ਪਟਿਆਲਾ-ਨਾਭਾ-ਧੂਰੀ ਰੇਲਵੇ ਟਰੈਕ ''ਤੇ ਕਿਸਾਨਾਂ ਦਾ ਤਿੰਨ ਰੋਜ਼ਾ ਧਰਨਾ ਸ਼ਾਂਤਮਾਈ ਖਤਮ
Saturday, Sep 26, 2020 - 04:43 PM (IST)
ਨਾਭਾ (ਜੈਨ) : ਮੋਦੀ ਸਰਕਾਰ ਦੇ ਕਾਲੇ ਕਾਨੂੰਨ ਖ਼ਿਲਾਫ਼ ਇੱਥੇ ਪਟਿਆਲਾ-ਨਾਭਾ-ਧੂਰੀ ਰੇਲਵੇ ਟਰੈਕ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਵੱਲੋਂ ਦਿੱਤੇ ਗਏ ਦਿਨ-ਰਾਤ ਦੇ ਤਿੰਨ ਰੋਜ਼ਾ ਧਰਨੇ ਦੇ ਅੱਜ ਆਖਰੀ ਦਿਨ ਬੀਬੀਆਂ ਨੇ ਵੱਡੀ ਗਿਣਤੀ 'ਚ ਧਰਨਾ ਦਿੱਤਾ। ਬੀਬੀਆਂ ਨੇ ਜੋਸ਼ੀਲੇ ਸੰਬੋਧਨ 'ਚ ਕਿਹਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ, ਜੋ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖ਼ੁਦਕੁਸ਼ੀਆਂ ਕਰ ਰਿਹਾ ਹੈ।
ਯੂਨੀਅਨ ਦੀ ਸੂਬਾ ਐਗਜ਼ੈਕਟਿਵ ਦੇ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਬੋਲਦਿਆਂ ਕਿਹਾ ਕਿ ਸਾਡੀ ਜਥੇਬੰਦੀ ਦੇ ਅੰਦੋਲਨ ਕਾਰਨ ਮੋਦੀ ਸਰਕਾਰ ਹਿੱਲ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ 15 ਤੋਂ 22 ਸਤੰਬਰ ਤੱਕ ਪਿੰਡ ਬਾਦਲ ਤੇ ਪਟਿਆਲਾ 'ਚ ਧਰਨੇ ਦਿੱਤੇ। ਹੁਣ ਇੱਥੇ ਰੇਲਵੇ ਟਰੈਕ ਜਾਮ ਕਰ ਦਿੱਤਾ, ਜਿਸ ਕਾਰਨ ਅੰਬਾਲਾ-ਸ੍ਰੀ ਗੰਗਾਨਗਰ ਰੇਲਵੇ ਲਾਈਨ ’ਤੇ ਚੱਲਣ ਵਾਲੀਆਂ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ।
ਉਨ੍ਹਾਂ ਅਲਟੀਮੇਟਮ ਦਿੱਤਾ ਜੇਕਰ 4-5 ਦਿਨਾਂ 'ਚ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਪੰਜਾਬ ਅਣਮਿੱਥੇ ਸਮੇਂ ਲਈ ਬੰਦ ਹੋ ਸਕਦਾ ਹੈ। ਲੌਂਗੋਵਾਲ ਨੇ ਕਿਹਾ ਕਿ ਪਹਿਲਾਂ ਅਸੀਂ ਭੁੱਖਮਰੀ ਕਾਰਨ ਮਰ ਰਹੇ ਸੀ, ਹੁਣ ਮੋਦੀ ਦੇ ਕਾਲੇ ਕਾਨੂੰਨਾਂ ਕਾਰਨ ਮਰਨ ਲਈ ਮਜਬੂਰ ਹਾਂ। ਅੱਜ ਇਥੋਂ ਰੇਲਵੇ ਟਰੈਕ ਤੋਂ ਧਰਨਾ ਸ਼ਾਂਤਮਈ ਖਤਮ ਹੋਣ ਨਾਲ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ। ਇਸ ਤਿੰਨ ਰੋਜ਼ਾ ਧਰਨੇ ਦੀ ਕਮਾਂਡ ਹਰਮੇਲ ਸਿੰਘ ਤੂੰਗਾ ਦੇ ਹੱਥਾਂ 'ਚ ਰਹੀ। ਕਿਸੇ ਵੀ ਸਿਆਸੀ ਆਗੂ ਨੂੰ ਮੰਚ ਤੋਂ ਬੋਲਣ ਤਾਂ ਕੀ ਚੜ੍ਹਨ ਨਹੀਂ ਦਿੱਤਾ ਗਿਆ। ਕਿਸਾਨ ਆਗੂਆਂ ਨੇ ਹੀ ਭਾਸ਼ਣ ਕੀਤੇ। ਬੀਬੀਆਂ ਤੇ ਕਿਸਾਨਾਂ ਦੇ ਬੱਚਿਆਂ ਨੇ ਮੋਦੀ ਨੂੰ ਲਲਕਾਰਿਆ। ਆਗੂਆਂ ਨੇ ਮੋਦੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ।