ਉਗਰਾਹਾਂ ਧੜਾ ਸੂਬੇ ਭਰ 'ਚ ਅੱਜ 3 ਘੰਟੇ ਕਰੇਗਾ ਰੇਲਾਂ ਦਾ ਚੱਕਾ ਜਾਮ, ਜਾਣੋ ਕੀ ਹਨ ਮੁੱਖ ਮੰਗਾਂ

Thursday, Sep 22, 2022 - 11:13 AM (IST)

ਉਗਰਾਹਾਂ ਧੜਾ ਸੂਬੇ ਭਰ 'ਚ ਅੱਜ 3 ਘੰਟੇ ਕਰੇਗਾ ਰੇਲਾਂ ਦਾ ਚੱਕਾ ਜਾਮ, ਜਾਣੋ ਕੀ ਹਨ ਮੁੱਖ ਮੰਗਾਂ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਵੱਲੋਂ ਅੱਜ ਪੰਜਾਬ 'ਚ 3 ਘੰਟੇ (12 ਤੋਂ 3 ਵਜੇ ਤੱਕ) ਲਈ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਜਾਵੇਗੀ। ਇਸ ਰੋਸ ਪ੍ਰਦਰਸ਼ਨ ਦਾ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ , ਜਿਨ੍ਹਾਂ ਦੀ ਨਰਮੇ ਦੀ ਫ਼ਸਲ ਗੁਲਾਬੀ ਕੀੜੇ ਅਤੇ ਨਕਲੀ ਕੀਟਨਾਸ਼ਕਾਂ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ। ਇਸ ਦੇ ਚੱਲਦਿਆਂ ਕਿਸਾਨਾਂ ਨੇ ਕਈ-ਕਈ ਏਕੜ ਆਪਣੀ ਫ਼ਸਲ ਨੂੰ ਵਾਹ ਦਿੱਤਾ ਸੀ। ਹੁਣ ਤੱਕ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। 

ਇਹ ਵੀ ਪੜ੍ਹੋ- ਭਾਜਪਾ ਵੱਲੋਂ ਪੰਜਾਬ 'ਚ 'ਆਪ' ਨਾਲ ਕਾਨੂੰਨੀ ਜੰਗ ਦਾ ਐਲਾਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ

ਇਸ ਸੰਬੰਧੀ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੇ ਮੁੱਦਿਆਂ ਅਤੇ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਖ਼ੁਦ ਦਿੱਤੀ ਸੀ ਅਤੇ ਦੱਸਿਆ ਕਿ ਸੂਬੇ ਭਰ ਦੀਆਂ ਰੇਲਾਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਹਿਲਾਂ ਰੋਸ ਪ੍ਰਦਰਸ਼ਨ ਕਰਨ 'ਤੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਤੱਕ ਵੀ ਇਸ ਨੂੰ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਫ਼ਸਲ ਨੂੰ ਪਏ ਵਾਇਰਲ ਰੋਗ ਕਾਰਨ 100 ਫ਼ੀਸਦੀ ਗੁਆਰੀ ਤੇ ਮੂੰਗੀ ਦੀ ਫ਼ਸਲ ਖ਼ਰਾਬ ਹੋ ਰਹੀ ਹੈ ਤੇ ਉਸ ਦੇ ਮੁਆਵਜ਼ੇ ਨੂੰ ਵੀ ਸਰਕਾਰ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ੀਰਾ ਵਿਖੇ ਲੱਗੀ ਸ਼ਰਾਬ ਫੈਕਟਰੀ ਕਾਰਨ ਪ੍ਰਦੂਸ਼ਿਤ ਹੋਏ ਪਾਣੀ ਲਈ ਵੀ ਧਰਨਾ ਦਿੱਤਾ ਜਾ ਰਿਹਾ ਹੈ ਪਰ ਸਰਕਾਰ ਇਸ ਨੂੰ ਵੀ ਨਜ਼ਰਅੰਦਾਜ ਕਰ ਰਹੀ ਹੈ। ਭਾਰਤੀ ਮਾਲਾ ਕਾਰਪੋਰੇਟ ਪ੍ਰਾਜੈਕਟਾਂ ਲਈ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ , ਜਿਸ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਸੰਗਰੂਰ ਵਿਖੇ ਸੰਘਰਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ 'ਚ ਅਧਿਆਪਕਾਂ ਅਤੇ ਲਾਇਬ੍ਰੇਰੀਅਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਜੋ ਕੁੱਟਮਾਰ ਕੀਤੀ ਗਈ ਸੀ , ਉਹ ਵੀ ਮੰਦਭਾਗੀ ਹੈ। ਇਸ ਸਭ ਦੇ ਵਿਰੋਧ 'ਚ ਯੂਨੀਅਨ ਉਗਰਾਹਾਂ ਨੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।  


author

Simran Bhutto

Content Editor

Related News