ਅਲੋਚਨਾ ਮਗਰੋਂ ਗੁਰੂ ਰੰਧਾਵਾ ਕਿਸਾਨਾਂ ਦੇ ਹੱਕ 'ਚ ਡਟੇ, ਸੋਸ਼ਲ ਮੀਡੀਆ 'ਤੇ ਦੱਸੀ ਅਸਲੀਅਤ
Sunday, Oct 04, 2020 - 02:42 PM (IST)
ਜਲੰਧਰ (ਬਿਊਰੋ) — ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕਲਾਕਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਬਟਾਲਾ 'ਚ ਰਣਜੀਤ ਬਾਵਾ ਅਤੇ ਹੋਰਨਾਂ ਗਾਇਕਾਂ ਦੀ ਅਗਵਾਈ 'ਚ ਵੱਡਾ ਇੱਕਠ ਕੀਤਾ ਗਿਆ ਹੈ। ਇਸ ਇੱਕਠ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਜੱਸ ਬਾਜਵਾ ਨੇ ਗੁਰੂ ਰੰਧਾਵਾ ਨੂੰ ਰੱਜ ਕੇ ਲਾਹਨਤਾਂ ਪਾਈਆਂ ਸਨ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਿਸਾਨਾਂ ਦੇ ਹੱਕ 'ਚ ਪੋਸਟ ਪਾਉਂਦੇ ਹੋਏ ਲਿਖਿਆ, 'ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਬਾਰੇ ਸਾਂਝਾ ਕਰ ਚੁੱਕਾ ਹਾਂ ਅਤੇ ਹਮੇਸ਼ਾ ਹੀ ਮੇਰੇ ਗੀਤਾਂ 'ਚ ਆਪਣੇ ਸਾਫ਼ ਬੋਲ ਦੇ ਜ਼ਰੀਏ ਸਾਡੀ ਪੰਜਾਬੀ ਭਾਸ਼ਾ ਨੂੰ ਵਿਸ਼ਵਵਿਆਪੀਤੌਰ 'ਤੇ ਉਤਸ਼ਾਹਤ ਕਰਦਾ ਹਾਂ। ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ ਅਤੇ ਹਮੇਸ਼ਾ ਸਾਡੇ ਕਿਸਾਨਾਂ ਤੇ ਸਾਡੀ ਧਰਤੀ, ਪੰਜਾਬ ਦਾ ਸਮਰਥਨ ਕਰਨਗੇ। ਮੈਂ ਪਿਛਲੇ ਸਾਲਾਂ ਦੌਰਾਨ ਪੰਜਾਬ ਪ੍ਰਤੀ ਆਪਣੇ ਅੰਤ ਤੋਂ ਕੀਤੇ ਦਾਨ ਜਾਂ ਲੁਕਵੇਂ ਯੋਗਦਾਨ ਬਾਰੇ ਨਾਮ ਲੈਣ ਜਾਂ ਜਨਤਕ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ। ਬੇਨਤੀ ਹੈ ਕਿ ਸੋਸ਼ਲ ਮੀਡੀਆ ਦੀ ਨਾਕਾਰਾਤਮਕਤਾ ਨੂੰ ਵਧਾਉਣ ਲਈ, ਇਸ ਨੂੰ ਅਣਡਿੱਠ ਨਾ ਕਰੋ। ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਇਕ ਵਾਰ ਫ਼ਿਰ ਕਿਸਾਨ ਬਿੱਲ ਨੂੰ ਵੇਖਣ ਅਤੇ ਪੰਜਾਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਪੁੱਛਣ ਕਿ ਬਿੱਲ ਸੰਭਵ ਹੈ ਜਾਂ ਨਹੀਂ?
ਧੰਨਵਾਦ ਅਤੇ ਪਿਆਰ ਲਈ ਹਮੇਸ਼ਾ
ਪਿਆਰ ਅਤੇ ਸਤਾਕਾਰ,
ਗੁਰੂ ਰੰਧਾਵਾ
ਦੱਸ ਦਈਏ ਕਿ ਗੁਰੂ ਰੰਧਾਵਾ ਨੇ ਇਸ ਤੋਂ ਬਾਅਦ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਸ ਸੰਦੇਸ਼ ਨੂੰ ਹਿੰਦੀ ਤੇ ਉਰਦੂ ਭਾਸ਼ਾ 'ਚ ਲਿਖ ਕੇ ਸਾਂਝਾ ਕੀਤਾ ਹੈ। ਦਰਸ਼ਕਾਂ ਵੱਲੋਂ ਇਨ੍ਹਾਂ ਪੋਸਟਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਟਾਲਾ 'ਚ ਰਣਜੀਤ ਬਾਵਾ ਅਤੇ ਹੋਰਨਾਂ ਗਾਇਕਾਂ ਦੀ ਅਗਵਾਈ 'ਚ ਵੱਡਾ ਇੱਕਠ ਕੀਤਾ ਗਿਆ ਸੀ, ਜਿਸ 'ਚ ਗਾਇਕ ਜੱਸ ਬਾਜਵਾ ਨੇ ਸਟੇਜ 'ਤੇ ਬੋਲਦਿਆਂ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਪੁੱਤਰ ਸੰਨੀ ਦਿਓਲ ਤੇ ਗੁਰੂ ਰੰਧਾਵਾ ਨੂੰ ਲੰਮੇ ਹੱਥੀਂ ਲਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਸੰਨੀ ਦਿਓਲ ਨੇ ਕਿਸਾਨਾਂ ਦਾ ਸਾਥ ਦਿੱਤਾ ਤੇ ਨਾ ਹੀ ਗੁਰੂ ਰੰਧਾਵਾ ਨੇ ਕਿਸਾਨਾਂ ਦੇ ਹੱਕ 'ਚ ਕੋਈ ਪੋਸਟ ਪਾਈ ਹੈ। ਨੈਸ਼ਨਲ ਮੀਡੀਆ 'ਤੇ ਭੜਕਦੇ ਹੋਏ ਜੱਸ ਬਾਜਵਾ ਨੇ ਕਿਹਾ ਕਿ ਕਿਸਾਨਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਨੈਸ਼ਨਲ ਮੀਡੀਆ ਨਹੀਂ ਦਿਖਾ ਰਿਹਾ। ਉਥੇ ਹੀ ਜੇਕਰ ਗੁਰੂ ਰੰਧਾਵਾ ਇੱਕ ਜਾਂ ਦੋ ਪੋਸਟਾਂ ਕਿਸਾਨਾਂ ਪੋਸਟਾਂ ਪਾ ਦਿੰਦਾ ਤਾਂ ਇਹ ਖ਼ਬਰ ਹਰ ਜਗ੍ਹਾ ਵਾਇਰਲ ਹੋ ਜਾਂਦੀ। ਦੱਸ ਦਈਏ ਕਿ ਇਸ ਧਰਨੇ 'ਚ ਜੱਸ ਬਾਜਵਾ ਨੇ ਪਾਸ ਹੋਏ ਬਿੱਲਾਂ ਦੀ ਕਾਪੀਆਂ ਵੀ ਪਾੜ ਕੇ ਸੁੱਟੀਆਂ ਅਤੇ ਇਸ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਗੱਲ ਆਖੀ।