ਬਾਦਲਾਂ ਨੇ ਪਹਿਲਾਂ ਗਾਏ ਖੇਤੀ ਕਾਨੂੰਨਾਂ ਦੇ ਸੋਹਲੇ, ਹੁਣ ਸੰਘਰਸ਼ ਨੂੰ ਹਾਈਜੈਕ ਕਰਨ ਦੀਆਂ ਤਿਆਰੀਆਂ : ਫਿਲੌਰ
Wednesday, Jan 20, 2021 - 01:38 PM (IST)
ਗੁਰਾਇਆ (ਮੁਨੀਸ਼) - 26 ਜਨਵਰੀ ਨੂੰ ਹੋਣ ਵਾਲੀ ਕਿਸਾਨ ਪਰੇਡ ਵਿਚ ਕਿਸਾਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਕਿ ਕਿਸਾਨ ਬਾਦਲਾਂ ਦੀਆਂ ਸਾਜ਼ਿਸਾਂ ਨੂੰ ਕਾਮਯਾਬ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਪਹਿਲਾਂ ਬਾਦਲ ਪਰਿਵਾਰ ਕਾਨੂੰਨਾਂ ਦੇ ਸੋਹਲੇ ਗਾਉਂਦਾ ਰਿਹਾ ਤੇ ਹੁਣ ਸੰਘਰਸ਼ ਨੂੰ ਹਾਈਜੈਕ ਕਰਨ ਲਈ ਗੁਪਤ ਮੀਟਿੰਗਾਂ ਕਰਦਾ ਫਿਰਦਾ ਹੈ। ਫਿਲੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਵਲੋਂ 26 ਨੂੰ ਦਿੱਲੀ ਵਿਖੇ ਹੋਣ ਵਾਲੀ ਕਿਸਾਨ ਪਰੇਡ ਵਿਚ ਸ਼ਾਮਲ ਹੋ ਕੇ ਕਿਸਾਨੀ ਸੰਘਰਸ਼ ਨੂੰ ਹਾਈਜੈਕ ਕਰਨ ਦੀਆਂ ਨੀਤੀਆਂ ਨੂੰ ਕਿਸਾਨ ਕਿਸੇ ਵੀ ਹਾਲਤ ਵਿਚ ਨਾ ਪੂਰਾ ਹੋਣ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਬਾਦਲਾਂ ਦਾ ਇਕ ਨਵਾਂ ਘੜਿਆ-ਘੜਾਇਆ ਏਜੰਡਾ ਹੈ। ਇਸ ਤੋਂ ਹਰ ਕਿਸਾਨ ਵੀਰ ਸੁਚੇਤ ਰਹੇ।
ਫਿਲੌਰ ਨੇ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਪੂਰੇ ਸਿਖਰ ਉੱਤੇ ਪਹੁੰਚ ਚੁੱਕਾ ਹੈ ਪਰ ਬਾਦਲਾਂ ਵਲੋਂ 26 ਨੂੰ ਆਪਣੀਆਂ ਚਾਲਾਂ ਨਾਲ ਸੰਘਰਸ਼ ਵਿਚ ਸ਼ਾਮਲ ਹੋਵੇਗਾ ਤੇ ਕਿਸਾਨੀ ਸੰਘਰਸ਼ ਨੂੰ ਹਾਈਜੈਕ ਕਰਨ ਦੀ ਪੂਰੀਆਂ ਕੋਸ਼ਿਸ਼ਾਂ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਤਾਂ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਵਿਚ ਕੋਈ ਵੀ ਆ ਸਕਦਾ ਹੈ ਪਰ ਉਹ ਕਿਸੇ ਪਾਰਟੀ ਦੇ ਝੰਡੇ ਥੱਲੇ ਨਾ ਆਵੇ ਤੇ ਨਾ ਹੀ ਕੋਈ ਆਪਣੀ ਰਣਨੀਤੀ ਤੈਅ ਕਰਕੇ ਆਵੇ, ਜਿਸ ਨਾਲ ਕਿਸਾਨੀ ਸੰਘਰਸ਼ ਨੂੰ ਕੋਈ ਵੀ ਨੁਕਸਾਨ ਹੋਵੇ। ਜਦਕਿ ਬਾਦਲਾਂ ਨੇ ਤਾਂ ਆਪਣੀਆਂ ਪੂਰੀਆਂ ਟੀਮਾਂ ਤਿਆਰ ਕਰ ਲਈਆਂ ਹਨ ਕਿ ਕਿਵੇਂ ਕਿਸਾਨੀ ਸੰਘਰਸ਼ ਵਿਚ 26 ਤਰੀਕ ਨੂੰ ਵੜ ਕੇ ਉੱਥੇ ਆਪਣੇ ਕੈਂਪ ਲਾ ਕੇ ਆਪਣੀਆਂ ਚਾਲਾਂ ਖੇਡ ਕੇ ਕਿਸਾਨ ਸੰਘਰਸ਼ ਨੂੰ ਹਾਈਜੈਕ ਕਰਨਾ ਹੈ।
ਉਨ੍ਹਾਂ ਨੇ ਨਾਲ ਹੀ ਦੱਸਿਆ ਕਿ ਫਿਲੌਰ ਹਲਕੇ ਦੇ ਬੇ-ਜ਼ਮੀਨੇ ਮਜ਼ਦੂਰ ਵਰਗ ਵਿਚੋਂ ਕਿਸਾਨੀ ਸੰਘਰਸ਼ ਲਈ ਸ਼ਹਾਦਤ ਦੇ ਗਏ ਕਿਸਾਨ ਗਰੀਬ ਦਾਸ ਦੇ ਪਰਿਵਾਰ ਦੀ ਸਹਾਇਤਾ ਲਈ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਿੱਠੀ ਵਿਚ ਪਰਿਵਾਰ ਲਈ ਮੁਆਵਜ਼ੇ ਤੇ ਬਣਦੀ ਨੌਕਰੀ ਦੀ ਮੰਗ ਕੀਤੀ ਹੈ।