ਭਾਜਪਾ ਤੋਂ ਬਾਅਦ ਹੁਣ ਕਾਂਗਰਸੀ ਵੀ ਕਿਸਾਨਾਂ ਦੇ ਨਿਸ਼ਾਨੇ ’ਤੇ, ਧਰਮਸੋਤ ਖ਼ਿਲਾਫ਼ ਪ੍ਰਦਰਸ਼ਨ, ਤਣਾਅਪੂਰਨ ਹੋਈ ਸਥਿਤੀ
Wednesday, Jun 30, 2021 - 10:45 PM (IST)
ਭਾਦਸੋਂ (ਅਵਤਾਰ) : ਕਿਸਾਨਾਂ ਨੇ ਹੁਣ ਭਾਜਪਾ ਆਗੂਆਂ ਦੇ ਨਾਲ-ਨਾਲ ਕਾਂਗਰਸੀਆਂ ਦਾ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਅੱਜ ਉਸ ਸਮੇਂ ਸਥਿਤੀ ਸੰਵੇਦਨਸ਼ੀਲ ਹੋ ਗਈ ਜਦੋਂ ਚੈਹਿਲ ਵਿਖੇ ਇਕ ਸੜਕ ਦੇ ਨਿਰਮਾਣ ਕਾਰਜ ਦੇ ਉਦਘਾਟਨ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਿਸਾਨ ਜਥੇਬੰਦੀਆਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ। ਚੈਹਿਲ ਤੋਂ ਲੈ ਕੇ ਕਾਲਸਨਾ ਤੱਕ 18 ਫੁੱਟੀ ਪੱਕੀ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਰਨਾ ਸੀ ਪਰ ਐਨ ਮੌਕੇ ’ਤੇ ਕਿਸਾਨ ਯੂਨੀਅਨ ਨੇ ਆ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਸੜਕ ਦਾ ਉਦਘਾਟਨ ਕਰਨ ਲਈ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨਹੀਂ ਪੁੱਜੇ ਅਤੇ ਸਾਧੂ ਸਿੰਘ ਧਰਮਸੋਤ ਵਲੋਂ ਆਪਣੀ ਸਮੁੱਚੀ ਟੀਮ ਨਾਲ ਜਦੋਂ ਉਦਘਾਟਨ ਕਰਨ ਲਈ ਆਏ ਤਾਂ ਕਿਸਾਨ ਦੇ ਰੋਹ ਨੂੰ ਵੇਖਦੇ ਹੋਏ ਪੁਲਸ ਦੀ ਘੇਰਾਬੰਦੀ ਵਿਚ ਹੀ ਫਟਾ-ਫਟ ਉਦਘਾਟਨ ਕਰ ਗਏ ਅਤੇ ਸਥਿਤੀ ਉਦੋਂ ਹੋਰ ਵੀ ਗੰਭੀਰ ਹੋ ਗਈ ਜਦੋਂ ਕੈਬਨਿਟ ਮੰਤਰੀ ਧਰਮਸੋਤ ਰੋਹ ਤੋਂ ਬਚਦੇ ਹੋਏ ਨਾਲ ਲੱਗਦੀ ਇਕ ਦੁਕਾਨ ਵਿਚ ਵੜ ਗਏ ਅਤੇ ਬਾਹਰੋਂ ਗੇਟ ਲਗਾ ਦਿੱਤਾ ।
ਇਹ ਵੀ ਪੜ੍ਹੋ : ਬਿਆਸ ਦਰਿਆ ’ਤੇ ਚੱਲ ਰਹੀ ਮਾਈਨਿੰਗ ’ਤੇ ਸੁਖਬੀਰ ਬਾਦਲ ਦੀ ਰੇਡ, ਦੇਖੋ ਤਸਵੀਰਾਂ
ਕਿਸਾਨਾਂ ਦੇ ਹਜ਼ੂਮ ਨੇ ਧਰਮਸੋਤ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਚੈਹਿਲ ਤੋਂ ਵਾਇਆ ਖਨੌੜਾ, ਕਾਲਸਨਾ, ਹੱਲਾ ਤੱਕ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁਕੀ ਸੀ ਅਤੇ ਵਾਰ-ਵਾਰ ਸਰਕਾਰ ਤੋਂ ਇਸਦੇ ਪੱਕਿਆਂ ਅਤੇ ਚੌੜੀ ਕਰਨ ਦੀ ਮੰਗ ਕੀਤੀ ਗਈ ਸੀ । ਜਿਸ ਤਹਿਤ ਸਰਕਾਰ ਵਲੋਂ ਇਹ ਸੜਕ 18 ਫੁੱਟ ਚੌੜੀ ਅਤੇ ਪੱਕੀ ਕਰਨ ਦਾ ਕਾਰਜ ਸ਼ੁਰੂ ਕੀਤਾ ਜਾਣਾ ਸੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਸੂਬੇ ਅੰਦਰ ਨਾ ਤਾਂ ਨਸ਼ਾ ਖ਼ਤਮ ਹੋਇਆ, ਨਾ ਬੇਰੁਜ਼ਗਾਰੀ ਖ਼ਤਮ ਹੋਈ । ਸੂਬੇ ਅੰਦਰ ਗੁੰਡਾਗਰਦੀ , ਭ੍ਰਿਸ਼ਟਾਚਾਰ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਾਮੀ ਚੋਣਾਂ ਨੂੰ ਵੇਖਦੇ ਹੋਏ ਐਨ ਸਮੇਂ ’ਤੇ ਸੜਕ ਦਾ ਨਿਰਮਾਣ ਕਰਕੇ ਸਰਕਾਰ ਵੋਟਾਂ ਵਟੋਰਨਾ ਚਾਹੁੰਦੀ ਹੈ। ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੁਲਸ ਪ੍ਰਸ਼ਾਸਨ ਨੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ
ਇਹ ਵੀ ਪੜ੍ਹੋ : ਦਿੱਲੀ ਦੌਰੇ ’ਤੇ ਗਏ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, ਹੋਈ ਲੰਮੀ ਮੀਟਿੰਗ
ਧਰਨੇ ’ਚ ਸਮੂਲ਼ੀਅਤ ਕਰਨ ’ਤੇ ਪੁਲਸ ਪਰਚੇ ਦੀਆਂ ਦੇ ਰਹੀ ਧਮਕੀਆਂ : ਬਿੱਟੂ
ਇਸ ਰੋਸ ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਯੂਥ ਜ਼ਿਲ੍ਹਾ ਪ੍ਰਧਾਨ ਬਰਿੰਦਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਜਨਤਾ ਨੂੰ ਵੋਟਾਂ ਲੈਣ ਲਈ ਗੁੰਮਰਾਹ ਕਰ ਰਹੀ ਹੈ ਜਦਕਿ ਵਿਕਾਸ ਕਰਨ ਵਿਚ ਕੈਪਟਨ ਸਰਕਾਰ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਦੀਆਂ ਕਸਮਾਂ ਖਾਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਪਾਰਟੀ ਨੇ ਨਸ਼ਾ ਖ਼ਤਮ ਤਾਂ ਕੀ ਕਰਨਾ ਸੀ ਸਗੋਂ ਨਸ਼ਿਆਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ’ਤੇ ਪੁਲਸ ਪ੍ਰਸ਼ਾਸਨ ਵਲੋਂ ਉਨ੍ਹਾਂ ’ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ ਜਦਕਿ ਉਹ ਆਪਣਾ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕਰ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜੀ ਵੀ ਕੀਤੀ ਗਈ।
ਇਹ ਵੀ ਪੜ੍ਹੋ : ਗਲ਼ਤ ਬਿਜਲੀ ਸਮਝੌਤੇ ਰੱਦ ਕਰਨ ਦੀ ਤਿਆਰੀ ’ਚ ਕੈਪਟਨ, ਚੁੱਕ ਸਕਦੇ ਵੱਡਾ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?