਲੀ ਦੀ ਹੁੱਕ ਬਣਾ ਕੇ ਟਰੈਕਟਰ ਪਿੱਛੇ ਪਾ ਲਈ। ਕਿਸਾਨ ਅਨੁਸਾਰ ਉਸ ਨੇ ਬੱਸ ’ਚ ਸੀਟਾਂ 'ਤੇ ਗੱਦੇ ਵੀ ਵਿਛਾਏ ਹਨ ਤਾਂ ਜੋ ਦਿੱਲੀ ਜਾਣ ਵਾਲੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਕਿਸਾਨ ਕਰਮਜੀਤ ਸਿੰਘ ਅਨੁਸਾਰ ਟਰਾਲੀ ਨੂੰ ਬੱਸ ਦਾ ਰੂਪ ਦੇਣ ਨਾਲ ਹੁਣ ਦਿੱਲੀ ਭਾਵੇਂ ਕਿੰਨੇ ਵੀ ਦਿਨ ਧਰਨਾ ਦੇਣਾ ਪਵੇ, ਉਸ ਦੀ ਕੋਈ ਪਰਵਾਹ ਨਹੀਂ ਕਿਉਂਕਿ ਇਸ ’ਚ ਜਿੱਥੇ ਅਰਾਮਦਾਇਕ ਗੱਦੇ ਲਗਾਏ ਗਏ ਹਨ, ਉੱਥੇ ਹੀ ਖਾਣ-ਪੀਣ ਵਾਲਾ ਸਾਰਾ ਸਮਾਨ ਵੀ ਰੱਖਿਆ ਗਿਆ ਹੈ।
ਕਿਸਾਨ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਉਹ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ। ਕਿਸਾਨ ਨੇ ਦੱਸਿਆ ਕਿ ਬੱਸ ਦੇ ਆਲੇ-ਦੁਆਲੇ ਲਗਾਏ ਗਏ ਕਿਸਾਨੀ ਮੰਗਾਂ ਸਬੰਧੀ ਚਿੱਤਰ ਅਤੇ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਪੰਜਾਬ ਦੇ ਕਿਸਾਨ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਪਿੱਛੇ ਹਟਣ ਵਾਲੇ ਨਹੀਂ।
ਨੋਟ : ਦਿੱਲੀ ਅੰਦੋਲਨ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਨੂੰਨ ਬਾਰੇ ਤੁਹਾਡੀ ਕੀ ਹੈ ਰਾਏ