ਕਿਸਾਨ ਦਾ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰਨ ''ਤੇ ਕਿਸਾਨਾਂ ਨੇ ਘੇਰਿਆ ਬੈਂਕ

Friday, Feb 03, 2023 - 12:22 AM (IST)

ਕਿਸਾਨ ਦਾ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰਨ ''ਤੇ ਕਿਸਾਨਾਂ ਨੇ ਘੇਰਿਆ ਬੈਂਕ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਈ ਵਾਰ ਦੇਖਣ 'ਚ ਆਉਂਦਾ ਹੈ ਕਿ ਕਿਸਾਨ ਵੱਲੋਂ ਬੈਂਕ ਕੋਲੋਂ ਲਿਆ ਕਰਜ਼ਾ ਬੈਂਕ ਸਖਤੀ ਨਾਲ ਵੀ ਵਾਪਸ ਲੈ ਲੈਂਦਾ ਹੈ ਪਰ ਜੇਕਰ ਕਿਸਾਨ ਖੁਦ ਕਰਜ਼ਾ ਵਾਪਸ ਕਰ ਰਿਹਾ ਹੋਵੇ ਅਤੇ ਬੈਂਕ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਕਿਸਾਨ ਨਾਲ ਵਧੀਕੀ ਕਰੇ ਤਾਂ ਇਹ ਗੱਲ ਕੁਝ ਹਜ਼ਮ ਨਹੀਂ ਹੁੰਦੀ। ਅਜਿਹਾ ਹੀ ਇਕ ਮਾਮਲਾ ਬਟਾਲਾ ਦੇ ਅਰਬਨ ਅਸਟੇਟ ਦੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ 'ਚ ਦੇਖਣ ਮਿਲਿਆ, ਜਿਥੇ ਕਿਸਾਨਾਂ ਵੱਲੋਂ ਬੈਂਕ ਪ੍ਰਸ਼ਾਸਨ ਦੇ ਖ਼ਿਲਾਫ਼ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿ ਉਕਤ ਬੈਂਕ 'ਚੋਂ ਕਿਸਾਨ ਵੱਲੋਂ ਲਏ ਕਰਜ਼ੇ ਨੂੰ ਹੁਣ ਜਦ ਕਿਸਾਨ ਖੁਦ ਵਾਪਸ ਕਰ ਰਿਹਾ ਤਾਂ ਬੈਂਕ ਪ੍ਰਸ਼ਾਸਨ ਕਰਜ਼ਾ ਵਾਪਸ ਨਾ ਲੈ ਕੇ ਕਿਸਾਨ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ : UK: ਅੰਤਰਰਾਸ਼ਟਰੀ ਵਿਦਿਆਰਥੀਆਂ ਸਿਰੋਂ ਬਿਲੀਅਨ ਪੌਂਡ ਖੁੱਸਣ ਦਾ ਡਰ, ਯੂਨੀਵਰਸਿਟੀਆਂ ਦੇ VC's ਨੇ ਦੱਸੀ ਇਹ ਵਜ੍ਹਾ

ਉਥੇ ਹੀ ਇਸ ਪ੍ਰਦਰਸ਼ਨ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪੀੜਤ ਕਿਸਾਨ ਸ਼ਿਵ ਸਿੰਘ ਦਾ ਕਹਿਣਾ ਸੀ ਕਿ ਕਿਸਾਨ ਸ਼ਿਵ ਸਿੰਘ ਵੱਲੋਂ ਉਕਤ ਬੈਂਕ ਕੋਲੋਂ ਲਿਮਟ ਬਣਵਾ ਕੇ 10 ਲੱਖ ਰੁਪਏ ਦਾ ਕਰਜ਼ਾ ਲਿਆ ਗਿਆ ਸੀ। ਸ਼ਿਵ ਸਿੰਘ ਸਮੇਂ ਸਿਰ ਕਰਜ਼ੇ ਦਾ ਵਿਆਜ ਅਦਾ ਕਰਦਾ ਰਿਹਾ ਹੈ ਪਰ ਬੀਤੇ ਸਮੇਂ ਦੌਰਾਨ ਸ਼ਿਵ ਸਿੰਘ ਦੇ ਬੇਟੇ ਦੀ ਮੌਤ ਹੋ ਜਾਣ ਕਾਰਨ ਵਿਆਜ ਅਦਾ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਦਾ ਖਾਤਾ ਡਿਫਾਲਟਰ ਹੋ ਗਿਆ। ਬੈਂਕ ਦਾ ਫੀਲਡ ਅਫ਼ਸਰ ਬਲਜਿੰਦਰ ਸਿੰਘ ਬੈਂਕ ਮੈਨੇਜਰ ਦਲਬੀਰ ਸਿੰਘ ਵੱਲੋਂ ਸ਼ਿਵ ਸਿੰਘ 'ਤੇ ਕਰਜ਼ਾ ਉਤਾਰਨ ਦਾ ਦਬਾਅ ਬਣਾਇਆ ਜਾਣ ਲੱਗਾ। ਅਖੀਰ 'ਚ ਸ਼ਿਵ ਸਿੰਘ ਨੂੰ ਸੈਟਲਮੈਂਟ ਦੀ ਆਫਰ ਕੀਤੀ ਗਈ ਤੇ ਕਿਹਾ ਗਿਆ ਕਿ ਜੇਕਰ 2 ਕਿਸ਼ਤਾਂ ਵਿੱਚ ਪੈਸੇ ਜਮ੍ਹਾਂ ਕਰਵਾਉਗੇ ਤਾਂ ਸਾਢੇ 7 ਲੱਖ ਜਮ੍ਹਾ ਕਰਵਾਉਣੇ ਪੈਣਗੇ ਅਤੇ ਜੇਕਰ ਇਕ ਕਿਸ਼ਤ ਵਿੱਚ ਪੈਸੇ ਜਮ੍ਹਾ ਕਰਵਾ ਦਿੰਦੇ ਹੋ ਤਾਂ ਸਾਢੇ 4 ਲੱਖ ਰੁਪਏ ਹੀ ਜਮ੍ਹਾ ਕਰਵਾਉਣੇ ਪੈਣਗੇ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ MP ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਦਾ ਮੁੱਦਾ ਗੰਭੀਰਤਾ ਨਾਲ ਉਠਾਉਣ : ਸੰਤ ਸੀਚੇਵਾਲ

ਇਸ ਨੂੰ ਦੇਖਦਿਆਂ ਸ਼ਿਵ ਸਿੰਘ ਨੇ 5 ਲੱਖ ਰੁਪਏ ਬਜ਼ਾਰ 'ਚੋਂ ਵਿਆਜ 'ਤੇ ਚੁੱਕ ਕੇ ਜਦੋਂ ਬੈਂਕ ਵਿੱਚ ਇਕੋ ਵਾਰ ਵਿਚ ਕਰਜ਼ੇ ਨੂੰ ਖਤਮ ਕਰਨ ਲਈ ਜਮ੍ਹਾ ਕਰਵਾਉਣ ਪਹੁੰਚਇਆ ਤਾਂ ਬੈਂਕ ਪ੍ਰਸ਼ਾਸਨ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਸ਼ਿਵ ਸਿੰਘ ਕਿਸਾਨ ਜਥੇਬੰਦੀ ਨੂੰ ਨਾਲ ਲੈ ਕੇ ਪਹੁੰਚਿਆ ਤਾਂ ਫੀਲਡ ਅਫ਼ਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਤੁਸੀਂ ਹੁਣ ਕਿਸਾਨ ਜਥੇਬੰਦੀ ਨਾਲ ਲੈ ਕੇ ਆ ਗਏ ਹੋ, ਇਸ ਲਈ ਹੁਣ ਕੋਈ ਸੈਟਲਮੈਂਟ ਨਹੀਂ, ਤੁਹਾਨੂੰ ਪੂਰਾ ਕਰਜ਼ਾ ਚੁਕਾਉਣਾ ਪਵੇਗਾ। ਬੈਂਕ ਦੀ ਇਸ ਤਰ੍ਹਾਂ ਦੀ ਵਧੀਕੀ ਦੇ ਖ਼ਿਲਾਫ਼ ਬੈਂਕ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜੇਕਰ ਬੈਂਕ ਨੇ ਆਪਣਾ ਇਸੇ ਤਰ੍ਹਾਂ ਦਾ ਰੁਖ ਬਣਾਈ ਰੱਖਿਆ ਤਾਂ 15 ਫਰਵਰੀ ਤੋਂ ਬੈਂਕ ਦਾ ਪੱਕੇ ਤੌਰ 'ਤੇ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਨੂੰ ਕਰਜ਼ਾ ਦੇਣ ਲਈ ਇਕ ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਉਥੇ ਹੀ ਉਕਤ ਬੈਂਕ ਦੇ ਮੈਨੇਜਰ ਦਲਬੀਰ ਸਿੰਘ ਦਾ ਕਹਿਣਾ ਸੀ ਕਿ ਸ਼ਿਵ ਸਿੰਘ ਕਿਸਾਨ ਨਾਲ ਕਰਜ਼ੇ ਨੂੰ ਲੈ ਕੇ ਸੈਟਲਮੈਂਟ ਦੀ ਗੱਲ ਹੋਈ ਸੀ ਪਰ ਅਸੀਂ ਵੀ ਕੇਸ ਉੱਚ ਅਧਿਕਾਰੀਆਂ ਨੂੰ ਭੇਜਣਾ ਹੁੰਦਾ ਹੈ, ਉਤੋਂ ਜਿਵੇਂ ਸੈਟਲਮੈਂਟ ਦੀਆਂ ਹਦਾਇਤਾਂ ਮਿਲਦੀਆਂ ਹਨ, ਉਸੇ ਮੁਤਾਬਕ ਫੈਸਲਾ ਲਿਆ ਜਾਂਦਾ ਹੈ। ਇਸ ਵਿੱਚ ਬ੍ਰਾਂਚ ਮੈਨੇਜਰ ਜਾਂ ਫਿਰ ਫੀਲਡ ਅਫ਼ਸਰ ਕੁਝ ਨਹੀਂ ਕਰ ਸਕਦਾ, ਬਾਕੀ ਅਸੀਂ ਦੁਬਾਰਾ ਉੱਚ ਅਧਿਕਾਰੀਆਂ ਨੂੰ ਇਸ ਕੇਸ ਬਾਰੇ ਲਿਖ ਕੇ ਭੇਜ ਦੇਵਾਂਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News