ਨੂਰਪੁਰਬੇਦੀ ਵਿਖੇ ਭਾਜਪਾ ਆਗੂ ਲਾਲਪੁਰਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਘਿਰਾਓ

Monday, Oct 04, 2021 - 12:23 PM (IST)

ਨੂਰਪੁਰਬੇਦੀ ਵਿਖੇ ਭਾਜਪਾ ਆਗੂ ਲਾਲਪੁਰਾ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਘਿਰਾਓ

ਨੂਰਪੁਰਬੇਦੀ (ਭੰਡਾਰੀ)-ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (ਐੱਨ. ਐੱਮ. ਸੀ.) ਦੇ ਚੇਅਰਮੈਨ ਅਤੇ ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਦੇ ਐਤਵਾਰ ਨੂਰਪੁਰਬੇਦੀ ਖੇਤਰ ਦੇ ਇਕ ਪਿੰਡ ’ਚ ਕਿਸੇ ਪਰਿਵਾਰ ਨਾਲ ਨਿੱਜੀ ਮੁਲਾਕਾਤ ਕਰਨ ਲਈ ਪਹੁੰਚਣ ਸਬੰਧੀ ਪਤਾ ਚੱਲਣ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠ ਇਕੱਠੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਖਦੇ ਹੀ ਵੇਖਦੇ ਘਿਰਾਓ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਹਾਲ ਹੀ ’ਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਜੋ ਨੂਰਪੁਰਬੇਦੀ ਖੇਤਰ ਨਾਲ ਸਬੰਧਤ ਹਨ, ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਇਸ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਇਸ ਖੇਤਰ ’ਚ ਪਹਿਲੀ ਫੇਰੀ ਸੀ। ਐਤਵਾਰ ਜਦੋਂ ਉਨ੍ਹਾਂ ਵੱਲੋਂ ਪਿੰਡ ਰੋਡ਼ੂਆਣਾ ਵਿਖੇ ਇਕ ਭਾਜਪਾ ਸਮਰਥਕ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਬਾਰੇ ਕਿਸਾਨ ਸੰਗਠਨਾਂ ਨੂੰ ਭਿਣਕ ਲੱਗੀ ਤਾਂ ਕਿਰਤੀ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਕਾਰਕੁੰਨਾਂ ਨੇ ਉਨ੍ਹਾਂ ਦਾ ਅਚਾਨਕ ਘਿਰਾਓ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਸਿੱਧੂ ਦੀ ਨਾਰਾਜ਼ਗੀ ਬਰਕਰਾਰ, AG ਤੇ DGP ਦੀ ਨਿਯੁਕਤੀ ਨੂੰ ਲੈ ਕੇ ਮੁੜ ਕੀਤਾ ਧਮਾਕੇਦਾਰ ਟਵੀਟ

PunjabKesari

ਇਸ ਮੌਕੇ ਕਿਸਾਨਾਂ ਅਤੇ ਉਕਤ ਪਰਵਿਾਰ ਦੇ ਜੀਆਂ ਦਰਮਿਆਨ ਕਾਫ਼ੀ ਬਹਿਸਵਾਜ਼ੀ ਵੀ ਹੋਈ। ਇਸ ਦੌਰਾਨ 2 ਧਿਰਾਂ ’ਚ ਕਿਸੇ ਤਰ੍ਹਾਂ ਦੇ ਟਕਰਾਅ ਨੂੰ ਦੇਖਦਿਆਂ ਮੌਕੇ ’ਤੇ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਰਮਿੰਦਰ ਸਿੰਘ ਕਾਹਲੋਂ ਸਮੇਤ ਆਸ-ਪਾਸ ਦੀਆਂ ਚੌਕੀਆਂ ਅਤੇ ਥਾਣੇ ਤੋਂ ਵੱਡੀ ਗਿਣਤੀ ’ਚ ਪੁਲਸ ਜਵਾਨ ਵੀ ਪਹੁੰਚ ਗਏ। ਇਸ ਮੌਕੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਸੰਦੋਆ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ’ਚ ਭਾਜਪਾ ਆਗੂਆਂ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਅੱਜ ਲਾਲਪੁਰਾ ਦਾ ਵਿਰੋਧ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਹਨ ਤਦ ਤੱਕ ਭਾਜਪਾ ਆਗੂ ਦਿੱਲੀ ਰਹਿਣ ਜਾਂ ਫਿਰ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਇਸ ਦੌਰਾਨ ਪੁਲਸ ਅਧਿਕਾਰੀਆਂ ਵੱਲੋਂ ਲਾਲਪੁਰਾ ਦੇ ਚਲੇ ਜਾਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਨਾਇਆ ਜਾਂਦਾ ਰਿਹਾ ਜਦਕਿ ਕਿਸਾਨਾਂ ਦਾ ਕਹਿਣਾ ਸੀ ਕਿ ਚੇਅਰਮੈਨ ਲਾਲਪੁਰਾ ਅਜੇ ਘਰ ਅੰਦਰ ਹੀ ਹਨ। ਕਿਸਾਨਾਂ ਦਾ ਕਹਿਣਾ ਸੀ ਕਿ ਜਿਸ ਘਰ ’ਚ ਚੇਅਰਮੈਨ ਲਾਲਪੁਰਾ ਪਹੁੰਚੇ ਹਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਸਾਨਾਂ ਨਾਲ ਬਦਸਲੂਕੀ ਕੀਤੀ ਗਈ ਹੈ ਜਿਸਦੀ ਉਹ ਜਦੋਂ ਤੱਕ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਨ੍ਹਾਂ ਦਾ ਨਿਰਵਿਘਨ ਧਰਨਾ ਜਾਰੀ ਰਹੇਗਾ। ਕਰੀਬ ਸਾਢੇ 4 ਵਜੇ ਤੋਂ ਉਕਤ ਘਰ ਮੂਹਰੇ ਡਟੇ ਕਿਸਾਨਾਂ ਦਾ ਦੇਰ ਸ਼ਾਮ 3 ਘੰਟੇ ਬੀਤਣ ਤੱਕ ਵੀ ਧਰਨਾ ਜਾਰੀ ਸੀ। ਧਰਨੇ ਦੌਰਾਨ ਵੀਰ ਸਿੰਘ ਬਡ਼ਵਾ, ਰੁਪਿੰਦਰ ਸਿੰਘ ਸੰਦੋਆ, ਪਰਮਜੀਤ ਸਿੰਘ, ਦਵਿੰਦਰ ਸਰਥਲੀ, ਰਵਿੰਦਰ ਪੱਪੀ, ਨਸੀਬ ਕੌਰ, ਰਿੰਕੂ ਮਾਨ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਔਰਤਾਂ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਸਿੱਧੂ ਦੇ ਟਵੀਟ 'ਤੇ ਚੰਨੀ ਦਾ ਵੱਡਾ ਬਿਆਨ, ਕਿਹਾ-ਕੇਂਦਰੀ ਪੈਨਲ ਦੇ ਆਧਾਰ 'ਤੇ ਹੀ ਹੋਵੇਗੀ ਪੰਜਾਬ ਦੇ DGP ਦੀ ਨਿਯੁਕਤੀ

ਲਾਲਪੁਰਾ ਕੇਵਲ ਚਾਹ ਪੀਣ ਆਏ ਸਨ, ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਸੀ : ਪਰਿਵਾਰਕ ਮੈਂਬਰ
ਇਸ ਦੌਰਾਨ ਉਕਤ ਭਾਜਪਾ ਸਮਰਥਕ ਪਰਿਵਾਰ ਦਾ ਕਹਿਣਾ ਸੀ ਕਿ ਚੇਅਰਮੈਨ ਲਾਲਪੁਰਾ ਨਾਲ ਉਨ੍ਹਾਂ ਦੇ ਪੁਰਾਣੇ ਪਰਿਵਾਰਕ ਸਬੰਧ ਹਨ ਜਿਸਦੇ ਚੱਲਦਿਆਂ ਉਹ ਕੇਵਲ ਉਨ੍ਹਾਂ ਨਾਲ ਮੁਲਾਕਾਤ ਕਰਨ ਅਤੇ ਘਰ ਚਾਹ ਪੀਣ ਆਏ ਸਨ ਜਦਕਿ ਭਾਜਪਾ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸਦੇ ਬਾਵਜੂਦ ਕਿਸਾਨਾਂ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਘਿਰਾਓ ਸ਼ੁਰੂ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਕਿਸਾਨਾਂ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਹੈ। ਉਨ੍ਹਾਂ ਗੁੱਸੇ ’ਚ ਆਖਿਆ ਕਿ ਜੇਕਰ ਉਹ ਭਾਜਪਾ ਨਾਲ ਸਬੰਧ ਰੱਖਦੇ ਹਨ ਤਾਂ ਕੀ ਪਿੰਡ ਛੱਡ ਕੇ ਚਲੇ ਜਾਣ। ਹਨ੍ਹੇਰਾ ਹੋਣ ਤੱਕ ਪੁਲਸ ਵੱਲੋਂ ਕਿਸਾਨਾਂ ਨੂੰ ਮਨਾਉਣ ਦੇ ਯਤਨ ਜਾਰੀ ਸਨ ਜਦਕਿ ਕਿਸਾਨ ਧਰਨੇ ’ਤੇ ਡਟੇ ਹੋਏ ਸਨ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਮਾਮਲਾ: ਵਿਰੋਧ ’ਚ ਆਏ ਕਿਸਾਨਾਂ ਨੇ ਜਲੰਧਰ ਦੇ ਡੀ. ਸੀ. ਦਫ਼ਤਰ ਮੂਹਰੇ ਦਿੱਤਾ ਧਰਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News