‘ਜੰਡਿਆਲਾ ਗੁਰੂ ’ਚ ਕਿਸਾਨਾਂ ਦਾ ਧਰਨਾ ਖ਼ਤਮ, ਟ੍ਰੈਕ ਦੀ ਫਿਟਨੈੱਸ ਪਰਖ਼ਣ ਮਗਰੋਂ ਰੇਲਾਂ ਦੀ ਆਵਾਜਾਈ ਹੋਵੇਗੀ ਸ਼ੁਰੂ’
Friday, Mar 12, 2021 - 02:24 AM (IST)
ਜੰਡਿਆਲਾ ਗੁਰੂ/ਅੰਮ੍ਰਿਤਸਰ/ਜਲੰਧਰ, (ਸ਼ਰਮਾ, ਜਸ਼ਨ, ਗੁਲਸ਼ਨ)- ਅੰਮ੍ਰਿਤਸਰ ਕੋਲ ਪੈਂਦੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਵਲੋਂ ਪਿਛਲੇ 169 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਨੂੰ ਵੀਰਵਾਰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵਲੋਂ ਰੇਲ ਟ੍ਰੈਕ ਖਾਲੀ ਹੋਣ ਦੀ ਪੁਸ਼ਟੀ ਕਰਨ ਮਗਰੋਂ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਇੰਜੀਨੀਅਰਿੰਗ ਵਿਭਾਗ ਨੂੰ ਰੇਲ ਟ੍ਰੈਕ ਦੀ ਫਿਟਨੈੱਸ ਪਰਖਣ ਦੇ ਨਿਰਦੇਸ਼ ਦਿੱਤੇ। ਜਾਂਚ ਪੂਰੀ ਹੋਣ ਦੇ ਬਾਅਦ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਮੁਸਾਫਰ ਟ੍ਰੇਨ (02407) ਨਿਊ ਜਲਪਾਈ ਗੁੜੀ-ਅੰਮ੍ਰਿਤਸਰ ਭਾਰਤ ਦੇਸ਼ ਐੱਕਸਪ੍ਰੈੱਸ ਸਪੈਸ਼ਲ ਨੂੰ ਚਲਾਇਆ ਗਿਆ।
ਜਾਣਕਾਰੀ ਅਨੁਸਾਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਕਿੱਤੇ ਨੂੰ ਬਰਬਾਦ ਕਰਨ ਲਈ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਦੇ ਕੁੰਡਲੀ ਅਤੇ ਸਿੰਘੂ ਬਾਰਡਰ ’ਤੇ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤੀ ਦੇਣ ਲਈ ਤੇ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜੰਡਿਆਲਾ ਗੁਰੂ (ਗਹਿਰੀ ਮੰਡੀ) ਰੇਲਵੇ ਸਟੇਸ਼ਨ ਵਿਖੇ ਪਿਛਲੇ 169 ਦਿਨ ਤੋਂ ਚੱਲ ਰਹੇ ਰੇਲ ਰੋਕੋ ਅੰਦੋਲਨ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਹਰਪ੍ਰੀਤ ਸਿੰਘ ਸਿੱਧਵਾਂ ਤੇ ਦਿਆਲ ਸਿੰਘ ਮਿਆਂਵਿੰਡ ਨੇ ਕਿਹਾ ਕਿ ਜਥੇਬੰਦੀ ਵੱਲੋਂ 5 ਜੂਨ ਤੋਂ ਕਾਲੇ ਕਾਨੂੰਨਾਂ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਹੋਇਆ ਹੈ, ਜੋ ਪੰਜਾਬ ਭਰ ਦੇ ਡੀ. ਸੀ. ਦਫ਼ਤਰਾਂ ਅੱਗੇ ਧਰਨੇ ਦੇਣ, ਪੰਜਾਬ ਦੇ ਮੁੱਖ ਦਰਿਆਈ ਪੁਲ ਜਾਮ ਕਰਨ, ਜੇਲ ਭਰੋ ਅੰਦੋਲਨ ਤੋਂ ਬਾਅਦ 24 ਸਤੰਬਰ ਤੋਂ ਲਗਾਤਾਰ ਰੇਲ ਰੋਕੋ ਅੰਦੋਲਨ ਚੱਲ ਰਿਹਾ ਸੀ। ਇਸਦੇ ਨਾਲ ਹੀ ਜਥੇਬੰਦੀ ਵੱਲੋਂ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਸਫਲਤਾਪਰਵਕ ਮੋਰਚਾ ਚੱਲ ਰਿਹਾ ਹੈ, ਜਿਸਨੂੰ ਪੂਰੇ ਭਾਰਤ ਵਿਚੋਂ ਵੱਡਾ ਸਹਿਯੋਗ ਮਿਲ ਰਿਹਾ ਹੈ।
ਆਗੂਆਂ ਨੇ ਅੱਗੇ ਕਿਹਾ ਕਿ ਦਿੱਲੀ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੇ ਹਾੜ੍ਹੀ ਸੀਜ਼ਨ ਤੇ ਮਾਲ ਦੀ ਢੋਆ ਢੁਆਈ, ਬਾਰਦਾਨਾਂ ਅਤੇ ਵਪਾਰੀ ਵਰਗ ਨੂੰ ਆ ਰਹੀਆ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਧਰਨਾ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਪਰ ਜੇ ਆਉਣ ਵਾਲੇ ਦਿਨਾਂ ਵਿਚ ਦੁਬਾਰਾ ਲੋੜ ਹੋਈ ਤਾਂ ਮੋਰਚਾ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਇਕਬਾਲ ਸਿੰਘ ਵੜਿੰਗ, ਲਖਬੀਰ ਸਿੰਘ ਵੈਰੋਨੰਗਲ, ਹਰਪਾਲ ਸਿੰਘ, ਮੁਖਤਾਰ ਸਿੰਘ ਬਿਹਾਰੀਪੁਰ, ਹਰਜਿੰਦਰ ਸਿੰਘ ਘੱਗੇ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਹੁਣ ਸਿੱਧਾ ਜਲੰਧਰ ਤੋਂ ਅੰਮ੍ਰਿਤਸਰ ਵੱਲ ਚੱਲਣਗੀਆਂ ਟਰੇਨਾਂ
ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਕਿਹਾ ਕਿ ਧਰਨੇ ਦੀ ਵਜ੍ਹਾ ਨਾਲ ਕਈ ਟਰੇਨਾਂ ਨੂੰ ਵਾਇਆ ਬਿਆਸ-ਤਰਨਤਾਰਨ ਹੁੰਦੇ ਹੋਏ ਅੰਮ੍ਰਿਤਸਰ ਲਈ ਚਲਾਇਆ ਜਾ ਰਿਹਾ ਸੀ। ਲੰਮਾ ਰੂਟ ਅਤੇ ਸਿੰਗਲ ਲਾਈਨ ਹੋਣ ਕਾਰਣ ਟਰੇਨਾਂ ਇਕ ਤੋਂ ਡੇਢ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ। ਹੁਣ ਉਹ ਸਿੱਧਾ ਜਲੰਧਰ ਤੋਂ ਅੰਮ੍ਰਿਤਸਰ ਵੱਲ ਚੱਲਣਗੀਆਂ। ਇਸ ਤੋਂ ਇਲਾਵਾ ਜਿਨ੍ਹਾਂ ਟਰੇਨਾਂ ਨੂੰ ਸ਼ਾਰਟ ਟਰਮੀਨੇਟ ਅਤੇ ਰੱਦ ਕੀਤਾ ਗਿਆ ਸੀ, ਉਹ ਵੀ ਹੁਣ ਕੱਲ ਤੋਂ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐੱਕਸਪ੍ਰੈੱਸ ਸਮੇਤ ਕਈ ਟਰੇਨਾਂ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਚੱਲ ਰਹੀਆਂ ਟਰੇਨਾਂ ਦੇ ਇਲਾਵਾ 9 ਡਬਲ ਟਰੇਨਾਂ ਚੱਲਣਗੀਆਂ, ਜਿਨ੍ਹਾਂ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ, ਜਿਨ੍ਹਾਂ ਵਿਚ ਨਵੀਂ ਦਿੱਲੀ- ਅੰਮ੍ਰਿਤਸਰ ਸ਼ਤਾਬਦੀ ਐੱਕਸਪ੍ਰੈੱਸ, ਸੱਚਖੰਡ ਐੱਕਸਪ੍ਰੈੱਸ, ਜਨ ਸ਼ਤਾਬਦੀ ਐੱਕਸਪ੍ਰੈੱਸ, ਛੱਤੀਸਗੜ੍ਹ ਐੱਕਸਪ੍ਰੈੱਸ ਆਦਿ ਸ਼ਾਮਲ ਹਨ।
ਹੁਣ ਰੇਲਵੇ ਮੰਤਰਾਲਾ ਬਾਕੀ ਮੁਸਾਫਰ ਟਰੇਨਾਂ ਨੂੰ ਤੁਰੰਤ ਚਲਾਵੇਗਾ : ਸ਼ਰਮਾ
ਕਿਸਾਨ ਭਾਈਚਾਰੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਡਿਆਲਾ ਰੇਲਵੇ ਸਟੇਸ਼ਨ ’ਤੇ ਕਾਫ਼ੀ ਲੰਬੇ ਸਮਾਂ ਤੋਂ ਲਾਏ ਗਏ ਧਰਨੇ ਨੂੰ ਮੁਲਤਵੀ ਕਰਨ ਦੀ ਹਰ ਪਾਸੇ ਸ਼ਲਾਗਾ ਹੋ ਰਹੀ ਹੈ।
ਰੇਲਵੇ ਸੁਰੱਖਿਆ ਦੇ ਸਹਾਇਕ ਕਮਿਸ਼ਨਰ ਬੀ. ਐੱਨ. ਮਿਸ਼ਰਾ ਨੇ ਧਰਨਾ ਮੁਲਤਵੀ ਹੋਣ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਜੀ. ਆਰ. ਪੀ. ਥਾਣੇ ਦੇ ਐੱਸ. ਐੱਚ. ਓ. ਬਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ ਧਰਨਾ ਮੁਲਤਵੀ ਕਰ ਦਿੱਤਾ ਹੈ, ਉੱਥੇ ਹੀ ਅੰਮ੍ਰਿਤਸਰ ਦੇ ਵਕੀਲ ਐੱਮ. ਕੇ. ਸ਼ਰਮਾ ਨੇ ਕਿਸਾਨ ਭਾਈਚਾਰੇ ਵਲੋਂ ਫਿਲਹਾਲ ਧਰਨਾ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਨੇ ਰੇਲਵੇ ਤੋਂ ਮੰਗ ਕੀਤੀ ਕਿ ਹੁਣ ਧਰਨਾ ਮੁਲਤਵੀ ਹੋਣ ਕਾਰਣ ਜੰਡਿਆਲਾ ਰੇਲ ਟ੍ਰੈਕ ਖਾਲੀ ਹੋ ਗਿਆ ਹੈ ਤੇ ਰੇਲਵੇ ਨੂੰ ਮੇਲ, ਐੱਕਸਪ੍ਰੈੱਸ, ਪੈਸੇਂਜਰ ਡੀ. ਐੱਮ. ਯੂ. ਆਦਿ ਸਾਰੀਆਂ ਟਰੇਨਾਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਜਨਤਾ ਨੂੰ ਸਧਾਰਣ ਟਿਕਟ ਵੀ ਜਾਰੀ ਕਰਨੀ ਚਾਹੀਦੀ ਹੈ, ਤਾਂ ਕਿ ਗਰੀਬ ਤਬਕੇ ਨੂੰ ਇਸਦਾ ਲਾਭ ਮਿਲ ਸਕੇ ।