ਕਿਸਾਨਾਂ ਮਜ਼ਦੂਰਾਂ ਦਾ ਬਿਆਸ ਦਰਿਆ ਪੁਲ ''ਤੇ ਲੱਗਾ ਧਰਨਾ ਤੀਜੇ ਦਿਨ ਹੋਇਆ ਖ਼ਤਮ
Wednesday, Sep 16, 2020 - 05:34 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬਿਆਸ ਦਰਿਆ ਪੁਲ 'ਤੇ ਜਾਮ ਲਾ ਕੇ ਲਾਇਆ ਗਿਆ ਧਰਨਾ ਅੱਜ ਤੀਜੇ ਦਿਨ ਜਾ ਕੇ ਖ਼ਤਮ ਹੋਇਆ। ਅੱਜ ਧਰਨੇ ਦੀ ਅਗਵਾਈ ਰਣਜੀਤ ਸਿੰਘ ਕਲੇਰ ਬਾਲਾ, ਅਜੈਬ ਸਿੰਘ ਚੀਮਾ ਖੁੱਡੀ, ਅਮਰਜੀਤ ਸਿੰਘ ਸੁੰਦੜਾ, ਸੁਖਦੇਵ ਸਿੰਘ ਅੱਲੜ ਪਿੰਡੀ, ਕੁਲਦੀਪ ਸਿੰਘ ਬੇਗੋਵਾਲ ਨੇ ਕੀਤੀ।
ਇਸ ਦੌਰਾਨ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਭੜਾਸ ਕੱਢਦੇ ਹੋਏ ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਗੁਰਪ੍ਰੀਤ ਸਿੰਘ ਖ਼ਾਨਪੁਰ, ਰਣਬੀਰ ਸਿੰਘ ਡੁੱਗਰੀ, ਸਵਿੰਦਰ ਸਿੰਘ ਰੂਪੋਵਾਲੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅੱਤ ਦੀ ਢੀਠ ਹੋ ਚੁੱਕੀ ਹੈ। ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਸੜਕਾਂ 'ਤੇ ਡੇਰੇ ਲਗਾ ਕੇ ਬੈਠੇ ਹੋਏ ਹਨ ਪਰ ਫਿਰ ਵੀ ਮੋਦੀ ਸਰਕਾਰ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਪਾਰਲੀਮੈਂਟ 'ਚ ਆਰਡੀਨੈਂਸ ਰੱਖ ਕੇ ਕਾਨੂੰਨ ਪਾਸ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਪੰਜਾਬ ਦਾ ਅਕਾਲੀ ਦਲ ਵੀ ਵਾਰ-ਵਾਰ ਯੂ ਟਰਨ ਲੈ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਮਿਲੀ ਵਜ਼ੀਰੀ ਨੂੰ ਛੱਡਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਜਿਸ ਦੇ ਲਈ 17 ਸਤੰਬਰ ਨੂੰ ਸੂਬਾ ਕੋਰ ਕਮੇਟੀ ਦੀ ਮੀਟਿੰਗ 'ਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਪਰ ਪੰਜਾਬ ਦੇ ਜੁਝਾਰੂ ਕਿਸਾਨਾਂ ਨੇ ਮੁਸਾਫ਼ਰਾਂ ਦੀ ਸਹੂਲਤ ਨੂੰ ਵੇਖਦਿਆਂ ਅੱਜ ਦੁਪਹਿਰ 3 ਵਜੇ ਧਰਨੇ ਨੂੰ ਚੁੱਕਣ ਦਾ ਐਲਾਨ ਕੀਤਾ ਹੈ ਅਤੇ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ,ਤਰਨਤਾਰਨ, ਫਿਰੋਜ਼ਪੁਰ ਡੀ.ਸੀ. ਦਫ਼ਤਰ ਅੱਗੇ ਲੱਗੇ ਧਰਨਿਆਂ 'ਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਤਿੱਖਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ, ਸੰਸਦ ਮੈਂਬਰਾਂ, ਦੇਸ਼ ਦੇ ਵਿਧਾਇਕਾਂ ਨੂੰ ਕਿਸਾਨਾਂ ਦੇ ਹੱਕ 'ਚ ਭੁਗਤਣਾ ਚਾਹੀਦਾ ਹੈ। ਜੇਕਰ ਕਿਸਾਨ ਬਰਬਾਦ ਹੋ ਜਾਵੇਗਾ ਤਾਂ ਸਾਰਾ ਦੇਸ਼ ਹੀ ਬਰਬਾਦ ਹੋ ਜਾਵੇਗਾ।
ਇਸ ਮੌਕੇ ਕੁਲਬੀਰ ਸਿੰਘ ਕਾਹਲੋਂ, ਸਤਨਾਮ ਸਿੰਘ ਚੀਮਾ ਖੁੱਡੀ, ਜੋਗਿੰਦਰ ਸਿੰਘ ਨੱਤ, ਹਰਵਿੰਦਰ ਸਿੰਘ ਖੁਜਾਲਾ, ਕਸ਼ਮੀਰ ਸਿੰਘ ਫੱਤਾ ਕੁੱਲਾ, ਗੁਰਜੀਤ ਸਿੰਘ, ਜਗਮੋਹਨ ਦੀਪ ਸਿੰਘ, ਪਰਮਜੀਤ ਸਿੰਘ, ਬਲਦੇਵ ਸਿੰਘ ਸੇਖਵਾਂ, ਸੋਹਣ ਸਿੰਘ ਨਵੀਆਂ ਬਾਗੜੀਆਂ, ਪਰਮਜੀਤ ਰਸੂਲਪੁਰ, ਹਰਦੀਪ ਸਿੰਘ, ਫ਼ੌਜੀ ਤਲਵਾੜਾ, ਜੁਗਿੰਦਰ ਸਿੰਘ ਪੰਡੋਰੀ,ਅਸ਼ੋਕ ਵਰਧਨ, ਗੁਰਜੀਤ ਸਿੰਘ, ਬਲਦੇਵ ਸਿੰਘ ਪੰਡੋਰੀ, ਕਾਲੂ ਟਾਹਲੀ, ਰਾਜਾ ਸੈਣੀ ,ਸੁਖਜਿੰਦਰ ਸਿੰਘ, ਪਰਮਿੰਦਰ ਸਿੰਘ ਚੀਮਾ ਖੁੱਡੀ ਆਦਿ ਹਾਜ਼ਰ ਸਨ।