ਕਿਸਾਨਾਂ ਨੇ ਮੰਡੀ ਦੇ ਦੌਰੇ ''ਤੇ ਪਹੁੰਚੇ ਡੀਜੀਐੱਮ ਸਾਹਮਣੇ ਖੋਲ੍ਹਿਆ ਸਮੱਸਿਆਵਾ ਦਾ ''ਪਿਟਾਰਾ''

Sunday, Apr 20, 2025 - 08:35 PM (IST)

ਕਿਸਾਨਾਂ ਨੇ ਮੰਡੀ ਦੇ ਦੌਰੇ ''ਤੇ ਪਹੁੰਚੇ ਡੀਜੀਐੱਮ ਸਾਹਮਣੇ ਖੋਲ੍ਹਿਆ ਸਮੱਸਿਆਵਾ ਦਾ ''ਪਿਟਾਰਾ''

ਭਵਾਨੀਗੜ੍ਹ (ਵਿਕਾਸ ਮਿੱਤਲ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਹੇਠ ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ (ਡੀਜੀਐੱਮ) ਭਜਨ ਕੌਰ ਨੇ ਐਤਵਾਰ ਨੂੰ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ ਕੀਤਾ। ਇਸ ਤਹਿਤ ਉਹ ਮਾਰਕੀਟ ਕਮੇਟੀ ਭਵਾਨੀਗੜ੍ਹ ਅਧੀਨ ਪੈਂਦੇ ਰਾਮਪੁਰਾ ਸਬ ਯਾਰਡ ਵਿਖੇ ਪਹੁੰਚੇ ਤੇ ਅਨਾਜ ਮੰਡੀ ਦਾ ਨਿਰੀਖਣ ਕਰਦਿਆਂ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਫਸਲਾਂ ਨਾਲ ਮੰਡੀ 'ਚ ਮੌਜੂਦ ਕਿਸਾਨਾਂ ਨੇ ਡੀਜੀਐੱਮ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਦਾ ਪਿਟਾਰਾ ਖੋਲ੍ਹ ਦਿੱਤਾ। ਜਿਸ ਤੋਂ ਸਪੱਸ਼ਟ ਰੂਪ 'ਚ ਜਾਪਦਾ ਸੀ ਕਿ ਕਿਸ ਤਰ੍ਹਾਂ ਕਿਸਾਨ ਅਨਾਜ ਮੰਡੀਆਂ ਵਿਚ ਮੁੱਢਲੀਆਂ ਸਹੂਲਤਾਂ ਲਈ ਵੀ ਤਰਸ ਰਹੇ ਹਨ। 

ਕਿਸਾਨ-ਮਜ਼ਦੂਰ ਦੂਸ਼ਿਤ ਪਾਣੀ ਪੀਣ ਲਈ ਹੋ ਰਹੇ ਮਜਬੂਰ
ਨੇੜਲੇ ਪਿੰਡ ਰਾਏਸਿੰਘ ਵਾਲਾ ਦੇ ਕਿਸਾਨ ਕੁਲਵਿੰਦਰ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਸ ਦੇ ਵੱਲੋਂ ਡੀਜੀਐੱਮ ਕੋਲ ਮੰਡੀ ਵਿਚ ਸਪਲਾਈ ਕੀਤੇ ਜਾ ਰਹੇ ਦੂਸ਼ਿਤ ਪਾਣੀ, ਪਖਾਨਿਆਂ ਦੀ ਸਮੱਸਿਆ ਤੇ ਪਾਣੀ ਪਿਲਾਉਣ ਦੇ ਬਦਲੇ ਕਿਸਾਨਾਂ ਤੋਂ ਕੀਤੀ ਜਾ ਰਹੀ ਕਣਕ ਦੀ ਮੰਗ ਆਦਿ ਮੁੱਦੇ ਉਠਾਏ ਗਏ। ਕਿਸਾਨ ਨੇ ਦੱਸਿਆ ਕਿ ਪਾਣੀ ਦੀ ਟੈਂਕੀ 'ਚੋਂ ਲਗਾਤਾਰ ਗੰਦਾ ਪਾਣੀ ਨਿਕਲ ਰਿਹਾ ਹੈ ਜਿਸ ਕਾਰਨ ਕਿਸਾਨ-ਮਜ਼ਦੂਰ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ। ਇਸ ਤੋਂ ਇਲਾਵਾ, ਅਧਿਕਾਰੀ ਨੂੰ ਮੰਡੀ ਵਿਚ ਸਫਾਈ ਤੇ ਰੱਖ-ਰਖਾਅ ਲਈ ਢੁਕਵੇਂ ਪ੍ਰਬੰਧਾਂ ਦੀ ਘਾਟ ਦੇ ਨਾਲ ਮੰਡੀ ਦੇ ਸੀਜ਼ਨ ਦੌਰਾਨ ਅਸਥਾਈ ਪਖਾਨੇ ਨਾ ਬਣਾਏ ਜਾਣ ਬਾਰੇ ਵੀ ਜਾਣੂ ਕਰਵਾਇਆ ਗਿਆ। 

ਇਸ ਮੌਕੇ ਕਿਸਾਨਾਂ ਨੇ ਫ਼ਸਲਾਂ ਦੀ ਖਰੀਦ ਤੇ ਲਿਫਟਿੰਗ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਡੀਜੀਐੱਮ ਨੇ ਭਰੋਸਾ ਦਿੱਤਾ ਕਿ ਮੰਡੀਆਂ ਵਿਚ ਆਉਣ ਵਾਲੇ ਕਿਸਾਨਾਂ ਲਈ ਹਰ ਸਹੂਲਤ ਯਕੀਨੀ ਬਣਾਈ ਜਾਵੇਗੀ। ਉੱਧਰ, ਦੂਜੇ ਪਾਸੇ ਮੰਡੀ ਬੋਰਡ ਦੇ ਜ਼ਿਲ੍ਹਾ ਮੈਨੇਜਰ ਕੁਲਜੀਤ ਸਿੰਘ ਨੇ ਕਿਹਾ ਕਿ ਰਾਮਪੁਰਾ ਸਬ ਯਾਰਡ ਵਿਚ ਦੂਸ਼ਿਤ ਪਾਣੀ ਨੂੰ ਸਾਫ਼ ਕਰਨ ਲਈ ਅਧਿਕਾਰੀਆਂ ਨੂੰ ਪਾਣੀ 'ਚ ਕਲੋਰੀਨ ਪਾਉਣ ਲਈ ਆਖਿਆ ਗਿਆ ਹੈ ਤੇ ਕਿਸਾਨਾਂ ਨੂੰ ਦਰਪੇਸ਼ ਹੋਰ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News