ਅਹਿਮ ਖ਼ਬਰ : ਸਿੰਘੂ-ਟਿੱਕਰੀ ਸਰਹੱਦ ਦੀ ਤਰਜ਼ ''ਤੇ ਕਿਸਾਨਾਂ ਨੇ ਕੈਪਟਨ ਦੀ ਰਿਹਾਇਸ਼ ਨੇੜੇ ਲਾਏ ਪੱਕੇ ਡੇਰੇ

03/27/2021 9:26:30 AM

ਪਟਿਆਲਾ (ਬਲਜਿੰਦਰ) : ਦਿੱਲੀ ਬੈਠੇ ਕਿਸਾਨਾਂ ਦੇ ਹੱਕ ’ਚ ਕਿਸਾਨ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੰਘੂ ਅਤੇ ਟਿੱਕਰੀ ਸਰਹੱਦ ਦੀ ਤਰਜ਼ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਕੋਲ ਵਾਈ. ਪੀ. ਐੱਸ. ਚੌਂਕ ਵਿਖੇ ਵੀ ਪੱਕੇ ਡੇਰੇ ਲਾ ਲਏ ਗਏ ਹਨ। ਕਿਸਾਨ ਬੀਤੀ ਰਾਤ ਤੋਂ ਇੱਥੇ ਡਟੇ ਹੋਏ ਹਨ ਅਤੇ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ ਕੀਤਾ ਸੀ। ਕਿਸਾਨਾਂ ਨੇ ਪਹਿਲਾਂ ਭਾਰਤ ਬੰਦ ਸਮਰਥਨ ’ਚ ਰੋਸ ਪ੍ਰਦਰਸ਼ਨ ਕੀਤਾ। ਉਸ ਤੋਂ ਬਾਅਦ ਇੱਥੇ ਪੱਕੇ ਬਾਥਰੂਮ ਬਣਾ ਲਏ ਅਤੇ ਲੰਗਰ ਦਾ ਵੀ ਪੱਕਾ ਪ੍ਰਬੰਧ ਕਰ ਲਿਆ। ਹਾਲਾਂਕਿ ਪ੍ਰਸ਼ਾਸਨ ਦੀ ਰਾਤ ਨੂੰ ਕੋਸ਼ਿਸ਼ ਰਹੀ ਕਿ ਕਿਸਾਨਾਂ ਨੂੰ ਇੱਥੋਂ ਹਟਾ ਦਿੱਤਾ ਜਾਵੇ ਪਰ ਕਿਸਾਨ ਨਹੀਂ ਮੰਨੇ।

ਇਹ ਵੀ ਪੜ੍ਹੋ : ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਦੁਬਾਰਾ ਰੈਲੀਆਂ ਸ਼ੁਰੂ ਕਰੇਗਾ 'ਅਕਾਲੀ ਦਲ'

PunjabKesari

ਇੱਥੇ ਕਿਸਾਨ ਆਗੂਆਂ ਜਗਜੀਤ ਸਿੰਘ ਗਲੋਲੀ ਮੋਗਾ, ਸੁਖਦੇਵ ਸਿੰਘ ਢਿੱਲੋਂ, ਰਮਨਦੀਪ ਸਿੰਘ, ਜਸਵਿੰਦਰ ਸਿੰਘ ਖਜ਼ਾਨਚੀ, ਹਰਮਨਪ੍ਰੀਤ ਡਿੱਕੀ ਜੇਜੀ, ਬਿੱਕਰਜੀਤ ਸਿੰਘ, ਜਗਜੀਤ ਸਿੰਘ ਗਲੌਲੀ, ਜਗਜੀਤ ਸਿੰਘ ਜਲੰਧਰ ਆਦਿ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੀਆਂ ਜਾਇਜ਼ ਮੰਗਾਂ ਬਾਰੇ ਵੀ ਪ੍ਰਸ਼ਾਸਨ ਵੱਲੋਂ ਕੋਈ ਸਕਾਰਤਾਮਕ ਰਵੱਈਆ ਨਹੀਂ ਅਪਣਾਇਆ ਜਾ ਰਿਹਾ, ਜਿਸ ਕਾਰਣ ਉਨ੍ਹਾਂ ਨੂੰ ਇਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਿਆ ਹੈ। ਹੁਣ ਆਪਣੀਆਂ ਮੰਗਾਂ ਮੰਨਵਾ ਕੇ ਹੀ ਉਹ ਇੱਥੋਂ ਜਾਣਗੇ। ਦੱਸਣਯੋਗ ਹੈ ਕਿ ਪਹਿਲਾਂ ਬੁੱਧਵਾਰ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਨੇ ਪਸਿਆਣਾ ਕੋਲ ਪਟਿਆਲਾ ਹਾਈਵੇਅ ਜਾਮ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਵਿਰਾਸਤ-ਏ-ਖ਼ਾਲਸਾ' ਸਮੇਤ 'ਅਜਾਇਬ ਘਰ' ਇਸ ਤਾਰੀਖ਼ ਤੱਕ ਰਹਿਣਗੇ ਬੰਦ

ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਕੈਪਟਨ ਸਰਕਾਰ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਕਰੇ ਅਤੇ ਉਨ੍ਹਾਂ ਨਾਲ ਮੀਟਿੰਗ ਕਰੇ। ਇੱਥੇ ਕਿਸਾਨਾਂ ਨੇ 5 ਦਿਨਾਂ ਤੱਕ ਪਟਿਆਲਾ ਹਾਈਵੇਅ ’ਤੇ ਧਰਨਾ ਲਾਉਣ ਦਾ ਐਲਾਨ ਕੀਤਾ ਸੀ। ਵੀਰਵਾਰ ਨੂੰ ਜਦੋਂ ਕਿਸਾਨ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਨ ਲਈ ਪਹੁੰਚੇ ਤਾਂ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਨਾਰਾਜ਼ਗੀ ਦਿਖਾਈ ਅਤੇ ਨਿਊ ਮੋਤੀ ਮਹਿਲ ਵੱਲ ਕੂਚ ਕਰ ਦਿੱਤਾ। ਇੱਥੇ ਪੁਲਸ ਨੇ ਉਨ੍ਹਾਂ ਨੂੰ ਵਾਈ. ਪੀ. ਐੱਸ. ਚੌਂਕ ਵਿਖੇ ਰੋਕ ਦਿੱਤਾ। ਕਿਸਾਨਾਂ ਨੇ ਵੀਰਵਾਰ ਦੀ ਰਾਤ ਤੋਂ ਉੱਥੇ ਹੀ ਡੇਰੇ ਲਾ ਲਏ ਅਤੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆ ਜਾਂਦੀਆਂ, ਉਦੋਂ ਤੱਕ ਇਕ ਪੱਕਾ ਮੋਰਚਾ ਜਾਰੀ ਰਹੇਗਾ।
ਨੋਟ : ਕਿਸਾਨਾਂ ਵੱਲੋਂ ਕੈਪਟਨ ਦੀ ਰਿਹਾਇਸ਼ ਨੇੜੇ ਲਾਏ ਪੱਕੇ ਡੇਰੇ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਲਿਖੋ
 


Babita

Content Editor

Related News