ਕਿਸਾਨਾਂ ਨੇ ਸਮਰਾਲਾ ’ਚ ਘੇਰਿਆ ਲੁਧਿਆਣਾ-ਚੰਡੀਗੜ੍ਹ ਟੋਲ ਪਲਾਜਾ

10/06/2020 8:49:44 PM

ਸਮਰਾਲਾ, (ਗਰਗ, ਬੰਗੜ)- ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਪੰਜਾਬ ’ਚ ਰੇਲਾਂ ਰੋਕਣ ਤੋਂ ਇਲਾਵਾ ਨੈਸ਼ਨਲ ਹਾਈਵੇ ਦੇ ਟੋਲ ਪਲਾਜੇ ਘੇਰਦੇ ਹੋਏ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇਥੇ ਸੈਂਕੜੇ ਹੀ ਕਿਸਾਨਾਂ ਨੇ ਲੁਧਿਆਣਾ-ਚੰਡੀਗੜ ਟੋਲ ਪਲਾਜਾ ਨੂੰ ਪੂਰੀ ਤਰ੍ਹਾਂ ਘੇਰਦੇ ਹੋਏ ਟੋਲ ਕਰਮਚਾਰੀਆਂ ਵੱਲੋਂ ਵਾਹਨਾਂ ਤੋਂ ਕੀਤੀ ਜਾ ਰਹੀ ਉਗਰਾਹੀ ਨੂੰ ਬੰਦ ਕਰਵਾ ਦਿੱਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਖੇਤੀ ਬਿੱਲ ਵਾਪਸ ਲਏ ਜਾਣ ਦਾ ਫੈਸਲਾ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਸੰਘਰਸ਼ ਦਾ ਰਾਹ ਨਹੀਂ ਛੱਡਣਗੇ। ਸ. ਖੀਰਨੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਨੂੰ ਜਾਰੀ ਰੱਖਦੇ ਹੋਏ ਮੋਦੀ ਸਰਕਾਰ ਕੋਲੋਂ ਖੇਤੀ ਬਿੱਲ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੇ ਕਿਸਾਨਾਂ ਨੂੰ ਮੋਰਚੇ ਲਗਾਉਣ ਲਈ ਮਜ਼ਬੂਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ ਵਿਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਛੇਵੇ ਦਿਨ ਵਿਚ ਸ਼ਾਮਲ ਹੋ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਹੁਣ ਟੋਲ ਪਲਾਜਾ ਸਮੇਤ ਅੰਡਾਨੀ ਤੇ ਅੰਬਾਨੀ ਗਰੁੱਪ ਦੇ ਅਦਾਰੇ ਘੇਰਨ ਦਾ ਫੈਸਲਾ ਵੀ ਲਿਆ ਗਿਆ।

ਇਸ ਤੋਂ ਪਹਿਲਾ ਅਨੇਕਾ ਹੀ ਹੋਰ ਕਿਸਾਨ ਆਗੂਆਂ ਦੀ ਅਗਵਾਈ ’ਚ ਭੜਕੇ ਹੋਏ ਕਿਸਾਨਾਂ ਵੱਲੋਂ ਟੋਲ ਪਲਾਜਾ ਦੇ ਤਿੰਨ ਲਾਂਘਿਆਂ ’ਤੇ ਧਰਨਾ ਦਿੰਦੇ ਹੋਏ ਬੰਦ ਕਰ ਦਿੱਤੇ ਗਏ ਅਤੇ ਚੌਥੇ ਲਾਂਘੇ ਰਾਹੀ ਸਾਰੇ ਵਾਹਨ ਮੁਫ਼ਤ ਵਿਚ ਲੰਘਾਏ ਜਾਣ ਲੱਗੇ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਾਲੇ ਤਾਂ ਕਿਸਾਨਾਂ ਨੇ ਚਿਤਾਵਨੀ ਵਜੋਂ ਪੰਜਾਬ ਵਿਚ ਸਿਰਫ ਰੇਲਾਂ ਦੀ ਐਂਟਰੀ ਰੋਕੀ ਹੈ, ਜੇਕਰ ਕੇਂਦਰ ਸਰਕਾਰ ਨੂੰ ਝੁਕਾਉਣ ਲਈ ਹੋਰ ਵੀ ਵੱਡੇ ਫੈਸਲੇ ਲੈਣੇ ਪਏ ਤਾਂ ਕਿਸਾਨ ਇਸ ਲਈ ਤਿਆਰ ਬੈਠੇ ਹਨ।

ਅੱਜ ਦੇ ਇਸ ਕਿਸਾਨ ਸੰਘਰਸ਼ ਦੌਰਾਨ ਸਮਰਾਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਅਗਵਾਈ ’ਚ ਸੰਸਥਾ ਦੇ ਮੈਂਬਰਾਂ ਸਮੇਤ ਹੋਰ ਵੀ ਅਨੇਕਾਂ ਸਮਾਜਿਕ ਜਥੇਬੰਦੀਆਂ ਵੱਲੋਂ ਧਰਨੇ ਵਿਚ ਸ਼ਮੂਲੀਅਤ ਕਰਦੇ ਹੋਏ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ।

ਇਸ ਮੌਕੇ ਉੱਤਮ ਸਿੰਘ ਬਰਵਾਲੀ, ਸਰਪੰਚ ਹਰਪ੍ਰੀਤ ਸਿੰਘ ਭੰਗਲਾ, ਸਵਰਨਜੀਤ ਸਿੰਘ ਘੁਲਾਲ, ਮਲਕੀਤ ਸਿੰਘ, ਹਰੀਪਾਲ ਸਿੰਘ, ਹਰਜੀਤ ਸਿੰਘ ਲੋਪੋਂ, ਰਮਨਦੀਪ ਸਿੰਘ ਪੂਨੀਆਂ, ਸੁਖਵਿੰਦਰ ਸਿੰਘ ਰੋਹਲੇ, ਬਚਿੱਤਰ ਸਿੰਘ ਨੀਲੋਂ, ਜਸਵੀਰ ਸਿੰਘ ਮਾਦਪੁਰ, ਹਰਦੀਪ ਸਿੰਘ ਭਰਥਲਾ, ਮਲਕੀਤ ਸਿੰਘ ਪੂਨੀਆ ਅਤੇ ਜਸਵੀਰ ਸਿੰਘ ਲੱਲ ਕਲਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

ਰੇਲਾਂ ਰੋਕਣ ਲਈ ਸਮਰਾਲਾ ਦੇ ਰੇਲਵੇ ਸਟੇਸ਼ਨ ’ਤੇ ਵੀ ਵੱਡੀ ਗਿਣਤੀ ’ਚ ਡੱਟੇ ਰਹੇ ਕਿਸਾਨ

ਸਮਰਾਲਾ, (ਗਰਗ, ਬੰਗੜ)-ਪੰਜਾਬ ’ਚ ਰੇਲਾ ਰੋਕਣ ਲਈ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਅਣਮਿਥੇ ਸਮੇਂ ਦਾ ਧਰਨਾ ਅੱਜ ਛੇਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨਾਂ ਦੇ ਪਹਿਲੀ ਅਕਤੂਬਰ ਤੋਂ ‘ਰੇਲ ਰੋਕੋ’ ਅੰਦੋਲਨ ਕਾਰਨ ਪੰਜਾਬ ਦਾ ਰੇਲ ਸੰਪਰਕ ਪੂਰੇ ਦੇਸ਼ ਨਾਲੋਂ ਕੱਟਿਆ ਹੋਇਆ ਹੈ। ਇਸ ਦੌਰਾਨ ਅੱਜ ਇਥੇ ਵੱਡੀ ਗਿਣਤੀ ’ਚ ਇਲਾਕੇ ਦੇ ਕਿਸਾਨਾਂ ਵੱਲੋਂ ਪਰਿਵਾਰਾਂ ਸਮੇਤ ਸਮਰਾਲਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਧਰਨੇ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਖਿਲਾਫ਼ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਕਿਰਸਾਨੀ ਤਬਾਹ ਕਰਨ ਤੋਂ ਰੋਕਣ ਲਈ ਹਰ ਵੱਡਾ ਅੰਦੋਲਨ ਕੀਤਾ ਜਾਵੇਗਾ। ਪੰਜਾਬ ਦਾ ਕਿਸਾਨ ਕਿਸੇ ਦੀ ਗੁਲਾਮੀ ਕਰਨ ਨਾਲੋਂ ਸੰਘਰਸ਼ ਦੇ ਰਾਹ ਪੈ ਕੇ ਕੁਰਬਾਨੀ ਦੇਣ ਨੂੰ ਤਰਜੀਹ ਦੇਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਕਿਸਾਨਾਂ ਦੀਆਂ ਭਾਵਾਨਾਵਾਂ ਨੂੰ ਸਮਝਦੇ ਹੋਏ ਆਪਣਾ ਅੜੀਅਲ ਵਤੀਰਾ ਛੱਡਦੇ ਹੋਏ ਖੇਤੀ ਬਿੱਲ ਰੱਦ ਕਰਨ ਦਾ ਫੈਸਲਾ ਤੁਰੰਤ ਲੈਣਾ ਚਾਹੀਦਾ ਹੈ।

ਇਸ ਮੌਕੇ ਪਰਮਜੀਤ ਸਿੰਘ, ਪਿਆਰਾ ਸਿੰਘ, ਗੁਰਪ੍ਰੀਤ ਸਿੰਘ ਊਰਨਾ, ਰਣਧੀਰ ਸਿੰਘ ਖੱਟਰਾਂ, ਅਵਤਾਰ ਸਿੰਘ, ਕੁਲਵਿੰਦਰ ਸਿੰਘ ਪੂਰਬਾ, ਜਸਪਾਲ ਸਿੰਘ ਜੱਜ, ਗਿਆਨ ਸਿੰਘ ਮੰਡ, ਸੁਖਰਾਜ ਸਿੰਘ ਸ਼ੇਰਗਿੱਲ, ਹਰਦੀਪ ਸਿੰਘ ਭਰਥਲਾ, ਰਜਿੰਦਰ ਸਿੰਘ ਕੋਟ ਪਨੈਚ ਅਤੇ ਪ੍ਰਗਟ ਸਿੰਘ ਕੋਟ ਪਨੈਚ ਆਦਿ ਆਗੂ ਹਾਜ਼ਰ ਸਨ।


Bharat Thapa

Content Editor

Related News