ਕਿਸਾਨਾਂ ਨੇ ਚੋਣ ਪ੍ਰਚਾਰ ਕਰਨ ਪੁੱਜੇ ਕੈਬਨਿਟ ਮੰਤਰੀ ਸਿੰਗਲਾ ਨੂੰ ਦਿਖਾਏ ਕਾਲੇ ਝੰਡੇ, ਕੀਤੀ ਨਾਅਰੇਬਾਜ਼ੀ

01/24/2022 8:03:30 PM

ਭਵਾਨੀਗੜ੍ਹ (ਵਿਕਾਸ)-ਚੋਣ ਮੁਹਿੰਮ ਦੌਰਾਨ ਨੇੜਲੇ ਪਿੰਡ ਫਤਿਹਗੜ੍ਹ ਭਾਦਸੋਂ ਪਹੁੰਚੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਕਾਫ਼ਿਲੇ ਨੂੰ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਦੇ ਜ਼ਿਮੀਂਦਾਰ ਭਾਈਚਾਰੇ ਵੱਲੋਂ ਕਾਂਗਰਸ ਸਰਕਾਰ ਦੀਆਂ ਕਿਸਾਨੀ ਮਾਰੂ ਨੀਤੀਆਂ ਤੋਂ ਖ਼ਫ਼ਾ ਹੋ ਕੇ ਆਗਾਮੀ ਚੋਣਾਂ ’ਚ ਕਾਂਗਰਸ ਪਾਰਟੀ ਸਣੇ ਹਲਕਾ ਵਿਧਾਇਕ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਬਾਈਕਾਟ ਕਰਨ ਅਤੇ ਆਗੂਆਂ ਦਾ ਪਿੰਡ ’ਚ ਆਉਣ ’ਤੇ ਵਿਰੋਧ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਅੱਜ ਜਦੋਂ ਸਿੰਗਲਾ ਦੇ ਪਿੰਡ ’ਚ ਆਉਣ ਦੀ ਭਿਣਕ ਜ਼ਿਮੀਂਦਾਰ ਭਾਈਚਾਰੇ ਨੂੰ ਲੱਗੀ ਤਾਂ ਪਿੰਡ ਨੇੜੇ ਸੜਕ ਕਿਨਾਰੇ ਆਪਣੇ ਹੱਥਾਂ ’ਚ ਕਾਲੇ ਝੰਡੇ ਫੜਕੇ ਖੜ੍ਹੇ ਉਨ੍ਹਾਂ ਦੇ ਭਾਈਚਾਰੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸਿੰਗਲਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼ (ਵੀਡੀੇਓ)

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਫਤਿਹਗੜ੍ਹ ਭਾਦਸੋਂ ਪਿੰਡ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ, ਮੱਘਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਚਮਕੌਰ ਸਿੰਘ, ਹਰਚਰਨ ਸਿੰਘ, ਬਿੱਟੂ ਸਿੰਘ, ਹਰੀ ਸਿੰਘ, ਸੁਰਜੀਤ ਸਿੰਘ, ਕੁਲਦੀਪ ਸਿੰਘ ਗਰੇਵਾਲ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ, ਘਰ-ਘਰ ਨੌਕਰੀਆਂ ਤੇ ਸਮਾਰਟਫੋਨ ਦੇਣ ਆਦਿ ਦੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਸਗੋਂ ਉਲਟਾ ਸਰਕਾਰ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਉਨ੍ਹਾਂ ਦੇ ਪਿੰਡ ’ਚ ਸਟੇਡੀਅਮ ਵਾਲੀ ਥਾਂ ’ਚ ਧਰਮਸ਼ਾਲਾ ਦੀ ਉਸਾਰੀ ਕਰਵਾ ਕੇ ਕਿਸਾਨਾਂ ਤੇ ਮਜ਼ਦੂਰ ਭਾਈਚਾਰੇ ਵਿਚਕਾਰ ਤਣਾਅ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਕਰਕੇ ਉਨ੍ਹਾਂ ’ਚ ਭਾਰੀ ਰੋਸ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਦੇ ਕੈਪਟਨ ’ਤੇ ਤਿੱਖੇ ਨਿਸ਼ਾਨੇ, ਕਿਹਾ-ਭਾਜਪਾ ਨਾਲ ਜਾ ਕੇ ਹੋਇਆ ‘ਸਟੈਂਡਲੈੱਸ’ (ਵੀਡੀਓ)

ਬਦਲਵੀਂ ਕਾਰ ’ਚ ਬੈਠ ਕੇ ਲੰਘੇ ਸਿੰਗਲਾ
ਕਿਸਾਨਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਸਬੰਧੀ ਪਤਾ ਲੱਗਣ ’ਤੇ ਸਿੰਗਲਾ ਆਪਣੀ ਮੁੱਖ ਕਾਰ ’ਚੋਂ ਉਤਰ ਕੇ ਕਾਫਿਲੇ ਦੀ ਹੋਰ ਕਾਰ ’ਚ ਸਵਾਰ ਹੋ ਕੇ ਪਿੰਡ ’ਚ ਚੋਣ ਪ੍ਰਚਾਰ ਕਰਨ ਲਈ ਗਏ, ਜਿੱਥੇ ਉਹ 15-20 ਮਿੰਟ ਰੁਕਣ ਤੋਂ ਬਾਅਦ ਅੱਗੇ ਰਵਾਨਾ ਹੋ ਗਏ।

ਸਿੰਗਲਾ ਨੇ ਨਹੀਂ ਕੀਤੀ ਫੋਨ ਕਾਲ ਰਿਸੀਵ
ਉਧਰ ਦੂਜੇ ਪਾਸੇ ਜਦੋਂ ਪੂਰੇ ਮਸਲੇ ਸਬੰਧੀ 'ਜਗ ਬਾਣੀ' ਨੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ‘ਆਪ’ ਦੇ ਉਮੀਦਵਾਰਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ (ਵੀਡੀਓ)


Manoj

Content Editor

Related News