ਆਰਥਿਕ ਤੰਗੀ ਤੇ ਮਾਂ ਦੀ ਮੌਤ ਤੋਂ ਦੁੱਖੀ ਹੋਏ ਕਿਸਾਨ ਨੇ ਕੀਤੀ ਖੁਦਕੁਸ਼ੀ

04/17/2017 7:02:59 PM

ਰਾਏਕੋਟ (ਰਛੀਨ)— ਆਰਥਿਕ ਤੰਗੀ ਕਾਰਨ ਵੱਧਦੀ ਜਾ ਰਹੀ ਕਰਜ਼ੇ ਦੇ ਪੰਡ ਦੇ ਬੋਝ ਤੋਂ ਦੁੱਖੀ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਲੜੀ ਵਿਚ ਉਸ ਸਮੇਂ ਹੋਰ ਵਾਧਾ ਹੋ ਗਿਆ, ਜਦੋਂ ਆਰਥਿਕ ਤੰਗੀ ਤੋਂ ਦੁੱਖੀ ਪਿੰਡ ਝੋਰੜਾਂ ਦੇ ਵਸਨੀਕ ਇਕ ਕਿਸਾਨ ਨੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਬੂਟਾ ਸਿੰਘ(35) ਪੁੱਤਰ ਜਗੀਰ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕੋਲ 14 ਏਕੜ ਜ਼ਮੀਨ ਸੀ ਪਰ ਹਰ ਸਾਲ ਖੇਤੀਬਾੜੀ ''ਚ ਘਾਟਾ ਪੈਣ ਕਾਰਨ ਉਸ ਦੀ ਜ਼ਮੀਨ ਵਿਕ ਗਈ, ਸਗੋਂ ਹੁਣ ਉਹ 14-15 ਏਕੜ ਜ਼ਮੀਨ ਠੇਕੇ ''ਤੇ ਲੈ ਕੇ ਖੇਤੀਬਾੜੀ ਕਰਦਾ ਸੀ ਪਰ ਝੋਨੇ ਦੇ ਸੀਜ਼ਨ ਦੌਰਾਨ ਫਸਲ ਵਿਚ ਉਨ੍ਹਾਂ ਨੂੰ ਫਿਰ ਘਾਟਾ ਪੈ ਗਿਆ। ਜਿਸ ਕਾਰਨ ਉਹ ਅਗਲਾ ਠੇਕਾ ਨਹੀਂ ਦੇ ਸਕਿਆ ਅਤੇ ਉਹ ਕਣਕ ਦੀ ਫਸਲ ਦੀ ਬਿਜਾਈ ਨਾ ਕਰ ਸਕਿਆ। ਇਸ ਵਜ੍ਹਾ ਕਾਰਨ ਉਹ 5-6 ਮਹੀਨਿਆਂ ਤੋਂ ਦਿਮਾਗੀ ਤੌਰ ''ਤੇ ਪ੍ਰੇਸ਼ਾਨ ਚੱਲਦਾ ਆ ਰਿਹਾ ਸੀ। ਬੀਤੇ ਕੱਲ੍ਹ ਬੂਟਾ ਸਿੰਘ ਦੀ ਮਾਤਾ ਬਲਵੀਰ ਕੌਰ(62) ਦੀ ਮੌਤ ਹੋ ਗਈ। ਜਿਸ ਦੇ ਸਸਕਾਰ ਤੋਂ ਬਾਅਦ ਉਹ ਕਾਫੀ ਮਾਯੂਸ ਤੇ ਉਦਾਸ ਹੋ ਗਿਆ ਅਤੇ ਬੀਤੀ ਰਾਤ ਉਸ ਨੇ ਜ਼ਹਿਰੀਲੀ ਵਸਤੂ ਨਿਗਲ ਲਈ।
ਹਾਲਾਤ ਖਾਰਾਬ ਹੋਣ ਕਾਰਨ ਬੂਟਾ ਸਿੰਘ ਨੂੰ ਸਥਾਨਕ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਪਿਤਾ, ਪਤਨੀ ਸੰਦੀਪ ਕੌਰ, ਇਕ ਪੁੱਤਰ(12) ਅਤੇ ਪੁੱਤਰੀ(5) ਨੂੰ ਛੱਡ ਗਿਆ। ਇਸ ਸਬੰਧ ਵਿਚ ਪੁਲਸ ਥਾਣਾ ਹਠੂਰ ਦੇ ਏ.ਐਸ.ਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।


Gurminder Singh

Content Editor

Related News