ਪਟਿਆਲਾ : ਬਿਜਲੀ ਦੀ ਸਪਲਾਈ ਲਈ ਕਿਸਾਨਾਂ ਨੇ ਘੇਰਿਆ ਪਾਵਰਕਾਮ ਦਫਤਰ

Monday, Jun 11, 2018 - 01:07 PM (IST)

ਪਟਿਆਲਾ : ਬਿਜਲੀ ਦੀ ਸਪਲਾਈ ਲਈ ਕਿਸਾਨਾਂ ਨੇ ਘੇਰਿਆ ਪਾਵਰਕਾਮ ਦਫਤਰ

ਪਟਿਆਲਾ (ਸੰਜੇ ਗਰਗ) : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵਲੋਂ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਸਪਲਾਈ ਲੈਣ ਵਾਸਤੇ ਅੱਜ ਪਾਵਰਕਾਮ ਦੇ ਦਫਤਰ ਦਾ ਘਿਰਾਓ ਕੀਤਾ ਗਿਆ, ਜਿਸ 'ਚ ਪੰਜਾਬ ਤੋਂ ਆਏ ਹਜ਼ਾਰਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਪਿਛਲੇ ਦਿਨੀਂ ਮੋਟਰਾਂ ਲਈ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਕਿਸਾਨਾਂ ਵਲੋਂ ਰੋਸ ਵਜੋਂ ਆਪਣੀਆਂ ਮੋਟਰਾਂ ਦੀਆਂ ਚਾਬੀਆਂ ਪਾਵਰਕਾਮ ਨੂੰ ਸੌਂਪੀਆਂ ਗਈਆਂ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਪਾਵਰਕਾਮ ਨਾਲ ਮੀਟਿੰਗ ਦੌਰਾਨ ਯੂਨੀਅਨ ਵਲੋਂ ਮੰਗ ਕੀਤੀ ਗਈ ਸੀ ਕਿ ਝੋਨੇ ਦੀ ਬਿਜਾਈ ਲਈ 10 ਜੂਨ ਤੋਂ ਬਿਜਲੀ ਦੀ ਸਪਲਾਈ ਰੋਜ਼ਾਨਾ 10 ਘੰਟੇ ਦਿੱਤੀ ਜਾਵੇ। ਜੇਕਰ ਝੋਨੇ ਦੀ ਬਿਜਾਈ ਪੱਛੜ ਕੇ 20 ਜੂਨ ਤੋਂ ਕੀਤੀ ਜਾਂਦੀ ਹੈ ਤਾਂ ਝੋਨੇ ਦੇ ਪੱਕਣ ਸਮੇਂ ਠੰਡ ਹੋਣ ਕਾਰਨ ਹਵਾ 'ਚ ਨਮੀ ਦੀ ਮਾਤਰਾ 22 ਫੀਸਦੀ ਹੋ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਬਿਜਾਈ 10 ਜੂਨ ਤੋਂ ਹੀ ਸ਼ੁਰੂ ਕਰਵਾ ਕੇ ਟਿਊਬਵੈੱਲਾਂ ਲਈ ਲਗਾਤਾਰ 10 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਅਤੇ ਜੇਕਰ ਬਿਜਲੀ ਦੀ ਸਪਲਾਈ ਚਾਲੂ ਨਹੀਂ ਕੀਤੀ ਜਾਂਦੀ ਤਾਂ ਭਾਰਤੀ ਕਿਸਾਨ ਯੂਨੀਅਨ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।


Related News