ਕਿਸਾਨਾਂ ਐਕਸੀਅਨ ਦਫਤਰ ਸਾਹਮਣੇ  ਦਿੱਤਾ ਧਰਨਾ

07/19/2018 7:46:56 AM

ਦਿਡ਼੍ਹਬਾ ਮੰਡੀ, (ਅਜੈ)– ਢਾਈ ਮਹੀਨੇ ਪਹਿਲਾਂ ਪਿੰਡ ਕਾਲਾਝਾਡ਼ ਦੇ ਇਕ ਘਰ  ’ਚ ਬਿਜਲੀ ਦੇ ਮੀਟਰ ’ਤੇ ਕੁੰਡੀ ਲਾਈ ਹੋਣ ’ਤੇ  ਮਹਿਕਮੇ ਵੱਲੋਂ ਪਾਏ ਗਏ 42 ਹਜ਼ਾਰ ਰੁਪਏ ਜੁਰਮਾਨੇ ਅਤੇ ਬਿਜਲੀ ਖਪਤਕਾਰ ਖਿਲਾਫ ਦਰਜ ਕੀਤੇ ਮਾਮਲੇ ਨੂੰ ਲੈ ਕੇ ਮੰਗਲਵਾਰ  ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਕਸੀਅਨ ਦਫਤਰ ਦਿਡ਼੍ਹਬਾ ਸਾਹਮਣੇ ਧਰਨਾ ਦਿੱਤਾ ਅਤੇ ਪਾਵਰਕਾਮ ਖਿਲਾਫ  ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਸੰਬੋਧਨ ਕਰਦਿਅਾਂ ਜ਼ਿਲਾ ਆਗੂ ਜਗਤਾਰ ਸਿੰਘ ਕਾਲਾਝਾਡ਼, ਬਲਦੇਵ ਸਿੰਘ ਉਭਿਆਂ ਬਲਾਕ ਆਗੂ ਅਤੇ ਮਨਜੀਤ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਐੱਸ. ਡੀ. ਓ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ ਪਾਵਰਕਾਮ ਦੀ ਟੀਮ ਪਿੰਡ ਕਾਲਾਝਾਡ਼ ਵਿਖੇ ਚੈਕਿੰਗ ’ਤੇ ਗਈ ਸੀ, ਜਿਸ ਨੇ ਜੋਗਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਦੇ ਘਰ ਦਾ ਗੇਟ ਖਡ਼ਕਾਇਆ। ਉਸ ਸਮੇਂ ਘਰ ’ਚ ਜੋਗਿੰਦਰ ਸਿੰਘ ਦੀ ਪਤਨੀ ਹੀ ਸੀ, ਜੋ ਕਿ ਨਹਾ ਰਹੀਂ ਸੀ। ਉਸ ਨੇ ਕੁਝ ਮਿੰਟਾਂ ਬਾਅਦ ਆ ਕੇ ਗੇਟ ਖੋਲ੍ਹ ਕੇ ਦੇਖਿਆ ਤਾਂ ਉਥੇ ਕੋਈ ਵੀ ਨਹੀਂ ਸੀ ਪਰ ਉਕਤ ਟੀਮ ਤਕਰੀਬਨ 2 ਘੰਟੇ ਬਾਅਦ ਦੁਬਾਰਾ ਆਈ ਤੇ ਉਕਤ ਵਿਅਕਤੀ ਖਿਲਾਫ ਕੁੰਡੀ ਲੱਗੀ ਹੋਣ ਦੀ ਗੱਲ ਕਹਿ ਕੇ ਜੁਰਮਾਨਾ ਪਾ ਦਿੱਤਾ ਜਦੋਂਕਿ ਇਹ ਪਾਵਰਕਾਮ ਦੇ ਅਧਿਕਾਰੀਆਂ ਦਾ ਇਕ ਬਿਜਲੀ ਖਪਤਕਾਰ ਨਾਲ ਸ਼ਰੇਆਮ ਧੱਕਾ ਹੈ, ਜਿਸ ਨੂੰ ਕਿਸਾਨ ਯੂਨੀਅਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਅਮਰੀਕ ਸਿੰਘ ਕੈਂਪਰ, ਬਲਵੀਰ ਸਿੰਘ, ਸੁਖਜਿੰਦਰ ਸਿੰਘ ਦਿਡ਼੍ਹਬਾ, ਹਰਬੰਸ ਸਿੰਘ, ਜਗਦੀਪ ਸਿੰਘ, ਹਰਪਾਲ ਸਿੰਘ, ਪੰਜਾਬ ਸਿੰਘ, ਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਆਦਿ ਸ਼ਾਮਲ ਸਨ।
ਮਾਮਲਾ ਅਦਾਲਤ ’ਚ ਹੈ,  ਅਸੀਂ ਕੁਝ ਨਹੀਂ ਕਰ ਸਕਦੇ : ਐਕਸੀਅਨ 
ਜਦੋਂ ਇਸ ਮਾਮਲੇ ਸਬੰਧੀ ਪਾਵਰਕਾਮ ਡਵੀਜ਼ਨ ਦਫਤਰ ਦਿਡ਼੍ਹਬਾ ਦੇ ਐਕਸੀਅਨ ਆਰ. ਕੇ. ਗੋਇਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੁਰਮਾਨਾ ਪੈਣ ਤੋਂ ਬਾਅਦ ਨਾ ਭਰਨ ਕਰਕੇ  ਕਾਨੂੰਨੀ ਕਾਰਵਾਈ ਅਮਲ ਵਿਚ ਆ ਚੁੱਕੀ ਹੈ ਅਤੇ ਇਹ ਕੇਸ ਮਾਣਯੋਗ ਅਦਾਲਤ ’ਚ ਹੈ। ਇਸ ਕਰਕੇ ਅਸੀਂ ਇਸ ’ਚ ਕੁਝ ਨਹੀਂ ਕਰ ਸਕਦੇ, ਜੋ ਫੈਸਲਾ ਕਰਨਾ ਹੈ, ਕੋਰਟ ਨੇ ਕਰਨਾ ਹੈ।  
 


Related News