ਦਿੱਲੀ ਮੋਰਚੇ ਨੂੰ ਲੈ ਕੇ ਜੈਜ਼ੀ ਬੀ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ, ਕਿਹਾ ''ਸਮਾਂ ਕੱਢ ਕੇ ਜ਼ਰੂਰ ਜਾਓ ਦਿੱਲੀ ਧਰਨੇ ''ਚ''

12/25/2020 9:59:07 AM

ਨਵੀਂ ਦਿੱਲੀ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਅੱਜ 30ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਥੇ ਹੀ ਵੱਖ-ਵੱਖ ਗਾਇਕ ਵੀ  ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚ ਰਹੇ ਹਨ। ਹਾਲਾਂਕਿ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਪਹਿਲੇ ਦਿਨ ਤੋਂ ਹੀ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਉਥੇ ਹੀ ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦਿੱਲੀ ਮੋਰਚੇ ਨੂੰ ਲੈ ਕੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ 'ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾਂ ਵੀ ਟਾਈਮ ਮਿਲਦਾ, ਇਕ ਵਾਰ ਕਿਸਾਨ ਪਰੋਟੈਸਟ ਦਿੱਲੀ ਜ਼ਰੂਰ ਜਾ ਕੇ ਆਵੋ। ਜਿਹੜੀ ਫੀਲਿੰਗ ਤੁਹਾਨੂੰ ਉਥੇ ਜਾ ਕੇ ਮਿਲਦੀ ਹੈ, ਉਹ ਕਿਤੇ ਜਾ ਕੇ ਨਹੀਂ ਮਿਲਦੀ। ਉਥੇ ਕੋਈ ਧਰਮ ਨਹੀਂ ਅਤੇ ਨਾ ਹੀ ਕੋਈ ਜਾਤ-ਪਾਤ ਹੈ, ਸਿਰਫ਼ ਇਨਸਾਨੀਅਤ ਨਜ਼ਰ ਆ ਰਹੀ ਹੈ। ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ।'

PunjabKesari

ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਪਹੁੰਚੇ ਸਨ ਜੈਜ਼ੀ ਬੀ
ਦੱਸ ਦਈਏ ਕਿ ਪੰਜਾਬੀ ਗਾਇਕ ਜੈਜ਼ੀ ਬੀ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚੇ ਸਨ। ਜੈਜ਼ੀ ਬੀ ਕਿਸਾਨਾਂ ਦਾ ਹੌਂਸਲਾ ਵਧਾਉਣ ਲਈ ਸਿੱਧਾ ਕੈਨੇਡਾ ਤੋਂ ਦਿੱਲੀ ਸਿੰਘੂ ਬਾਰਡਰ ਪਹੁੰਚੇ ਸਨ। ਜੈਜ਼ੀ ਬੀ ਨੇ ਇਸ ਦੌਰਾਨ ਕਿਹਾ, "ਕਿਸਾਨਾਂ ਦੇ ਇਨ੍ਹਾਂ ਧਰਨਿਆਂ ਦਾ ਪ੍ਰਭਾਵ ਵਿਦੇਸ਼ਾਂ 'ਚ ਵੀ ਹੈ। ਅਸੀਂ ਕੈਨੇਡਾ 'ਚ ਵੀ ਰੋਸ ਮੁਜ਼ਾਹਰੇ ਕੱਢੇ ਸਨ। ਸਾਰੇ ਪੰਜਾਬੀ ਜੋਸ਼ ਨਾਲ ਹੋਸ਼ ਤੋਂ ਵੀ ਕੰਮ ਲੈ ਰਹੇ ਹਨ।"

ਕਿਸਾਨਾਂ ਦੇ ਸਮਰਥਨ ਲਈ ਜੈਜ਼ੀ ਬੀ ਨੇ ਗਾਇਆ 'ਬਗਾਵਤ' ਗੀਤ
ਜੈਜ਼ੀ ਬੀ ਨੇ ਕਿਸਾਨਾਂ ਦੇ ਸਮਰਥਨ ਲਈ ਆਪਣਾ ਗੀਤ 'ਬਗਾਵਤ' ਵੀ ਗਾਇਆ। ਇਸ ਗੀਤ ਨੂੰ ਜੈਜ਼ੀ ਬੀ ਨੇ ਹਾਲ ਹੀ 'ਚ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ 'ਤੇ ਰਿਲੀਜ਼ ਕੀਤਾ ਸੀ। ਗੀਤ ਬਗਾਵਤ ਤੋਂ ਬਾਅਦ ਜੈਜ਼ੀ ਬੀ ਨੇ ਹੁਣ 'ਜ਼ਿੰਮੀਦਾਰ' ਗੀਤ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾਇਆ ਹੈ। ਜੈਜ਼ੀ ਬੀ ਨੇ ਕੈਨੇਡਾ ਵਿੱਚ ਵੀ ਖੇਤੀ ਕਾਨੂੰਨ ਖ਼ਿਲਾਫ਼ ਹੋਏ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਸੋਸ਼ਲ ਮੀਡੀਆ 'ਤੇ ਉਸ ਪ੍ਰਦਰਸ਼ਨ ਦੀ ਇਕ ਝਲਕ ਵੀ ਜੈਜ਼ੀ ਬੀ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।

PunjabKesari

ਬੀਤੇ ਦਿਨ ਗੋਦੀ ਮੀਡੀਆ ਨੂੰ ਪਾਈਆਂ ਸਨ ਲਾਹਨਤਾਂ
ਜੈਜ਼ੀ ਬੀ ਨੇ ਇਕ ਵੀਡੀਓ 'ਤੇ ਰਿਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਲਿਖਿਆ ਸੀ, 'ਪੁੱਤਰ ਕਿਸੇ ਕਿਸਾਨ ਦੇ ਖੇਤਾਂ ਵਿਚ ਵੜਿਆ ਲੱਗਦਾ, ਜੱਟ ਨੇ ਛਿਲਣਾ ਬਹੁਤ ਜੇ ਆਹ ਗਿਆ ਧਰਨੇ ਤੋਂ ਵਾਪਸ। ਨਾਲ ਹੀ ਜੈਜ਼ੀ ਬੀ ਨੇ ਗੋਦੀ ਮੀਡੀਆ ਨੂੰ ਟੈਗ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਹ ਫੇਕ ਕਿਸਾਨ ਘੜੀ ਲਾ ਕੇ ਪੱਠੇ ਵੱਡ ਰਿਹਾ ਹੈ। ਨਾਲੇ ਰੀਨ ਕੇ (ਥੋੜੇ ਜਿਹੇ) ਪੱਠੇ ਵੱਡ ਕੇ ਸਾਹ ਚੜਿਆ ਹੋਇਆ। ਭੱਜ ਲਾ ਜੱਟ ਨੇ ਕੁੱਟਣਾ ਬਹੁਤ ਆ ਮੋਦੀ ਦੇ ਚਮਚੇ।'
ਦਰਅਸਲ, ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਸੀ, ਜਿਸ 'ਚ ਇਕ ਨੌਜਵਾਨ ਗੋਦੀ ਮੀਡੀਆ ਦੀ ਹਿਮਾਇਤ ਕਰਦਾ ਨਜ਼ਰ ਆ ਰਿਹਾ ਸੀ। ਇਸ ਵੀਡੀਓ 'ਚ ਨੌਜਵਾਨ ਆਖ ਰਿਹਾ ਸੀ ਕਿ 'ਮੈਂ ਅੱਜ ਬਾਰਡਰ 'ਤੇ ਹਾਂ। ਮੈਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਇਲਾਕਿਆ ਜਾ ਰਿਹਾ ਹੈ। ਇਸ ਦੌਰਾਨ ਮੈਂ ਕਿਸਾਨਾਂ ਤੋਂ ਖੇਤੀ ਕਾਨੂੰਨਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਇਹੀ ਕਿਹਾ ਕਿ ਇਹ ਬਦਲਾਅ ਆਉਣਾ ਜ਼ਰੂਰੀ ਸੀ। ਅਸੀਂ ਮੋਦੀ ਸਰਕਾਰ ਦੇ ਨਾਲ ਹਾਂ।' ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ 'ਬਾਰਡਰ 'ਤੇ ਜਵਾਨ ਨੇ, ਖੇਤਾਂ 'ਚ ਕਿਸਾਨ ਨੇ, ਧਰਨੇ 'ਚ ਉਹੀ ਲੋਕ ਨੇ, ਜੋ ਮੋਦੀ ਤੋਂ ਪ੍ਰੇਸ਼ਾਨ ਨੇ ਅਤੇ ਜਿੰਨ੍ਹਾਂ ਦੇ ਦਿਮਾਗ 'ਚ ਖਾਲੀਸਤਾਨ ਹੈ।' ਕਿਸਾਨ ਧਰਨੇ 'ਚ ਨਹੀਂ ਹਨ, ਉਹ ਤਾਂ ਆਪਣੇ ਖੇਤਾਂ 'ਚ ਫ਼ਸਲਾਂ ਦੀ ਬੀਜਾਈ ਕਰ ਰਹੇ ਹਨ। ਧਰਨੇ 'ਚ ਸਿਰਫ਼ ਸਿਆਸੀ ਪਾਰਟੀਆਂ ਦੇ ਲੋਕ ਹਨ। 

PunjabKesari

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।


ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


sunita

Content Editor

Related News