ਕਿਸਾਨ ਅੰਦੋਲਨ : ਸੰਘਰਸ਼ ’ਚ ਮੋਹਰੀ ਰਹੇ ਇਹ ਕਿਸਾਨ ਆਗੂ, ਨਿਭਾਈ ਅਹਿਮ ਭੂਮਿਕਾ

Friday, Nov 19, 2021 - 04:09 PM (IST)

ਕਿਸਾਨ ਅੰਦੋਲਨ : ਸੰਘਰਸ਼ ’ਚ ਮੋਹਰੀ ਰਹੇ ਇਹ ਕਿਸਾਨ ਆਗੂ, ਨਿਭਾਈ ਅਹਿਮ ਭੂਮਿਕਾ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਲਹਿਰ ਵੇਖੀ ਜਾ ਸਕਦੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵੱਡੀ ਗਿਣਤੀ ’ਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਪਿਛਲੇ ਕਈ ਮਹੀਨਿਆਂ ’ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੀਆਂ ਹੋਈਆਂ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਜਗਬਾਣੀ ਦੀ ਖ਼ਬਰ ‘ਤੇ ਲੱਗੀ ਮੋਹਰ, ਪਹਿਲਾਂ ਹੀ ਦੇ ਦਿੱਤੀ ਸੀ ਕਾਨੂੰਨ ਰੱਦ ਹੋਣ ਬਾਰੇ ਜਾਣਕਾਰੀ

ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਸੰਘਰਸ਼ ਕਰਨ ਵਾਲੇ ਕਿਸਾਨਾਂ ਨੂੰ ਸਾਲ ਹੋਣ ਵਾਲਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਸਦਕਾ ਅੱਜ ਦੇਸ਼ ਦੇ ਹਰ ਨਾਗਰਿਕ ਵਿੱਚ ਕ੍ਰਾਂਤੀਕਾਰੀ ਜਾਗਰੂਕਤਾ ਪੈਦਾ ਹੋਈ ਹੈ। ਇੰਨਾ ਲੰਮਾ ਹੋ ਜਾਣ ਦੇ ਬਾਵਜੂਦ ਸੰਘਰਸ਼ ਹਾਲੇ ਤੱਕ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਅਨੁਸ਼ਾਸਨ ਦੇ ਦਾਇਰੇ ਵਿੱਚ ਹੈ। ਯਕੀਨਨ ਇਸ ਸਭ ਦਾ ਸਿਹਰਾ ਉਕਤ ਸੰਘਰਸ਼ ਦੇ ਸਮੁੱਚੇ ਆਗੂਆਂ ਅਤੇ ਇਸ ਨਾਲ ਜੁੜੇ ਹਰ ਉਸ ਸ਼ਖ਼ਸ ਨੂੰ ਜਾਂਦਾ ਹੈ, ਜਿਸ ਨੇ ਆਪਣੀ ਦੂਰ ਅੰਦੇਸ਼ੀ ਅਤੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਸੰਘਰਸ਼ ਨੂੰ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਬਣਾਉਂਦੇ ਹੋਏ ਦੁਨੀਆ ਲਈ ਇਕ ਮਿਸਾਲ ਬਣਾ ਕੇ ਰੱਖ ਦਿੱਤਾ ਹੈ । 

ਉਕਤ ਸੰਘਰਸ਼ ਵਿੱਚ ਮੋਹਰੀ ਭੂਮਿਕਾਵਾਂ ਨਿਭਾਉਣ ਵਾਲੇ ਕੁਝ ਚਰਚਿਤ ਚਿਹਰਿਆਂ ਵਾਲੇ ਆਗੂਆਂ ਦੀ ਗੱਲ ਕਰਦੇ ਹੋਏ, ਜਿਨ੍ਹਾਂ ਨੇ ਇਸ ਪੂਰੇ ਸੰਘਰਸ਼ ਨੂੰ ਇਕ ਮਿਸਾਲੀ ਸੰਘਰਸ਼ ਬਣਾਉਣ ਅਤੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਜਿਨ੍ਹਾਂ ਆਗੂਆਂ ਦੀਆਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਤੀਆਂ ਦਲੀਲਾਂ ਸਾਹਮਣੇ ਕੇਂਦਰ ਸਰਕਾਰ ਦੇ ਵੱਡੇ ਤੋਂ ਵੱਡੇ ਮੰਤਰੀਆਂ ਦੇ ਮੂੰਹ ਟੱਡੇ ਰਹਿ ਗਏ ਹਨ ਅਤੇ ਜਿਨ੍ਹਾਂ ਦੀਆਂ ਤਕਰੀਰਾਂ ਨੂੰ ਅੱਜ ਹਰ ਆਮ ਖ਼ਾਸ ਬੰਦਾ ਸੁਣਦਾ ਹੈ, ਉਨ੍ਹਾਂ ਤੋਂ ਸੇਧ ਪ੍ਰਾਪਤ ਕਰਦਾ ਜਾਪਦਾ ਹੈ। ਉਕਤ ਸੰਘਰਸ਼ ਵਿੱਚ ਪੂਰੇ ਭਾਰਤ ਦੀਆਂ ਤਕਰੀਬਨ ਪੰਜ ਸੌ ਕਿਸਾਨ ਜਥੇਬੰਦੀਆਂ ਸੰਘਰਸ਼ਸ਼ੀਲ ਹਨ। ਇਨ੍ਹਾਂ ’ਚੋਂ ਕੁਝ ਕੁ ਜਥੇਬੰਦੀਆਂ ਦੇ ਆਗੂਆਂ ਬਾਰੇ ਜੋ ਥੋੜ੍ਹੀ ਬਹੁਤ ਜਾਣਕਾਰੀ ਹੈ, ਉਹ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। 

ਪੜ੍ਹੋ ਇਹ ਵੀ ਖ਼ਬਰ ਬਟਾਲਾ ਨੇੜੇ ਵਾਪਰਿਆ ਦਿਲ-ਕੰਬਾਊ ਹਾਦਸਾ: ਕਾਰ ਦੇ ਉੱਡੇ ਚੀਥੜੇ, ਵਿਆਹ ਤੋਂ ਪਰਤੇ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਬਲਬੀਰ ਸਿੰਘ ਰਾਜੇਵਾਲ
ਇਨ੍ਹਾਂ ਵਿਚੋਂ ਇਕ ਆਗੂ ਬਲਬੀਰ ਸਿੰਘ ਰਾਜੇਵਾਲ ਹਨ। 77 ਸਾਲਾ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹਨ। ਬਲਬੀਰ ਸਿੰਘ ਦਾ ਪਿਛੋਕੜ ਖੰਨਾ ਦੇ ਪਿੰਡ ਰਾਜੇਵਾਲ ਦਾ ਹੈ। ਉਹ ਸਥਾਨਕ ਏ.ਐੱਸ. ਕਾਲਜ ਤੋਂ ਐੱਫ਼. ਏ ਪਾਸ ਹਨ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਦੇ ਸੰਵਿਧਾਨ ਨੂੰ ਤਿਆਰ ਕਰਨ ਦਾ ਸਿਹਰਾ ਰਾਜੇਵਾਲ ਦੇ ਸਿਰ ਬੱਝਦਾ ਹੈ। ਰਾਜੇਵਾਲ ਸਥਾਨਕ ਮਾਲਵਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੁਖੀ ਵੀ ਹਨ, ਜੋ ਸਮਰਾਲੇ ਖੇਤਰ ਦਾ ਇਸ ਸਮੇਂ ਮੋਹਰੀ ਵਿੱਦਿਅਕ ਅਦਾਰਾ ਹੈ। ਉਨ੍ਹਾਂ ਦੇ ਪ੍ਰਭਾਵ ਦਾ ਮੁੱਖ ਖੇਤਰ ਲੁਧਿਆਣਾ ਦੇ ਆਸਪਾਸ ਦਾ ਕੇਂਦਰੀ ਪੰਜਾਬ ਹੈ। ਰਾਜੇਵਾਲ ਹੁਰਾਂ ਦੇ ਸੰਦਰਭ ਵਿੱਚ ਕਿਸਾਨ ਆਗੂ ਗੁਰਮਿੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ, ''ਰਾਜੇਵਾਲ ਪੰਜਾਬ ਦੇ ਤੇਜ਼ ਤਰਾਰ ਕਿਸਾਨ ਆਗੂ ਸਮਝੇ ਜਾਂਦੇ ਹਨ। ਉਹ ਕਿਸਾਨੀ ਮੁੱਦਿਆਂ ’ਤੇ ਅੱਗੇ ਹੋ ਕੇ ਕਿਸਾਨੀ ਪੱਖ ਪੇਸ਼ ਕਰਨ ਕਰਕੇ ਕਿਸਾਨੀ ਅੰਦੋਲਨ ਦਾ ਚਿਹਰਾ ਬਣ ਗਏ ਹਨ।'' ਗਰੇਵਾਲ ਹੁਰਾਂ ਦਾ ਇਹ ਵੀ ਕਹਿਣਾ ਹੈ ਕਿ ਰਾਜੇਵਾਲ ਨੇ ਕਦੇ ਵੀ ਸਿਆਸੀ ਚੋਣ ਨਹੀਂ ਲੜੀ ਅਤੇ ਨਾ ਹੀ ਕੋਈ ਸਿਆਸੀ ਅਹੁਦਾ ਸਵੀਕਾਰ ਕੀਤਾ, ਇਸੇ ਲਈ ਉਹ ਇਲਾਕੇ ਵਿਚ ਪ੍ਰਭਾਵਸ਼ਾਲੀ ਤੇ ਸਤਿਕਾਰਤ ਸਖ਼ਸ਼ੀਅਤ ਹੈ। ਜਿਕਰਯੋਗ ਹੈ ਕਿ ਇਸ ਸਮੇਂ ਉਹ ਲਗਭਗ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲੇ ਫਰੰਟ ਵਿੱਚ ਸ਼ਾਮਲ ਹਨ। ਮੌਜੂਦਾ ਇਸ ਕਿਸਾਨੀ ਸੰਘਰਸ਼ ਦੇ ਡਿਮਾਂਡ ਚਾਰਟਰ ਆਦਿ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਦੀ ਮਹਤੱਵਪੂਰਨ ਭੂਮਿਕਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ

ਜੋਗਿੰਦਰ ਸਿੰਘ ਉਗਰਾਹਾਂ
ਪੰਜਾਬ ਦੇ ਕਿਸਾਨਾਂ ਦੇ ਇਕ ਹੋਰ ਜੁਝਾਰੂ ਆਗੂ ਜੋਗਿੰਦਰ ਸਿੰਘ ਉਗਰਾਹਾਂ ਹਨ। ਜੋਗਿੰਦਰ ਸਿੰਘ ਭਾਰਤੀ ਕਿਸਾਨ ਲਹਿਰ ਦੇ ਪ੍ਰਮੁੱਖ ਚਿਹਰਿਆਂ ਵਿੱਚ ਇੱਕ ਹਨ। ਉਗਰਾਹਾਂ ਦਾ ਸੰਬੰਧ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਸੁਨਾਮ ਨਾਲ ਹੈ। ਉਨ੍ਹਾਂ ਦਾ ਪਾਲਣ ਪੋਸ਼ਣ ਨਿਰੋਲ ਰੂਪ ਵਿਚ ਇਕ ਕਿਸਾਨੀ ਪਰਿਵਾਰ ਵਿੱਚ ਹੋਇਆ ਹੈ। ਜੋਗਿੰਦਰ ਭਾਰਤੀ ਫ਼ੌਜ ਵਿੱਚ ਸੇਵਾਮੁਕਤੀ ਉਪਰੰਤ ਕਿਸਾਨੀ ਵੱਲ ਆ ਗਏ ਅਤੇ ਸਾਲ 2002 ਵਿੱਚ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ। ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਕਿਸਾਨੀ ਮੁੱਦਿਆਂ ’ਤੇ ਸੰਘਰਸ਼ ਕਰਦੇ ਆ ਰਹੇ ਹਨ। ਉਗਰਾਹਾਂ ਹੁਰੀਂ ਕਮਾਲ ਦੇ ਬੁਲਾਰੇ ਹਨ। ਉਨ੍ਹਾਂ ਦੀ ਇਸੇ ਕਲਾ ਅਤੇ ਲੋਕਾਂ ਨੂੰ ਲਾਮਬੰਦ ਕਰਨ ਦੀ ਸਮਰੱਥਾ ਕਾਰਨ ਉਗਰਾਹਾਂ ਜਥੇਬੰਦੀ ਲੋਕ ਅਧਾਰ ਪੱਖੋਂ ਪੰਜਾਬ ਦੀ ਮੁੱਖ ਕਿਸਾਨ ਜਥੇਬੰਦੀ ਹੈ। ਪੰਜਾਬ ਦਾ ਮਾਲਵਾ ਖੇਤਰ ਨੂੰ ਇਸ ਦਾ ਗੜ੍ਹ ਮੰਨਿਆ ਜਾਂਦਾ ਹੈ। ਉਗਰਾਹਾਂ ਹੁਰਾਂ ਦੀ ਨਿਸ਼ਕਾਮ ਸੇਵਾ ਭਾਵਨਾ ਦੀ ਗਵਾਹੀ ਦਿੰਦਿਆਂ ਪੱਤਰਕਾਰ ਕੰਵਲਜੀਤ ਲਹਿਰਾਗਾਗਾ ਹੁਰਾਂ ਦਾ ਕਹਿਣਾ ਹੈ ਕਿ, "ਮੈਂ ਉਗਰਾਹਾਂ ਨੂੰ ਪਿਛਲੇ 20-25 ਸਾਲਾਂ ਤੋਂ ਕਿਸਾਨ ਹਿੱਤਾਂ ਲਈ ਜੂਝਦੇ ਦੇਖਦਾ ਆ ਰਿਹਾ ਹਾਂ, ਉਹ ਖੱਬੇਪੱਖੀ ਵਿਚਾਰਧਾਰਾ ਵਾਲੇ ਕਿਸਾਨ ਆਗੂ ਹਨ, ਉਨ੍ਹਾਂ ਨੂੰ ਕਦੇ ਵੀ ਕਿਸੇ ਨਿੱਜੀ ਮੁਫ਼ਾਦ ਲਈ ਲੜਦੇ ਨਹੀਂ ਦੇਖਿਆ।''

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਜਗਮੋਹਨ ਸਿੰਘ 
ਇਕ ਹੋਰ ਪੰਜਾਬ ਦੇ ਬੜੇ ਸਤਿਕਾਰ ਯੋਗ ਕਿਸਾਨ ਆਗੂਆਂ ਵਿੱਚੋਂ ਜਗਮੋਹਨ ਸਿੰਘ ਹਨ, ਜਿਨ੍ਹਾਂ ਦਾ ਸਬੰਧ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਰਮਾ ਨਾਲ ਹੈ। ਉਹ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਹਨ, ਜੋ ਉਗਰਾਹਾਂ ਤੋਂ ਬਾਅਦ ਵੱਡੀ ਦੂਜੇ ਨੰਬਰ ਦੀ ਜਥੇਬੰਦੀ ਕਹੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਜਗਮੋਹਨ ਸਿੰਘ ਸਾਲ 1984 ਦੇ ਸਿੱਖ ਵਿਰੋਧੀ ਕਤਲੇਆਮ ਤੋਂ ਬਾਅਦ ਪੂਰੇ ਸਮੇਂ ਲਈ ਸਮਾਜਿਕ ਕਾਰਕੁਨ ਬਣ ਗਏ। ਜਗਮੋਹਨ ਸਿੰਘ ਹੁਣ ਤੱਕ ਸੂਬੇ ਵਿੱਚ ਲੜੇ ਜਾਣ ਵਾਲੇ ਵੱਖ-ਵੱਖ ਸੰਘਰਸ਼ਾਂ ਅਤੇ ਘੋਲਾਂ ਦੌਰਾਨ ਮੋਹਰੀ ਭੂਮਿਕਾ ਨਿਭਾਉਂਦੇ ਆਏ ਹਨ। ਇਹੋ ਵਜ੍ਹਾ ਹੈ ਕਿ ਜਗਮੋਹਨ ਸਿੰਘ ਦੀ ਕਿਸਾਨ ਸੰਘਰਸ਼ ਪ੍ਰਤੀ ਸਿਦਕਦਿਲੀ ਕਾਰਨ ਉਨ੍ਹਾਂ ਨੂੰ ਆਪਣੀ ਜਥੇਬੰਦੀ ਵਿੱਚੋਂ ਹੀ ਨਹੀਂ ਬਲਕਿ ਦੂਜੀਆਂ ਜਥੇਬੰਦੀਆਂ ਦਾ ਸਮਰਥਨ ਵੀ ਮਿਲਦਾ ਰਿਹਾ ਹੈ। 

ਡਾ. ਦਰਸ਼ਨ ਪਾਲ
ਚਰਚਿਤ ਕਿਸਾਨ ਆਗੂ, ਜਿਨ੍ਹਾਂ ਨੂੰ ਅਕਸਰ ਇਸ ਸੰਘਰਸ਼ ਦੌਰਾਨ ਪ੍ਰੈੱਸ ਕਾਨਫਰੰਸਾਂ ਵਿਚਕਾਰ ਵੇਖਿਆ ਜਾਂਦਾ ਹੈ, ਉਹ ਡਾ. ਦਰਸ਼ਨ ਪਾਲ ਹਨ। ਡਾ. ਦਰਸ਼ਨ ਪਾਲ ਵੀ ਉਕਤ 30 ਜਥੇਬੰਦੀਆਂ ਦੇ ਕੋਆਰਡੀਨੇਟਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਨ। ਇਨ੍ਹਾਂ ਦਾ ਮੁੱਖ ਪ੍ਰਭਾਵ ਤੇ ਆਧਾਰ ਪਟਿਆਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਦੱਸਿਆ ਜਾਂਦਾ ਹੈ। ਇਕ ਰਿਪੋਰਟ ਅਨੁਸਾਰ ਡਾ. ਦਰਸ਼ਨ ਪਾਲ ਨੇ 1973 ਵਿੱਚ ਐੱਮ.ਬੀ.ਬੀ.ਐੱਸ., ਐੱਮ.ਡੀ. ਕਰਨ ਤੋਂ ਬਾਅਦ ਸਰਕਾਰੀ ਨੌਕਰੀ ਕੀਤੀ। ਡਾ. ਦਰਸ਼ਨ ਪਾਲ ਆਪਣੇ ਵਿਦਿਆਰਥੀ ਜੀਵਨ ਦੌਰਾਨ ਅਰਥਾਤ ਕਾਲਜ ਦੇ ਦਿਨਾਂ ਵਿੱਚ ਤੇ ਉਸ ਉਪਰੰਤ ਨੌਕਰੀ ਦੌਰਾਨ ਡਾਕਟਰਾਂ ਦੀ ਯੂਨੀਅਨ ਵਿੱਚ ਹਮੇਸ਼ਾਂ ਸਰਗਰਮ ਭੂਮਿਕਾਵਾਂ ਨਿਭਾਉਂਦੇ ਰਹੇ ਹਨ। ਉਨ੍ਹਾਂ ਦੇ ਪੁੱਤਰ ਅਮਨਿੰਦਰ ਦਾ ਕਹਿਣਾ ਹੈ ਕਿ, ''ਸਿੱਖਿਆ ਅਤੇ ਸਿਹਤ ਖੇਤਰ ਦੇ ਨਿੱਜੀਕਰਨ ਖ਼ਿਲਾਫ਼ ਹੋਣ ਕਰਕੇ ਡਾਕਟਰ ਦਰਸ਼ਨਪਾਲ ਹੁਰਾਂ ਨੇ ਕਦੇ ਪ੍ਰਾਈਵੇਟ ਪ੍ਰੈਕਟਿਸ ਨਹੀਂ ਕੀਤੀ।'' ਜ਼ਿਕਰਯੋਗ ਹੈ ਕਿ ਡਾਕਟਰ ਦਰਸ਼ਨ ਪਾਲ ਸਾਲ 2002 ਵਿੱਚ ਸਰਕਾਰੀ ਡਾਕਟਰ ਦੀ ਨੌਕਰੀ ਛੱਡ ਕੇ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨਾਲ ਸਰਗਰਮ ਹੋ ਗਏ ਅਤੇ ਉਸ ਤੋਂ ਬਾਅਦ ਉਨ੍ਹਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਪੜ੍ਹੋ ਇਹ ਵੀ ਖ਼ਬਰ ਵੱਡੀ ਵਾਰਦਾਤ : ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਪਤੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਫੈਲੀ ਸਨਸਨੀ

ਜਗਜੀਤ ਸਿੰਘ ਡੱਲੇਵਾਲ
ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚਿਹਰਾ ਉਭਰ ਕੇ ਸਾਹਮਣੇ ਆਇਆ ਹੈ। ਉਹ ਬਲਵੀਰ ਸਿੰਘ ਰਾਜੇਵਾਲ ਵਾਂਗ ਕੇਂਦਰ ਸਰਕਾਰ ਦੁਆਰਾ ਥੋਪੇ ਜਾ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਘਾਤਕਪਣ ਨੂੰ ਲੈ ਕੇ ਇਕ-ਇਕ ਕਲਾਜ ਤੇ ਆਪਣੀਆਂ ਦਲੀਲਾਂ ਰਾਹੀਂ ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹਣ ਦੀ ਜੁਰੱਅਤ ਰੱਖਦੇ ਹਨ। ਪਿਛਲੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੱਛ ਅਤੇ ਮਹਾਰਾਸ਼ਟਰ ਦੇ ਕੁੱਝ ਕੁ ਕਿਸਾਨਾਂ ਨਾਲ ਸੰਵਾਦ ਕਰਦਿਆਂ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਾਏ ਤਾਂ ਇਸ ਦੇ ਉਤਰ ਵਿੱਚ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਇੱਕ ਵੀਡੀਓ ਸੰਦੇਸ਼ ਰਾਹੀਂ ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਸਰਕਾਰ ਦੀਆਂ ਤਮਾਮ ਲਿਚ-ਗੜਿਚੀਆਂ ਗੱਲਾਂ ਦਾ ਬਹੁਤ ਠਰੰਮੇ ਅਤੇ ਦਲੀਲਾਂ ਸਹਿਤ ਠੋਕਵਾਂ ਜਵਾਬ ਦਿੱਤਾ। ਡੱਲੇਵਾਲ ਹੁਰਾਂ ਦੀ ਉਕਤ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ, ਜਿਸ ਨੂੰ ਕਿ ਦੇਸ਼ ਦੇ ਆਮ ਕਿਸਾਨਾਂ ਅਤੇ ਲੋਕਾਂ ਨੇ ਖੂਬ ਵੇਖਿਆ, ਪਸੰਦ ਕੀਤਾ ਅਤੇ ਹਰ ਕੋਈ ਡੱਲੇਵਾਲ ਦੀਆਂ ਦਲੀਲਾਂ ਸੁਣ ਕੇ ਕਾਨੂੰਨਾਂ ਦੇ ਤਮਾਮ ਕਿਸਾਨ ਅਤੇ ਜਨਤਾ ਮਾਰੂ ਪਹਿਲੂਆਂ ਤੋਂ ਵਾਕਿਫ਼ ਹੋਇਆ। 

ਰੁਲਦੂ ਸਿੰਘ ਮਾਨਸਾ
ਇਸ ਸੰਘਰਸ਼ ਦੌਰਾਨ ਇਕ ਹੋਰ ਚਿਹਰਾ ਜੋ ਸਾਡੇ ਸਾਹਮਣੇ ਆਇਆ ਹੈ, ਉਸ ਨੂੰ ਅਸੀਂ ਰੁਲਦੂ ਸਿੰਘ ਮਾਨਸਾ ਦੇ ਨਾਂ ਨਾਲ ਜਾਣਦੇ ਹਾਂ। ਜਦੋਂ ਉਹ ਸਟੇਜ ’ਤੇ ਆਪਣਾ ਭਾਸ਼ਣ ਦਿੰਦੇ ਹਨ ਤਾਂ ਉਨ੍ਹਾਂ ਦੇ ਹੱਥ ਵਿਚ ਇਕ ਖੂੰਡਾ ਹੁੰਦਾ ਹੈ ਦਰਅਸਲ ਇਹ ਖੂੰਡਾ ਜਿਥੇ ਇਕ ਬਹਾਦਰੀ ਦਾ ਪ੍ਰਤੀਕ ਹੈ, ਉਥੇ ਹੀ ਮੈਂ ਸਮਝਦਾ ਹਾਂ ਇਹ ਖੂੰਡਾ ਉਨ੍ਹਾਂ ਦੀ ਇਕ ਪਛਾਣ ਬਣ ਚੁੱਕਾ ਹੈ। ਰੁਲਦੂ ਸਿੰਘ ਮਾਨਸਾ ਉਹ ਆਗੂ ਹਨ, ਜਿਹੜੇ 8 ਦਸੰਬਰ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਗਏ ਤਾਂ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਤੋਂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਸਾਨੀ ਝੰਡਾ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁੱਸੇ ਵਿੱਚ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਬੈਠਕ ਨਾ ਕਰਨ ਦਾ ਫ਼ੈਸਲਾ ਕਰ ਦਿੱਤਾ ਪਰ ਜਲਦੀ ਹੀ ਪੁਲਸ ਵਾਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਜਿਸ ਤੋਂ ਉਕਤ ਬਾਅਦ ਪੁਲਸ ਵਾਲੇ ਨੇ ਉਨ੍ਹਾਂ ਤੋਂ ਖਿਮਾਂ ਮੰਗੀ ਤੇ ਇਸ ਉਪਰੰਤ ਉਹ ਬੈਠਕ ਵਿੱਚ ਸ਼ਾਮਲ ਹੋਏ। 

ਪੜ੍ਹੋ ਇਹ ਵੀ ਖ਼ਬਰ - ਖੇਤੀ ਕਾਨੂੰਨ ਵਾਪਸ ਲੈਣ ’ਤੇ ਬੋਲੇ ਡਿਪਟੀ CM ਸੁਖਜਿੰਦਰ ਰੰਧਾਵਾ, ਕਿਹਾ ‘ਦੇਰ ਆਏ ਦਰੁਸਤ ਆਏ’

ਸਰਵਨ ਸਿੰਘ ਪੰਧੇਰ
ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਆਗੂ, ਜਿਨ੍ਹਾਂ ਨੂੰ ਨੌਜਵਾਨਾਂ ਦੀ ਅਵਾਜ਼ ਸਮਝਿਆ ਜਾਂਦਾ ਹੈ, ਉਹ ਸਰਵਨ ਸਿੰਘ ਪੰਧੇਰ ਹਨ। ਪੰਧੇਰ ਮਾਝੇ ਦੇ ਸਿਰਕੱਢ ਕਿਸਾਨ ਆਗੂ ਹਨ। ਸਵਰਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਹਨ। ਜ਼ਿਕਰਯੋਗ ਹੈ ਕਿ ਇਸ ਜਥੇਬੰਦੀ ਦਾ ਗਠਨ 2000 ਵਿੱਚ ਸਤਨਾਮ ਸਿੰਘ ਪੰਨੂ ਹੁਰਾਂ ਨੇ ਕੀਤਾ। ਉਕਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਪ੍ਰੀਤ ਸਿੰਘ ਅਨੁਸਾਰ ਸਰਵਨ ਸਿੰਘ ਦਾ ਪਿੰਡ ਪੰਧੇਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੈਂਦਾ ਹੈ। ਉਹ ਗਰੈਜੁਏਸ਼ਨ ਪਾਸ ਹਨ ਅਤੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਅੰਦੋਲਨਾਂ ਵਿੱਚ ਸ਼ਾਮਲ ਹੁੰਦੇ ਆ ਰਹੇ ਹਨ। ਹਰਪ੍ਰੀਤ ਸਿੰਘ ਅਨੁਸਾਰ ''ਸਰਵਨ ਸਿੰਘ ਪੰਧੇਰ ਦੀ ਉਮਰ 42 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਲੋਕ ਹਿੱਤਾਂ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੋਈ ਹੈ। ਇਸੇ ਲਈ ਉਨ੍ਹਾਂ ਨੇ ਵਿਆਹ ਵੀ ਨਹੀਂ ਕਰਵਾਇਆ ਹੈ।'' ਇਕ ਰਿਪੋਰਟ ਮੁਤਾਬਕ ਮਾਝੇ ਦੇ ਚਾਰ ਜ਼ਿਲ੍ਹਿਆਂ ਸਣੇ ਦੋਆਬੇ ਅਤੇ ਮਾਲਵੇ ਦੇ 10 ਜ਼ਿਲ੍ਹਿਆਂ ਵਿੱਚ ਉਕਤ ਸੰਘਰਸ਼ ਕਮੇਟੀ ਦੀ ਖ਼ਾਸ ਪਕੜ ਹੈ। 

ਗੁਰਨਾਮ ਸਿੰਘ ਚਢੂਨੀ 
ਇਸ ਸੰਘਰਸ਼ ਦੌਰਾਨ ਇਕ ਹੋਰ ਚਰਚਿਤ ਚਿਹਰਾ ਗੁਰਨਾਮ ਸਿੰਘ ਚਢੂਨੀ ਹਨ। ਚਢੂਨੀ ਜੋ ਕਿ ਹਰਿਆਣਾ ਤੋਂ ਹਨ ਅਤੇ ਇਸ ਸੰਘਰਸ਼ ਦੌਰਾਨ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। 

ਯੋਗਿੰਦਰ ਯਾਦਵ 
ਇਸ ਦੇ ਇਲਾਵਾ ਯੋਗਿੰਦਰ ਯਾਦਵ ਵੀ ਇਸ ਸੰਘਰਸ਼ ਦੌਰਾਨ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਯੋਗਿੰਦਰ ਯਾਦਵ ਇਕ ਪੜ੍ਹੇ-ਲਿਖੇ ਅਤੇ ਬੇਹੱਦ ਸੁਲਝੇ ਹੋਏ ਆਗੂ ਹਨ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਜੋ ਅੱਜ ਵੇਖਣ ਨੂੰ ਮਿਲ ਰਿਹਾ ਹੈ, ਉਹ ਕਰੀਬ 32 ਸਾਲ ਪਹਿਲਾਂ ਦਿਖਿਆ ਸੀ। 

ਮਹਿੰਦਰ ਸਿੰਘ ਟਿਕੈਤ
ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਲੱਖਾਂ ਕਿਸਾਨਾਂ ਨੂੰ ਲੈ ਕੇ ਬੋਟ ਕਲੱਬ ਪਹੁੰਚ ਕੇ ਧਰਨੇ ਉੱਤੇ ਬੈਠ ਗਏ ਸਨ। ਮੰਗ ਸੀ ਕਿ ਕਿ ਗੰਨੇ ਦੀ ਫ਼ਸਲ ਦੀ ਕੀਮਤ ਜ਼ਿਆਦਾ ਮਿਲੇ ਅਤੇ ਬਿਜਲੀ-ਪਾਣੀ ਦੇ ਬਿੱਲਾਂ ਵਿੱਚ ਛੋਟ ਮਿਲੇ। ਓਸ ਵੇਲੇ ਦੀ ਸਰਕਾਰ ਨੇ ਮਹਿੰਦਰ ਸਿੰਘ ਦੀਆਂ ਉਕਤ ਮੰਗਾਂ ਨੂੰ ਮੰਨ ਲਿਆ ਸੀ। ਉਕਤ ਸੰਘਰਸ਼ ਦੇ ਪਿੜ ਵਿੱਚ ਅੱਜ ਉਸੇ ਮਹਿੰਦਰ ਸਿੰਘ ਟਿਕੈਤ ਦੇ ਪੁੱਤਰ ਰਾਕੇਸ਼ ਟਿਕੈਤ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਦਰਅਸਲ ਟਿਕੈਤ ਹੁਰੀਂ ਆਪਣੇ ਪਿਓ ਟਿਕੈਤ ਦੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਮਹਿਸੂਸ ਹੁੰਦੇ ਹਨ। 

ਵੈਸੇ ਉਕਤ ਕਿਸਾਨੀ ਸੰਘਰਸ਼ ਨੂੰ ਉਚਾਈਆਂ ਤੱਕ ਲੈ ਜਾਣ ਵਿੱਚ ਬਹੁਤ ਸਾਰੇ ਅਜਿਹੇ ਆਗੂਆਂ ਦਾ ਵੀ ਹੱਥ ਹੈ, ਜੋ ਭਾਵੇਂ ਸਟੇਜ ’ਤੇ ਨਾ ਵਿਖਾਈ ਦਿੰਦੇ ਹੋਣ ਪਰ ਉਨ੍ਹਾਂ ਦੁਆਰਾ ਸੰਘਰਸ਼ ਲਈ ਦਿੱਤੀਆਂ ਕੁਰਬਾਨੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਇਲਾਵਾ ਸੰਘਰਸ਼ ਦੌਰਾਨ ਜਿਨ੍ਹਾਂ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਨਾਲ ਸੰਘਰਸ਼ ਨੂੰ ਸਫ਼ਲ ਬਣਾਉਣ ਅਤੇ ਇਕੱਠ ਨੂੰ ਇੰਨੇ ਮਹੀਨਿਆਂ ਤੱਕ ਕੀਲ ਕੇ ਰੱਖਣ ਵਿੱਚ ਅਸੀਂ ਸਮਝਦੇ ਹਾਂ ਪੰਜਾਬ ਦੇ ਵੱਖ ਵੱਖ ਗਾਇਕ ਵੀ ਆਪਣਾ ਵੱਡਾ ਯੋਗਦਾਨ ਪਾ ਰਹੇ ਹਨ। ਬਾਕੀ ਲੋਕਾਂ ਦੇ ਜਨ ਸੈਲਾਬ ਨੂੰ ਇਸ ਗੱਲ ਦਾ ਸੋਭਾ ਜਾਂਦੀ ਹੈ, ਜਿਨ੍ਹਾਂ ਪੋਹ ਦੀਆਂ ਰਾਤਾਂ ਦੀ ਪ੍ਰਵਾਹ ਕੀਤੇ ਬਿਨਾਂ ਇਸ ਸੰਘਰਸ਼ ਵਿੱਚ ਪਿਛਲੇ ਲੰਮੇ ਸਮੇਂ ਤੋਂ ਨਾ ਸਿਰਫ਼ ਸ਼ਾਮਲ ਹਨ, ਬਲਕਿ ਹਾਲੇ ਤੱਕ ਵੀ ਪੂਰੇ ਜੋਸ਼ ਤੇ ਜਜ਼ਬੇ ਨਾਲ ਜੁੜੇ ਹੋਏ ਹਨ।


author

rajwinder kaur

Content Editor

Related News