ਕਿਸਾਨਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
Monday, Mar 05, 2018 - 06:49 AM (IST)

ਅਜਨਾਲਾ, (ਫਰਿਆਦ)- ਸਥਾਨਕ ਸ਼ਹਿਰ 'ਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਦਾਤਾਰ ਸਿੰਘ ਤੇ ਜ਼ਿਲਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਦੀ ਸਾਂਝੀ ਅਗਵਾਈ 'ਚ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰ ਕੇ ਵੱਡੇ ਵਪਾਰੀਆਂ ਨੂੰ ਬੈਂਕ ਲੁਟਾਉਣ ਅਤੇ ਪੰਜਾਬ ਸਰਕਾਰ ਵੱਲੋਂ ਮੋਟਰਾਂ 'ਤੇ ਬਿਜਲੀ ਮੀਟਰ ਲਾਉਣ ਖਿਲਾਫ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਤੋਂ ਇਲਾਵਾ ਦਾਤਾਰ ਸਿੰਘ ਤੇ ਧਨਵੰਤ ਸਿੰਘ ਖਤਰਾਏ ਕਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ 'ਚ ਏ. ਆਈ. ਐੱਸ. ਸੀ. ਸੀ. 'ਚ ਲਗਭਗ 180 ਜਥੇਬੰਦੀਆਂ ਵੱਲੋਂ ਮਿਲ ਕੇ ਸਾਂਝਾ ਫਰੰਟ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਜਿਣਸਾਂ ਦੀ ਲਾਗਤ, ਮੁੱਲ ਤੈਅ ਕਰਨ ਅਤੇ ਉਸ 'ਤੇ 50 ਫੀਸਦੀ ਮੁਨਾਫਾ ਜੋੜ ਕੇ ਜਿਣਸਾਂ ਦੀ ਕੀਮਤ ਤੈਅ ਕਰਨ ਅਤੇ ਦੇਸ਼ ਦੇ ਸਮੁੱਚੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ ਅਤੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਨੰਗਾ ਕਰਨ ਲਈ ਕੁਲ ਹਿੰਦ ਕਿਸਾਨ ਮਜ਼ਦੂਰ ਸਭਾ (ਕਿਰਤੀ ਕਿਸਾਨ ਯੂਨੀਅਨ) ਵੱਲੋਂ 6, 7 ਤੇ 8 ਮਾਰਚ ਨੂੰ ਭਵਾਨੀਗੜ੍ਹ, ਮੋਗਾ ਤੇ ਜਲੰਧਰ 'ਚ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਨੂੰ ਕੋਈ ਸਹੂਲਤ ਦੇਣ ਦੀ ਬਜਾਏ ਕਾਰਪੋਰੇਟ ਘਰਾਣਿਆਂ ਤੇ ਵੱਡੇ ਵਪਾਰੀਆਂ ਨੂੰ ਬੈਂਕ ਲੁਟਾਏ ਹਨ। ਹੋਰ ਤਾਂ ਹੋਰ ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰ ਕੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਵਿਰੋਧੀ ਫੈਸਲੇ ਲੈਂਦਿਆਂ ਮੋਟਰਾਂ 'ਤੇ ਮੀਟਰ ਲਾਉਣ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਨੌਕਰੀਆਂ ਨਾ ਦੇ ਕੇ ਆਪਣੇ-ਆਪ ਨੂੰ ਕਿਸਾਨ ਵਿਰੋਧੀ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ 8 ਮਾਰਚ ਨੂੰ ਅਜਨਾਲਾ ਤੋਂ ਜਲੰਧਰ ਡੀ. ਸੀ. ਦਫਤਰ ਵਿਖੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਹੋਣ ਜਾ ਰਹੀ ਮਾਝਾ-ਦੋਆਬਾ ਖਿੱਤਿਆਂ ਦੀ ਸਾਂਝੀ ਕਾਨਫਰੰਸ 'ਚ ਵੱਡੀ ਗਿਣਤੀ 'ਚ ਕਿਸਾਨ ਤੇ ਮਜ਼ਦੂਰ ਸ਼ਾਮਲ ਹੋਣਗੇ। ਇਸ ਮੌਕੇ ਜਗਤਾਰ ਸਿੰਘ ਲੱਖੂਵਾਲ, ਸੁੱਚਾ ਸਿੰਘ ਤੇੜਾ, ਵਿਜੇ ਸ਼ਾਹ ਧਾਰੀਵਾਲ, ਸੁਖਵੰਤ ਸਿੰਘ ਸੁਧਾਰ, ਗੁਰਪ੍ਰੀਤ ਸਿੰਘ ਥੋਬਾ, ਰਣਜੀਤ ਸਿੰਘ ਡਿਆਲ ਭੜੰਗ, ਡਾ. ਗੁਰਮੀਤ ਸਿੰਘ ਗੱਗੋ ਮਾਹਲ, ਲੱਖਾ ਸਿੰਘ ਧਾਰੀਵਾਲ, ਖਜ਼ਾਨ ਸਿੰਘ ਕਾਮਲਪੁਰਾ, ਗੁਰਮੀਤ ਸਿੰਘ ਹਰੜ, ਸਰਬਜੀਤ ਸਿੰਘ ਮੁਕਾਮ ਆਦਿ ਨੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।