''ਰਿਲਾਇੰਸ ਪੈਟਰੋਲ ਪੰਪ'' ਅੱਗੇ ਕਿਸਾਨਾਂ ਲਾਇਆ ਪੱਕਾ ਧਰਨਾ, ਕੇਂਦਰ ਨੂੰ ਦਿੱਤੀ ਵੱਡੀ ਚਿਤਾਵਨੀ
Thursday, Oct 15, 2020 - 12:31 PM (IST)
ਮਾਛੀਵਾੜਾ ਸਾਹਿਬ (ਟੱਕਰ) : ਕਿਸਾਨ ਜੱਥੇਬੰਦੀਆਂ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਹ ਵੱਧਦਾ ਜਾ ਰਿਹਾ ਹੈ ਅਤੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਭਾਰੀ ਗਿਣਤੀ ’ਚ ਕਿਸਾਨਾਂ ਨੇ ਮਾਛੀਵਾੜਾ ਨੇੜੇ ਰਿਲਾਇੰਸ ਪੰਪ ਦੇ ਅੱਗੇ ਪੱਕਾ ਧਰਨਾ ਲਗਾ ਦਿੱਤਾ ਹੈ। ਪੈਟਰੋਲ ਪੰਪ 'ਤੇ ਕਿਸੇ ਨੂੰ ਵੀ ਤੇਲ ਪਵਾਉਣ ਲਈ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। 14 ਅਕਤੂਬਰ ਬਾਅਦ ਦੁਪਹਿਰ ਤੋਂ ਕਿਸਾਨਾਂ ਦਾ ਸ਼ੁਰੂ ਹੋਇਆ ਧਰਨਾ ਸਾਰੀ ਰਾਤ ਜਾਰੀ ਰਿਹਾ ਅਤੇ ਕਿਸਾਨ ਦਰੀਆਂ ਵਿਛਾ ਕੇ ਸੜਕ ’ਤੇ ਹੀ ਬੈਠੇ ਰਹੇ।
ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਹਲੂਣਾ ਦੇਣ ਲਈ ਮੋਦੀ ਦੇ ਕਰੀਬੀ ਸਰਮਾਏਦਾਰ ਅੰਬਾਨੀ ਦੇ ਪੈਟਰੋਲ ਪੰਪਾਂ ਅੱਗੇ ਇਹ ਧਰਨਾ ਪੱਕੇ ਤੌਰ ’ਤੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਖੇਤੀਬਾੜੀ ਆਰਡੀਨੈਂਸ ਰੱਦ ਨਹੀਂ ਕਰਦੀ, ਉਦੋਂ ਤੱਕ ਧਰਨੇ ਪੱਕੇ ਤੌਰ ’ਤੇ ਜਾਰੀ ਰਹਿਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਦਿੱਲੀ ਵਿਖੇ ਮੀਟਿੰਗ ਬੁਲਾ ਕੇ ਜੱਥੇਬੰਦੀਆਂ ਦੀ ਗੱਲ ਨਹੀਂ ਸੁਣੀ, ਉਸ ਨਾਲ ਮੋਦੀ ਸਰਕਾਰ ਦਾ ਪੰਜਾਬ ਪ੍ਰਤੀ ਮਾੜਾ ਰਵੱਈਆ ਸਾਹਮਣੇ ਆ ਗਿਆ ਹੈ। ਕਿਸਾਨਾਂ ਨੇ ਵੀ ਹੁਣ ਆਉਣ ਵਾਲੇ ਸਮੇਂ ’ਚ ਸੰਘਰਸ਼ ਤਿੱਖਾ ਕਰਨ ਦਾ ਫ਼ੈਸਲਾ ਲੈ ਲਿਆ ਹੈ।