ਖਰਾਬ ਫਸਲ ਦਾ ਮੁਆਵਜ਼ਾ ਦਿਵਾਉਣ ਲਈ ਘੇਰਿਆ ਡੀ. ਸੀ. ਦਫਤਰ

Tuesday, Mar 20, 2018 - 01:40 PM (IST)

ਖਰਾਬ ਫਸਲ ਦਾ ਮੁਆਵਜ਼ਾ ਦਿਵਾਉਣ ਲਈ ਘੇਰਿਆ ਡੀ. ਸੀ. ਦਫਤਰ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਸੋਮਵਾਰ ਡੀ. ਸੀ. ਦਫਤਰ ਕੰਪਲੈਕਸ 'ਚ ਪਿਛਲੇ ਸਾਲ 3 ਹਜ਼ਾਰ ਏਕੜ 'ਚ ਕੁਦਰਤੀ ਪ੍ਰਕੋਪ ਕਾਰਨ ਤਬਾਹ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸਾਲ ਇਸ ਮੌਸਮ 'ਚ ਪਏ ਤੇਜ਼ ਮੀਂਹ ਅਤੇ ਗੜਿਆਂ ਕਾਰਨ ਕਣਕ ਦੀ ਕਰੀਬ 3 ਹਜ਼ਾਰ ਏਕੜ ਦੀ ਫਸਲ ਤਬਾਹ ਹੋ ਗਈ ਸੀ। ਕਿਸਾਨਾਂ ਵੱਲੋਂ ਕਰੀਬ ਪੂਰਾ ਸਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਮੰਗ ਸਰਕਾਰ ਨੂੰ ਕੀਤੀ ਜਾਂਦੀ ਰਹੀ ਪਰ ਕਿਸੇ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ। ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਸਰਕਾਰ ਵੱਲੋਂ ਮੁਆਵਜ਼ੇ ਦੀ ਰਾਸ਼ੀ ਦੇ ਪੈਸੇ ਜਾਰੀ ਹੋਏ 6 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਤਾਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡੀ ਨਹੀਂ ਗਈ, ਜਿਸ ਕਾਰਨ ਕਿਸਾਨਾਂ 'ਚ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਮੁਆਵਜ਼ਾ ਰਾਸ਼ੀ ਨੂੰ ਛੇਤੀ ਵੰਡਿਆ ਜਾਵੇ, ਨਹੀਂ ਤਾਂ ਕਿਸਾਨ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨਗੇ। ਇਸ ਮੌਕੇ ਗੁਰਮੁੱਖ ਸਿੰਘ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਰਘੁਵੀਰ ਸਿੰਘ, ਰਾਣਾ ਰਾਮਜੀ ਦਾਸ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਚਾਹਲ, ਦਲਵਾਰਾ ਸਿੰਘ, ਲਾਲ ਸਿੰਘ, ਕਰਮ ਸਿੰਘ ਸਜਾਵਲਪੁਰ, ਜੋਗਾ ਸਿੰਘ, ਸੋਮਨਾਥ ਨਾਈ ਮਜਾਰਾ ਅਤੇ ਰਵੇਲ ਸਿੰਘ ਮੌਜੂਦ ਸਨ।


Related News