ਦੀਪ ਸਿੱਧੂ ਨੇ ਜਾਂਚ ਏਜੰਸੀਆਂ ਤੋਂ ਮੰਗੇ ਸਿਰਫ਼ 2 ਦਿਨ, ਕਿਹਾ ‘ਆਪ ਸਬੂਤ ਲੈ ਕੇ ਹੋਵਾਂਗਾ ਪੇਸ਼’

01/29/2021 9:38:04 AM

ਚੰਡੀਗੜ੍ਹ (ਬਿਊਰੋ) — ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਧਾਰਮਿਕ ਝੰਡਾ ਲਾਏ ਜਾਣ ਤੋਂ ਬਾਅਦ ਅਦਾਕਾਰ ਦੀਪ ਸਿੱਧੂ ਲਗਾਤਾਰ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ। 
ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਆਖਿਆ ਕਿ ਮੈਂ ਜਾਂਚ ਤੋਂ ਭੱਜਾਂਗਾ ਨਹੀਂ। ਇਸ ਦੇ ਨਾਲ ਹੀ ਦੀਪ ਸਿੱਧੂ ਨੇ ਕਿਹਾ ਕਿ ਮੈਂ ਕੁਝ ਗਲ਼ਤ ਨਹੀਂ ਕੀਤਾ ਹੈ, ਇਸ ਲਈ ਮੈਂ ਭੱਜਾਂਗਾ ਨਹੀਂ। ਦਰਅਸਲ, 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਦੇ ਦੋਸ਼ ’ਚ ਸਿੱਧੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਦਿੱਲੀ ਪੁਲਸ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ - ਦੀਪ ਸਿੱਧੂ
ਵੀਡੀਓ ’ਚ ਦੀਪ ਸਿੱਧੂ ਨੇ ਕਿਹਾ ਕਿ ਦਿੱਲੀ ਪੁਲਸ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੈਂ ਦੋ ਦਿਨ ਤੱਕ ਖ਼ੁਦ ਜਾਂਚ ਲਈ ਪਹੁੰਚ ਜਾਵਾਂਗਾ। ਉਨ੍ਹਾਂ ਨੇ 26 ਜਨਵਰੀ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਟਰੈਕਟਰ ਪਰੇਡ ਦੌਰਾਨ ਨੌਜਵਾਨ ਉਸ ਰਸਤੇ ’ਤੇ ਜਾਣ ਲਈ ਰਾਜ਼ੀ ਨਹੀਂ ਸਨ, ਜਿਸ ’ਤੇ ਕਿਸਾਨ ਨੇਤਾਵਾਂ ਅਤੇ ਦਿੱਲੀ ਪੁਲਸ ਸਹਿਮਤ ਹੋਈ ਸੀ। ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਲੋਕ ‘ਖ਼ੁਦ ਹੀ’ ਲਾਲ ਕਿਲ੍ਹੇ ਵੱਲ ਨੂੰ ਨਿਕਲ ਪਏ ਅਤੇ ਕਈ ਲੋਕਾਂ ਨੇ ਉਹ ਰਾਸਤਾ ਨਹੀਂ ਫੜਿ੍ਹਆ, ਜੋ ਕਿਸਾਨ ਨੇਤਾਵਾਂ ਨੇ ਤੈਅ ਕੀਤਾ ਸੀ।

ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।

ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਫ਼ਿਲਮ ‘ਰਮਤਾ ਜੋਗੀ’ ਨਾਲ ਕੀਤੀ ਸੀ। ਸੰਨੀ ਦਿਓਲ ਨੂੰ ਗੁਰਦਾਸਪੁਰ ’ਚ ਜਿਤਾਉਣ ’ਚ ਦੀਪ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਕੱਲ ਵਾਲੇ ਵਿਵਾਦ ਤੋਂ ਬਾਅਦ ਸੰਨੀ ਦਿਓਲ ਨੇ ਮੁੜ ਇਹ ਗੱਲ ਸਾਫ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਸਾਨੂੰ ਕੁਮੈਂਟ ਬਾਕਸ ’ਚ ਜ਼ਰੂਰ ਦਿਓ। 


sunita

Content Editor

Related News