ਨਾਭਾ ''ਚ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਫੂਕਿਆ ਮੋਦੀ ਦਾ ਪੁਤਲਾ
Saturday, Oct 17, 2020 - 04:55 PM (IST)
ਨਾਭਾ (ਜੈਨ) : ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾਈ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਦੀ ਅਗਵਾਈ ਹੇਠ ਨਵੀਂ ਅਨਾਜ ਮੰਡੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਘੁੰਮਦ ਸਿੰਘ ਰਾਜਗੜ੍ਹ, ਅਵਤਾਰ ਸਿੰਘ ਪੇਧਨ, ਗੁਰਮੀਤ ਸਿੰਘ ਕੋਟ, ਹਰਦੀਪ ਸਿੰਘ, ਜਗਜੀਤ ਸਿੰਘ, ਗੁਰਦੇਵ ਸਿੰਘ ਤੇ ਦਰਸ਼ਨ ਸਿੰਘ ਆਦਿ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਬਰਬਾਦ ਕਰ ਰਹੇ ਹਨ।
ਇਕ ਪਾਸੇ ਕਿਸਾਨਾਂ ਨੂੰ ਸੱਦ ਕੇ ਦਿੱਲੀ 'ਚ ਜ਼ਲੀਲ ਕਰਨ ਦੀ ਸਾਜਿਸ਼ ਰਚੀ ਗਈ, ਦੂਜੇ ਪਾਸੇ ਵੱਡੇ-ਵੱਡੇ ਕਾਰਪੋਰੇਟ ਅਦਾਰਿਆਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਲੁੱਟ-ਖਸੁੱਟ ਕੀਤੀ ਜਾਵੇ। ਦਿੱਲੀ 'ਚ ਕਿਸਾਨਾਂ ਨਾਲ ਮੀਟਿੰਗ ਸਮੇਂ ਖੇਤੀਬਾੜੀ ਮੰਤਰੀ ਦਾ ਹੋਣਾ ਜ਼ਰੂਰੀ ਸੀ। ਰੇਲਵੇ ਲਾਈਨਾਂ ’ਤੇ ਹੁਣ ਧਰਨੇ ਤੇਜ਼ ਕੀਤੇ ਜਾਣਗੇ। ਰਿਲਾਇੰਸ ਪੰਪਾਂ, ਮਾਲ ਤੇ ਟੋਲ ਪਲਾਜ਼ਾ ਕੇਂਦਰਾਂ ’ਤੇ ਵੀ ਧਰਨੇ ਜਾਰੀ ਰਹਿਣਗੇ। ਨੇਕ ਸਿੰਘ ਖੋਖ ਨੇ ਕਿਹਾ ਕਿ ਸਾਡੇ ਪਰਿਵਾਰਕ ਮੈਂਬਰ ਵੀ ਅੰਦੋਲਨ 'ਚ ਹਿੱਸਾ ਲੈ ਰਹੇ ਹਨ।
ਅਸੀਂ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਾਂ। ਨਰਿੰਦਰ ਮੋਦੀ ਕਿਸਾਨ ਵਿਰੋਧੀ ਦਾ ਨਾਅਰਾ ਲਾ ਕੇ ਮੋਦੀ ਦਾ ਸਿਆਪਾ ਕੀਤਾ ਗਿਆ। ਹੁਣ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਵੀ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ।