1 ਅਕਤੂਬਰ ਤੋਂ ਪੰਜਾਬ ’ਚ ਚੱਲ ਰਹੀਆਂ ਰੇਲਾਂ ਕਰਾਂਗੇ ਮੁਕੰਮਲ ਬੰਦ : ਲੱਖੋਵਾਲ
Saturday, Sep 26, 2020 - 07:31 AM (IST)
ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨਾਂ ਦੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਤੇ ਖਪਤਕਾਰ ਮਾਰੂ ਬਿੱਲ ਧੱਕੇ ਨਾਲ ਪਾਸ ਕਰਨ ਵਿਰੁੱਧ ਸਾਰਾ ਪੰਜਾਬ ਬੰਦ ਕੀਤਾ ਗਿਆ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਕੁਹਾੜਾ ਚੌਕ ’ਤੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਆਰਡੀਨੈਂਸ ਲਾਗੂ ਕਰਨ ਲਈ ਅੜੀਅਲ ਵਤੀਰਾ ਅਖਤਿਆਰ ਕੀਤਾ ਹੋਇਆ ਹੈ ਕਿਉਂਕਿ ਮੋਦੀ ਸਰਕਾਰ ਵੱਡੇ ਘਰਾਣਿਆਂ, ਪੂੰਜੀਪਤੀਆਂ ਦੀ ਦਲਾਲ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਡੀਨੈਂਸਾਂ ਰਾਹੀਂ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਡਾਨੀਆਂ, ਅੰਬਾਨੀਆਂ ਵਰਗੇ ਵੱਡੇ ਘਰਾਣਿਆਂ ਨੂੰ ਦੇ ਕੇ ਖੇਤੀਬਾੜੀ ਉਪਰ ਇਨ੍ਹਾਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ, ਜਿਸ ਨਾਲ ਇਨ੍ਹਾਂ ਨੂੰ ਕਿਸਾਨਾਂ ਸਮੇਤ ਆਮ ਜਨਤਾ ਨੂੰ ਲੁੱਟ ਕਰਨ ਦੀ ਖੁੱਲ੍ਹ ਮਿਲ ਜਾਵੇਗੀ।
ਲੱਖੋਵਾਲ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਲਏ ਫ਼ੈਸਲੇ ਅਨੁਸਾਰ 1 ਅਕਤੂਬਰ ਤੋਂ ਪੰਜਾਬ ’ਚ ਚੱਲ ਰਹੀਆਂ ਰੇਲਾਂ ਅਣਮਿੱਥੇ ਸਮੇਂ ਲਈ ਬੰਦ ਕੀਤੀਆਂ ਜਾਣਗੀਆਂ ਅਤੇ 7 ਅਕਤੂਬਰ ਦੀ ਕਿਸਾਨ ਜੱਥੇਬੰਦੀਆਂ ਦੀ ਮੀਟਿੰਗ 'ਚ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਰੋਸ ਪ੍ਰਦਰਸ਼ਨ 'ਚ ਅਵਤਾਰ ਸਿੰਘ ਮੇਹਲੋਂ, ਗੁਰਵਿੰਦਰ ਸਿੰਘ ਕੂੰਮਕਲਾਂ, ਗਰਚਰਨ ਸਿੰਘ ਹਵਾਸ, ਸਰਬਜੀਤ ਸਿੰਘ ਧਨਾਨਸੂ, ਰਘਬੀਰ ਸਿੰਘ ਕੂੰਮਕਲਾਂ, ਗੁਰਪ੍ਰੀਤ ਸਿੰਘ ਸਹਾਬਾਣਾ, ਦਲਜੀਤ ਸਿੰਘ ਸਰਪੰਚ, ਭਜਨ ਸਿੰਘ, ਸੁਖਵੰਤ ਸਿੰਘ ਜੱਸੋਵਾਲ, ਗਿਆਨ ਸਿੰਘ ਮੰਡ ਆਦਿ ਸ਼ਾਮਲ ਹੋਏ।