ਅੰਦੋਲਨ ’ਚ ਪੁੱਜੇ ਗਗਨ ਕੋਕਰੀ ਨੇ ਵੰਡਾਇਆ ਸੇਵਾ ’ਚ ਹੱਥ, ਪਕਾਈਆਂ ਰੋਟੀਆਂ ਤੇ ਵਰਤਾਇਆ ਲੰਗਰ (ਵੀਡੀਓ)
Saturday, Dec 26, 2020 - 11:02 AM (IST)
ਚੰਡੀਗੜ੍ਹ (ਬਿਊਰੋ) - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਨੂੰ ਅੱਜ 31ਵਾਂ ਦਿਨ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਥੇ ਹੀ ਵੱਖ-ਵੱਖ ਗਾਇਕ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚ ਰਹੇ ਹਨ। ਹਾਲਾਂਕਿ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਪਹਿਲੇ ਦਿਨ ਤੋਂ ਹੀ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਉਥੇ ਹੀ ਪੰਜਾਬ ਦੇ ਪ੍ਰਸਿੱਧ ਗਾਇਕ ਗਗਨ ਕੋਕਰੀ ਕਿਸਾਨਾਂ ਦੇ ਸਮਰਥਨ ’ਚ ਦਿੱਲੀ ਅੰਦੋਲਨ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕੜਾਕੇ ਦੀ ਠੰਡ ’ਚ ਸਾਡੀਆਂ ਬਜ਼ਰੁਗ ਮਾਂਵਾਂ ਧਰਨੇ ’ਚ ਬੈਠੀਆਂ ਹੋਈਆਂ ਹਨ। ਗਾਇਕਾ ਪੇਸ਼ਾ ਸਿੱਧਾ ਸਾਡਾ ਕਿਸਾਨੀ ਨਾਲ ਜੁੜਿਆ ਹੋਇਆ ਹੈ। ਮੇਰੇ ਪਿਤਾ ਨੇ ਵੀ ਮੈਨੂੰ ਖੇਤੀ ਕਰਕੇ ਮੈਨੂੰ ਬਾਹਰ ਵਿਦੇਸ਼ ’ਚ ਭੇਜਿਆ ਅਤੇ ਉਥੇ ਪੜਾਇਆ-ਲਿਖਾਇਆ। ਕੇਂਦਰ ਸਰਕਾਰ ਜਿਹੜਾ ਤਰੀਕਾ ਸਾਡੇ ਨਾਲ ਵਰਤ ਰਹੀ ਹੈ, ਉਹ ਗਲਤ ਹੈ। ਸਾਡੇ ਕਿਸਾਨ ਭਰਾ ਪਗਲ ਨਹੀਂ ਹਨ, ਜੋ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ’ਚ ਲੱਗੇ ਹੋਏ ਹਨ। ਇਨ੍ਹਾਂ ਕਾਨੂੰਨਾਂ ਰਾਹੀਂ ਉਹ ਸਾਡੀਆਂ ਜ਼ਮੀਨਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਕੇਂਦਰ ਸਰਕਾਰ ਨੂੰ ਘੇਰੇ ’ਚ ਲੈਂਦਿਆਂ ਗਗਨ ਕੋਕਰੀ ਨੇ ਆਖੀਆਂ ਇਹ ਗੱਲਾਂ
ਕੇਂਦਰ ਸਰਕਾਰ ਨੂੰ ਘੇਰੇ ’ਚ ਲੈਂਦਿਆਂ ਗਗਨ ਕੋਕਰੀ ਨੇ ਕਿਹਾ, ‘ਪਹਿਲਾਂ ਸਰਕਾਰਾਂ ਸਾਡੇ ਵੱਲ ਵੇਖਦੀਆਂ ਨਹੀਂ, ਇਸ ਤੋਂ ਬਾਅਦ ਉਹ ਸਾਡੇ ਵੱਲ ਵੇਖ ਕੇ ਵੀ ਸਾਨੂੰ ਅਣਦੇਖਿਆ ਕਰਦੀਆਂ ਹਨ ਪਰ ਹੁਣ ਸਰਕਾਰ ਨੂੰ ਸਾਡੇ ਹੱਕ ਦੀ ਗੱਲ ਕਰਨੀ ਪਵੇਗੀ।’ ਇਸ ਤੋਂ ਇਲਾਵਾ ਗਗਨ ਕੋਕਰੀ ਨੇ ਕਿਹਾ ਜਿਹੜੇ ਹਿਸਾਬ ਨਾਲ ਸਾਡੇ ਕਿਸਾਨ ਭਰਾ ਅੰਦੋਲਨ ਕਰ ਰਹੇ ਹਨ, ਆਉਣ ਵਾਲੇ ਸਮੇਂ ’ਚ ਹਰਿਆਣਾ-ਪੰਜਾਬ ਸਿੱਖਿਆ ਬੋਰਡ ਦੀਆਂ ਕਿਤਾਬਾਂ ’ਚ ਵੀ ਲਿਖਿਆ ਜਾਵੇਗਾ ਕਿ ਅੰਦੋਲਨ ਕਿਵੇਂ ਕੀਤਾ ਜਾਣਾ ਚਾਹੀਦਾ ਹੈ।
ਇੰਝ ਕੀਤੀ ਸੇਵਾ
ਕਿਸਾਨ ਅੰਦੋਲਨ 'ਚ ਪਹੁੰਚੇ ਗਗਨ ਕੋਕਰੀ ਨੇ ਇਸ ਦੌਰਾਨ ਕਾਫ਼ੀ ਸੇਵਾ ਵੀ ਕੀਤੀ। ਉਨ੍ਹਾਂ ਲੰਗਰ ਵਰਤਾਉਣ ਅਤੇ ਬਣਾਉਣ ਦੀ ਸੇਵਾ ਨਿਭਾਈ। ਇਸ ਦੌਰਾਨ ਦੀਆਂ ਕੁਝ ਵੀਡੀਓਜ਼ ਗਗਨ ਕੋਕਰੀ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਵੀਡੀਓ 'ਚ ਉਹ ਸੇਵਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਗਨ ਕੋਕਰੀ ਨੇ ਸਟੇਜ 'ਤੇ ਬੋਲਦਿਆਂ ਆਪਣੇ ਕਿਸਾਨ ਭਰਾਵਾਂ ਤੇ ਬਜ਼ਰੁਗਾਂ ਦਾ ਹੌਂਸਲਾ ਵੀ ਵਧਾਇਆ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।