ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਲੱਖੇਵਾਲੀ ਦੇ ਕਿਸਾਨਾਂ ਨੇ ਦਿੱਲੀ ਲਾਏ ਡੇਰੇ

12/21/2020 1:33:43 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਹਮਾਇਤ ਦੇਣ ਲਈ ਤੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਇਸ ਖੇਤਰ ਦੇ ਪਿੰਡਾਂ ਵਿਚੋਂ ਨਿੱਤ ਕਿਸਾਨਾਂ ਦੇ ਕਾਫਲੇ ਦਿੱਲੀ ਨੂੰ ਵਹੀਰਾਂ ਘੱਤ ਰਹੇ ਹਨ ਤੇ ਨਾਲ ਹੀ ਲੋੜੀਂਦਾ ਸਮਾਨ ਵੀ ਸੰਘਰਸ਼ ਕਾਰੀਆਂ ਲਈ ਭੇਜਿਆ ਜਾ ਰਿਹਾ ਹੈ। ਪਿੰਡ ਲੱਖੇਵਾਲੀ ਤੋਂ ਕਿਸਾਨਾਂ ਦਾ ਜਥਾ ਪਿਛਲੇ ਕਈ ਦਿਨਾਂ ਤੋਂ ਉਥੇ ਪੁੱਜਿਆ ਹੋਇਆ ਹੈ। ਕਿਸਾਨ ਆਗੂ ਸਿਮਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਹਰ ਕੋਈ ਇਸ ਮਹਾਂ ਘੋਲ ’ਚ ਆਪਣਾ ਯੋਗਦਾਨ ਪਾ ਰਿਹਾ ਹੈ। ਪਿੰਡ ਭੰਗੇਵਾਲਾ ਤੋਂ ਕਿਸਾਨਾਂ ਦਾ ਜਥਾ ਦਿੱਲੀ ਜਾਣ ਲਈ ਰਵਾਨਾ ਹੋਇਆ ਹੈ।

ਇਹ ਵੀ ਪੜ੍ਹੋ : ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ, ਕਿਹਾ ਕਿਸਾਨਾਂ ਦੇ ਤਰਕਾਂ ਨਾਲ ਸਹਿਮਤ ਸਰਕਾਰ

ਇਹ ਜਾਣਕਾਰੀ ਜਸਵਿੰਦਰ ਸਿੰਘ ਭੰਗੇਵਾਲਾ ਨੇ ਦਿੱਤੀ। ਦਿੱਲੀ ਧਰਨੇ ’ਤੇ ਬੈਠੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਦੇ ਕਿਸਾਨ ਡਾਕਟਰ ਜਤਿੰਦਰ ਦੀਪ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਲੜਾਈ ਲੜੀ ਜਾ ਰਹੀ ਹੈ, ਉਸ ਵਿਚ ਨੌਜਵਾਨ ਪੀੜ੍ਹੀ ਵਿਚ ਵੱਡਾ ਜੋਸ਼ ਤੇ ਜਜ਼ਬਾ ਦਿਖਾਈ ਦੇ ਰਿਹਾ ਹੈ ਪਰ ਇਸ ਦੇ ਨਾਲ ਹੀ 80-90 ਸਾਲ ਦੇ ਬਾਬੇ ਵੀ ਇਸ ਸੰਘਰਸ਼ ਵਿਚ ਕੁੱਦੇ ਹੋਏ ਹਨ। ਔਰਤਾਂ ਤੇ ਨਿੱਕੇ ਬੱਚੇ ਵੀ ਪਿੱਛੇ ਨਹੀਂ ਹਟ ਰਹੇ। ਹੁਣ ਤਾਂ ਪੰਜਾਬੀਆਂ ਨੇ ਇੰਝ ਲੱਗਦਾ ਜਿਵੇਂ ਦਿੱਲੀ ਨੇੜੇ ਕਰ ਲਈ ਹੋਵੇ। ਕਾਰਾਂ ਤੇ ਸਵਾਰ ਹੋ ਕੇ ਲੋਕ ਸਰਹੱਦਾਂ ’ਤੇ ਪਹੁੰਚ ਰਹੇ ਹਨ। ਜਿਹੜੇ ਅਜੇ ਤੱਕ ਨਹੀਂ ਗਏ ਉਹ ਜਾਣ ਨੂੰ ਕਾਹਲੇ ਹੋਏ ਬੈਠੇ ਹਨ। ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਇਹ ਇਕ ਵੱਡੀ ਲੜਾਈ ਆਪਣੇ ਹੀ ਦੇਸ਼ ਦੀ ਸਰਕਾਰ ਨਾਲ ਬਣ ਗਈ ਹੈ, ਜਿਸ ਨੂੰ ਜਿੱਤਣ ਲਈ ਕਿਸਾਨ ਵਰਗ ਆਰ-ਪਾਰ ਦੀ ਲੜਾਈ ਲੜ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਅੰਦੋਲਨ ’ਚੋਂ ਪਰਤ ਕੇ ਨੌਜਵਾਨ ਕਿਸਾਨ ਤੇ ਰੱਸਾ-ਕੱਸੀ ਦੇ ਖ਼ਿਡਾਰੀ ਨੇ ਕੀਤੀ ਖ਼ੁਦਕੁਸ਼ੀ


Gurminder Singh

Content Editor

Related News